ਤ੍ਰਿਪਤ ਬਾਜਵਾ ਵਲੋਂ 15 ਦਿਨਾਂ ’ਚ ਸੂਬੇ ਦੇ ਸਾਰੇ ਛੱਪੜਾਂ ਦੀ ਸਫ਼ਾਈ ਕਰਨ ਦੇ ਆਦੇਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਸ ਮੁਹਿੰਮ ਨੂੰ ਕਾਰ ਸੇਵਾ ਦੇ ਜਜ਼ਬੇ ਰਾਹੀਂ ਸਿਰੇ ਚੜਾਇਆ ਜਾਵੇਗਾ-ਕਾਹਨ ਸਿੰਘ ਪੰਨੂੰ

Tripat Rajinder Singh Bajwa

ਚੰਡੀਗੜ੍ਹ: ਪੰਜਾਬ ਦੇ ਪੇਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ ਵਿਭਾਗ ਦੇ ਸਾਰੇ ਫੀਲਡ ਅਧਿਕਾਰੀਆਂ ਨੂੰ ਨਿਰਦੇਸ਼ ਦਿਤੇ ਹਨ ਕਿ ਅਗਲੇ 15 ਦਿਨਾਂ ਦੇ ਅੰਦਰ ਅੰਦਰ ਸੂਬੇ ਦੇ ਸਾਰੇ ਪਿੰਡਾ ਦੇ ਛੱਪੜਾਂ ਦੀ ਸਫ਼ਾਈ ਦਾ ਕਾਰਜ ਨੇਪਰੇ ਚੜਾਉਣ ਲਈ ਜੰਗੀ ਪੱਧਰ ਉਤੇ ਮੁਹਿੰਮ ਵਿੱਢੀ ਜਾਵੇ। ਸ਼੍ਰੀ ਬਾਜਵਾ ਨੇ ਅੱਜ ਵੀਡਿਓ ਕਾਨਫਰੰਸ ਰਾਹੀਂ ਵਿਭਾਗ ਦੇ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਛੱਪੜਾਂ ਦੀ ਸਫਾਈ ਦੀ ਇਹ ਮੁਹਿੰਮ ‘ਪੰਜਾਬ ਤੰਦਰੁਸਤ ਮਿਸ਼ਨ’ ਤਹਿਤ ਸਿਰੇ ਚੜਾਉਣ ਦੇ ਆਦੇਸ਼ ਦਿਤੇ ਹਨ।

ਪੰਚਾਇਤ ਮੰਤਰੀ ਨੇ ਕਿਹਾ ਕਿ ਪਿੰਡਾਂ ਦੇ ਛੱਪੜ ਜਿੱਥੇ ਪਾਣੀ ਦੀਆਂ ਕਈ ਲੋੜਾਂ ਪੂਰੀਆਂ ਕਰਦੇ ਹਨ ਉੱਥੇ ਇਹ ਛੱਪੜ ਮੀਂਹ ਦਾ ਪਾਣੀ ਇਕੱਠਾ ਕਰਕੇ ਧਰਤੀ ਹੇਠਲੇ ਪਾਣੀ ਦਾ ਪੱਧਰ ਉੱਚਾ ਚੁੱਕਣ ਵਿਚ ਸਹਾਈ ਹੋ ਸਕਦੇ ਹਨ। ਉਹਨਾਂ ਕਿਹਾ ਕਿ ਇਸ ਮੁਹਿੰਮ ਤਹਿਤ ਹਰ ਪਿੰਡ ਦੇ ਛੱਪੜ ਨੂੰ ਪਹਿਲਾਂ ਖ਼ਾਲੀ ਕੀਤਾ ਜਾਵੇਗਾ ਅਤੇ ਫਿਰ ਉਸ ਵਿਚੋਂ ਗਾਰ ਕੱਢ ਕੇ ਇਸ ਦੀ ਸਫ਼ਾਈ ਕੀਤੀ ਜਾਵੇਗੀ। ਸ਼੍ਰੀ ਬਾਜਵਾ ਨੇ ਕਿਹਾ ਕਿ ਇਸ ਕਾਰਜ ਨੂੰ ਨੇਪੜੇ ਚੜਾਉਣ ਲਈ ਸਿਰਫ਼ ਤੇ ਸਿਰਫ਼ 20 ਦਿਨ ਹੀ ਬਚੇ ਹਨ ਕਿਉਂਕਿ ਇਸ ਤੋਂ ਬਾਅਦ ਜ਼ਮੀਨਾਂ ਵਿਹਲੀਆਂ ਨਹੀਂ ਰਹਿਣੀਆਂ ਅਤੇ  ਬਾਰਸ਼ਾਂ ਸ਼ੁਰੂ ਹੋ ਜਾਣ ਨਾਲ ਛੱਪੜਾ ਦੀ ਪਟਾਈ ਵੀ ਨਹੀਂ ਹੋ ਸਕੇਗੀ।

ਸ਼੍ਰੀ ਬਾਜਵਾ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਅਗਲੇ 15 ਦਿਨਾਂ ਵਿਚ ਉਹ ਛੱਪੜਾਂ ਦੀ ਸਫ਼ਾਈ ਦੇ ਕਾਰਜ ਨੂੰ ਪਹਿਲ ਦੇ ਅਧਾਰ ਉਤੇ ਨੇਪਰੇ ਚਾੜਨ ਅਤੇ ਇਹ ਕਾਰਜ ਕੱਲ੍ਹ ਤੋਂ ਹੀ ਸ਼ੁਰੂ ਹੋ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਉਹ ਖ਼ੁਦ ਹਰ ਰੋਜ ਸ਼ਾਮ ਨੂੰ ਇਸ ਮੁਹਿੰਮ ਦੀ ਪ੍ਰਗਤੀ ਦੀ ਰਿਪੋਰਟ ਖ਼ੁਦ ਵੇਖਿਆ ਕਰਨਗੇ। ਪੰਚਾਇਤ ਮੰਤਰੀ ਨੇ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਹਰ ਤੀਜੇ ਦਿਨ ਇਸ ਮੁਹਿੰਮ ਤਹਿਤ ਹੋ ਰਹੀ ਪ੍ਰਾਪਤੀ ਦੀ ਖ਼ੁਦ ਨਜ਼ਰਸਾਨੀ ਕਰਿਆ ਕਰਨਗੇ।

