ਤ੍ਰਿਪਤ ਬਾਜਵਾ ਨੇ ਬਟਾਲਾ ਮੰਡੀ ਦੇ 6.70 ਕਰੋੜ ਰੁਪਏ ਦੀ ਲਾਗਤ ਵਾਲੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

2 ਮਹੀਨੇ ਵਿਚ ਮੁਕੰਮਲ ਕੀਤੇ ਜਾਣਗੇ ਵਿਕਾਸ ਕਾਰਜ

Tript Rajinder Bajwa

ਬਟਾਲਾ : ਜ਼ਿਲ੍ਹਾ ਗੁਰਦਾਸਪੁਰ ਦੀ ਸਭ ਤੋਂ ਵੱਡੀ ਬਟਾਲਾ ਦਾਣਾ ਮੰਡੀ ਦੇ ਵਿਕਾਸ ਕਾਰਜਾਂ ਅਤੇ ਸਾਰੀਆਂ ਸਹੂਲਤਾਂ ਦੇਣ ਲਈ ਸੂਬਾ ਸਰਕਾਰ ਨੇ 6 ਕਰੋੜ 70 ਲੱਖ ਰੁਪਏ ਜਾਰੀ ਕੀਤੇ ਹਨ, ਜਿਸ ਤਹਿਤ ਇਨ੍ਹਾਂ ਵਿਕਾਸ ਕਾਰਜਾਂ ਦੀ ਸ਼ੁਰੂਆਤ ਸੂਬੇ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕੀਤੀ। ਅੱਜ ਬਟਾਲਾ ਮੰਡੀ ਦੇ ਨਵੇਂ ਫੜ੍ਹਾਂ, ਸ਼ੈਡਾਂ, ਪਾਰਕਿੰਗ, ਸੀਵਰੇਜ ਤੇ ਜਲ ਸਪਲਾਈ ਅਤੇ ਇਲੈਕਟ੍ਰੀਕਲ ਵਿਕਾਸ ਕਾਰਜਾਂ ਦਾ ਸ਼ੁਭ ਆਰੰਭ ਕਰਦਿਆਂ ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਬਟਾਲਾ ਮੰਡੀ ਦੀ ਹਾਲਤ ਸੁਧਾਰ ਲਈ ਇਹ ਵਿਕਾਸ ਪ੍ਰਾਜੈਕਟ ਮਨਜ਼ੂਰ ਕੀਤੇ ਗਏ ਸਨ। 

ਬਾਜਵਾ ਨੇ ਕਿਹਾ ਕਿ ਬਟਾਲਾ ਮੰਡੀ ਤੋਂ ਇਲਾਵਾ ਕਾਲਾ ਅਫ਼ਗਾਨਾ, ਹਰਦਰਵਾਲ, ਫਤਿਹਗੜ੍ਹ ਚੂੜੀਆਂ ਦੀਆਂ ਮੰਡੀਆਂ ਵਿਚ ਵਿਕਾਸ ਕਾਰਜ ਸ਼ੁਰੂ ਕੀਤੇ ਜਾ ਰਹੇ ਹਨ।ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਬਟਾਲਾ ਮੰਡੀ ਵਿਚ 4.48 ਕਰੋੜ ਰੁਪਏ ਦੀ ਲਾਗਤ ਨਾਲ ਸਿਵਲ ਵਰਕ ਕੀਤੇ ਜਾਣਗੇ ਜਿਨ੍ਹਾਂ ਵਿਚ ਦਾਣਾ ਮੰਡੀ ਦੀ ਪਾਰਕਿੰਗ ਦੀ ਉਸਾਰੀ ਉੱਪਰ 1.13 ਕਰੋੜ ਰੁਪਏ, ਦਾਣਾ ਮੰਡੀ ਵਿਚ ਬਣੇ ਕਵਰ ਸ਼ੈਡਾਂ ਦੀ ਰਿਪੇਅਰ ਉੱਪਰ 1 ਕਰੋੜ ਰੁਪਏ, ਦਾਣਾ ਮੰਡੀ ਦੀਆਂ ਅੰਦਰੂਨੀ ਸੜਕਾਂ ਅਤੇ ਪਿੰਡ ਖਤੀਬ ਤੱਕ ਦੀ ਸੜਕ ਦੀ ਮੁਰੰਮਤ ਉੱਪਰ 1.48 ਕਰੋੜ ਰੁਪਏ ਅਤੇ ਦਾਣਾ ਮੰਡੀ ਵਿੱਚ ਸਬਜ਼ੀ ਮੰਡੀ ਫੜ੍ਹ ਅਤੇ ਦਾਣਾ ਮੰਡੀ ਦੇ ਫੜ੍ਹ ਉੱਪਰ ਸੀਮੈਂਟ ਕੰਕਰੀਟ ਪਾਉਣ ਉੱਪਰ ਕਰੀਬ 84 ਲੱਖ ਰੁਪਏ ਖਰਚ ਕੀਤੇ ਜਾਣਗੇ।