ਪੰਚਾਇਤ ਮੰਤਰੀ ਨੇ ਵਿਭਾਗ ਦੇ ਸੰਬੰਧਿਤ ਅਧਿਕਾਰੀਆਂ ਨੂੰ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਇਸ ਮੁਹਿੰਮ ਵਿਚ ਚੰਗੀ ਕਾਰਗੁਜਾਰੀ ਵਿਖਾਉਣ ਵਾਲੇ ਅਧਿਕਾਰੀਆਂ ਨੂੰ ਵਿਭਾਗ ਵਲੋਂ ਥਾਪੜਾ ਦਿਤਾ ਜਾਵੇਗਾ ਜਦੋਂ ਕਿ ਢਿੱਲੀ ਕਾਰਗੁਜ਼ਾਰੀ ਵਿਖਾਉਣ ਵਾਲੇ ਅਧਿਕਾਰੀਆਂ ਦੀ ਜਵਾਬ ਤਲਬੀ ਹੋਵੇਗੀ। ਵਿਭਾਗ ਦੇ ਪ੍ਰਮੁੱਖ ਸਕੱਤਰ ਅਨੁਰਾਗ ਵਰਮਾ ਨੇ ਇਸ ਮੌਕੇ ਸੰਬੋਧਨ ਕਰਦਿਆਂ ਅਧਿਕਾਰੀਆਂ ਨੂੰ ਕਿਹਾ ਕਿ ਕੱਲ੍ਹ ਤੋਂ ਹੀ ਸਬੰਧਤ ਪੰਚਾਇਤਾਂ ਅਤੇ ਸਮਾਜ ਸੇਵੀ ਜਥੇਬੰਦੀਆਂ ਦੀਆਂ ਮੀਟਿੰਗਾਂ ਕਰਕੇ 5 ਜੂਨ ਤੋਂ ਪੂਰੇ ਜੋਰ ਸ਼ੋਰ ਨਾਲ ਇਹ ਮੁਹਿੰਮ ਸ਼ੁਰੂ ਹੋ ਜਾਣੀ ਚਾਹੀਦੀ ਹੈ।

ਉਹਨਾਂ ਕਿਹਾ ਕਿ ਹਰ ਰੋਜ਼ ਸ਼ਾਮ ਤੱਕ ਹਰ ਅਧਿਕਾਰੀ ਹੋ ਰਹੇ ਕੰਮਾਂ ਦੀ ਪ੍ਰਗਤੀ ਰਿਪੋਰਟ ਤਸਵੀਰਾਂ ਸਮੇਤ ਮੁੱਖ ਦਫ਼ਤਰ ਨੂੰ ਭੇਜੇਗਾ। ਪੰਜਾਬ ਤੁੰਦਰੁਸਤ ਮਿਸ਼ਨ ਦੇ ਡਾਇਰੈਕਟਰ ਕਾਹਨ ਸਿੰਘ ਪੰਨੂੰ ਨੇ ਅਧਿਕਾਰੀਆਂ ਨੂੰ ਕਿਹਾ ਕਿ ਛੱਪੜਾਂ ਦੀ ਇਹ ਮੁਹਿੰਮ ਤਾਂ ਹੀ ਕਾਮਯਾਬ ਹੋਵੇਗੀ ਜੇ ਹਰ ਅਧਿਕਾਰੀ ਕਾਰ ਸੇਵਾ ਵਰਗੇ ਜਜ਼ਬੇ ਨਾਲ ਕੰਮ ਕਰੇਗਾ। ਉਹਨਾਂ ਕਿਹਾ ਕਿ ਉਹ ਖੁਦ ਅਗਲੇ 15 ਦਿਨ ਪੰਜਾਬ ਦੇ ਹਰ ਜਿਲ੍ਹੇ ਵਿੱਚ ਜਾ ਕੇ ਇਸ ਮੁਹਿੰਮ ਵਿਚ ਲੱਗੀਆਂ ਪੰਚਾਇਤਾਂ,

ਸਮਾਜਸੇਵੀ ਜਥੇਬੰਦੀਆਂ ਅਤੇ ਅਧਿਕਾਰੀਆਂ ਨੂੰ ਹੱਲਾਸ਼ੇਰੀ ਦੇਣਗੇ ਅਤੇ ਜਿੱਥੇ ਕਿਤੇ ਕੋਈ ਸਮੱਸਿਆ ਹੋਈ ਉਸਨੂੰ ਹੱਲ ਕਰਵਾਉਣਗੇ। ਉਹਨਾਂ ਅਧਿਕਾਰੀਆਂ ਨੂੰ ਭਰੋਸਾ ਦਿਤਾ ਕਿ ਪੰਜਾਬ ਸਰਕਾਰ ਦਾ ਹਰ ਵਿਭਾਗ ਅਤੇ ਜਿਲਾ ਪ੍ਰਸ਼ਾਸ਼ਨ ਇਸ ਮੁਹਿੰਮ ਵਿਚ ਉਹਨਾਂ ਦਾ ਪੂਰਾ ਸਾਥ ਦੇਵੇਗਾ।