ਬਾਜਵਾ ਨੇ ਦੱਸਿਆ ਕਿ ਬਟਾਲਾ ਦਾਣਾ ਮੰਡੀ ਵਿਚ ਨਵਾਂ ਸੀਵਰੇਜ ਪਾਉਣ ਅਤੇ ਜਲ ਸਪਲਾਈ ਦੀ ਸਹੂਲਤ ਦੇਣ ਲਈ 74.23 ਲੱਖ ਰੁਪਏ ਖਰਚ ਕੀਤੇ ਜਾਣਗੇ। ਇਸਦੇ ਨਾਲ ਹੀ ਮੰਡੀ ਵਿਚ ਨਵੀਆਂ ਲਾਈਟਾਂ ਲਗਾਉਣ ਅਤੇ ਬਿਜਲੀ ਸਪਲਾਈ ਦੇ ਹੋਰ ਕਾਰਜਾਂ ਉੱਪਰ 1.57 ਕਰੋੜ ਰੁਪਏ ਖਰਚੇ ਜਾਣਗੇ। ਉਨ੍ਹਾਂ ਕਿਹਾ ਕਿ ਇਹ ਸਾਰੇ ਕੰਮ ਬੜੀ ਤੇਜ਼ੀ ਨਾਲ ਨੇਪਰੇ ਚਾੜੇ ਜਾਣਗੇ ਅਤੇ ਝੋਨੇ ਦੀ ਫਸਲ ਮੰਡੀ ਵਿਚ ਆਉਣ ਤੋਂ ਪਹਿਲਾਂ ਇਹ ਕੰਮ ਮੁਕੰਮਲ ਕਰ ਲਏ ਜਾਣਗੇ।

ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸੂਬੇ ਵਿਚ ਤਰੱਕੀ ਦੀ ਇੱਕ ਨਵੀਂ ਲਹਿਰ ਸ਼ੁਰੂ ਹੋਈ ਹੈ। ਬਟਾਲਾ ਮੰਡੀ, ਜੋ ਕਿ ਸੂਬੇ ਦੀਆਂ ਵੱਡੀਆਂ ਮੰਡੀਆਂ ਵਿਚ ਇਕ ਹੈ ਅਤੇ ਇਸ ਮੰਡੀ ਵਿਚ ਇਨ੍ਹਾਂ ਵਿਕਾਸ ਕਾਰਜਾਂ ਦੀ ਬਦੌਲਤ ਕਿਸਾਨਾਂ ਨੂੰ ਵੱਡੀ ਸਹੂਲਤ ਮਿਲੇਗੀ। ਉਨ੍ਹਾਂ ਨਾਲ ਹੀ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਵਿਕਾਸ ਕਾਰਜਾਂ ਦੀ ਗੁਣਵਤਾ ਨਾਲ ਕੋਈ ਸਮਝੌਤਾ ਨਾ ਕੀਤਾ ਜਾਵੇ ਅਤੇ ਪੂਰੀ ਇਮਾਨਦਾਰੀ ਨਾਲ ਤਹਿ ਸਮੇਂ ਅੰਦਰ ਵਿਕਾਸ ਕਾਰਜ ਨੇਪਰੇ ਚਾੜ੍ਹੇ ਜਾਣ।