ਕਿਵੇਂ ਕਰੀਏ ਸਰੋਂ ਦੀ ਸਫਲ ਕਾਸ਼ਤ

ਏਜੰਸੀ

ਖੇਤੀਬਾੜੀ, ਕਿਸਾਨੀ ਮੁੱਦੇ

ਹਾੜੀ ਦੀਆਂ ਤੇਲ ਬੀਜ ਫ਼ਸਲਾਂ 'ਚੋ ਸਰੋਂ ਜਾਤੀ ਦੀ ਫ਼ਸਲ 'ਤੋੜੀਆ' ਥੋੜ੍ਹੇ ਸਮੇਂ 'ਚ ਪੱਕਣ ਵਾਲੀ ਮਹੱਤਵਪੂਰਨ ਤੇਲ ਬੀਜ ਫ਼ਸਲ ਹੈ

Mustard Farming

ਹਾੜੀ ਦੀਆਂ ਤੇਲ ਬੀਜ ਫ਼ਸਲਾਂ 'ਚੋ ਸਰੋਂ ਜਾਤੀ ਦੀ ਫ਼ਸਲ 'ਤੋੜੀਆ' ਥੋੜ੍ਹੇ ਸਮੇਂ 'ਚ ਪੱਕਣ ਵਾਲੀ ਮਹੱਤਵਪੂਰਨ ਤੇਲ ਬੀਜ ਫ਼ਸਲ ਹੈ। ਸੇਂਜੂ ਇਲਾਕਿਆਂ 'ਚ ਬੀਜੀ ਜਾਣ ਵਾਲੀ ਇਹ ਫ਼ਸਲ ਚੰਗੇ ਜਲ ਨਿਕਾਸ ਵਾਲੀਆਂ ਮੈਰਾ ਤੇ ਦਰਮਿਆਨਿਆਂ ਜ਼ਮੀਨਾਂ 'ਚ ਵਧੀਆ ਹੁੰਦੀ ਹੈ।

ਉੱਨਤ ਕਿਸਮਾਂ:- ਟੀਐੱਲ-17- ਇਸ ਦਾ ਔਸਤ ਝਾੜ 5.20 ਕੁਇੰਟਲ ਪ੍ਰਤੀ ਏਕੜ ਹੈ। ਇਸ ਉੱਪਰ ਵਧੇਰੇ ਫਲੀਆਂ ਲਗਦੀਆਂ ਹਨ। ਇਹ ਕਿਸਮ ਪੱਕਣ ਲਈ 90 ਦਿਨ ਦਾ ਸਮਾਂ ਲੈਂਦੀ ਹੈ ਅਤੇ ਇਸ ਵਿਚ ਤੇਲ ਦੀ ਮਾਤਰਾ 42 ਫ਼ੀਸਦੀ ਹੁੰਦੀ ਹੈ।

ਟੀਐੱਲ-15- ਇਸ ਦਾ ਔਸਤ ਝਾੜ 4.50 ਕੁਇੰਟਲ ਪ੍ਰਤੀ ਏਕੜ ਹੈ। ਇਹ ਪੱਖਣ ਕਈ 88 ਦਿਨ ਦਾ ਸਮਾਂ ਲੈਂਦੀ ਹੈ ਅਤੇ ਇਸ ਵਿਚ ਤੇਲ ਦੀ ਮਾਤਰਾ 41 ਫ਼ੀਸਦੀ ਹੁੰਦੀ ਹੈ। ਇਹ ਕਿਸਮ ਤੋੜੀਆ-ਕਣਕ ਦੇ ਫ਼ਸਲੀ ਚੱਕਰ ਲਈ ਬੇਹੱਦ ਢੁੱਕਵੀਂ ਹੈ।

ਆਮਤੌਰ 'ਤੇ ਤੇਲ ਬੀਜ ਫ਼ਸਲਾਂ ਦੀ ਬਿਜਾਈ ਵਾਸਤੇ ਮਾੜੇ ਖੇਤਾਂ ਦੀ ਚੋਣ ਕੀਤੀ ਜਾਂਦੀ ਹੈ ਤੇ ਤੇਲ ਬੀਜ ਫ਼ਸਲਾਂ ਨੂੰ ਅਹਿਮੀਅਤ ਵੀ ਘੱਟ ਦਿੱਤੀ ਜਾਂਦੀ ਹੈ। ਇਸ ਲਈ ਇਨ੍ਹਾਂ ਫ਼ਸਲਾਂ ਨੂੰ ਕੀੜਿਆਂ ਤੇ ਬਿਮਾਰੀਆਂ ਦੀ ਮਾਰ ਝੱਲਣੀ ਪੈਂਦੀ ਹੈ, ਨਤੀਜੇ ਵਜੋਂ ਉਪਜ ਘਟ ਜਾਂਦੀ ਹੈ।

ਬੀਜ ਦੀ ਮਾਤਰਾ- ਪ੍ਰਤੀ ਏਕੜ 1.50 ਕਿੱਲੋ ਬੀਜ ਵਰਤੋ। ਬਿਜਾਈ ਡਰਿਲ ਜਾਂ ਪੋਰੇ ਨਾਲ 30 ਸੈਂਟੀਮੀਟਰ ਵਿੱਥ ਵਾਲੀਆਂ ਕਤਾਰਾਂ 'ਚ 4-5 ਸੈਂਟੀਮੀਟਰ ਡੂੰਘੀ ਕਰੋ। ਬੂਟਿਆਂ 'ਚ 10-15 ਸੈਮੀ. ਫ਼ਾਸਲਾ ਰੱਖੋ।

ਖਾਦਾਂ- ਖਾਦਾਂ ਦੀ ਵਰਤੋਂ ਮਿੱਟੀ ਦੀ ਪਰਖ ਦੇ ਆਧਾਰ 'ਤੇ ਕਰੋ। ਜੇ ਅਜਿਹਾ ਨਾ ਹੋ ਸਕੇ ਤਾਂ ਦਰਮਿਆਨੀਆਂ ਉਪਜਾਊ ਜ਼ਮੀਨਾਂ 'ਚ 55 ਕਿੱਲੋ ਯੂਰੀਆ ਤੇ 50 ਕਿੱਲੋ ਸਿੰਗਲ ਸੁਪਰਫਾਸਫੇਟ ਪ੍ਰਤੀ ਏਕੜ ਬਿਜਾਈ ਸਮੇਂ ਪਾਓ। ਫਾਸਫੋਰਸ ਲਈ ਸਿੰਗਲ ਸੁਪਰਫਾਸਫੇਟ ਖਾਦ ਨੂੰ ਪਹਿਲ ਦਿਉ। ਜੇ ਇਹ ਖਾਦ ਨਾ ਮਿਲੇ ਤਾਂ ਖ਼ਾਸ ਕਰਕੇ ਸਲਫਰ ਤੱਤ ਦੀ ਘਾਟ ਵਾਲੀਆਂ ਜ਼ਮੀਨਾਂ 'ਚ 80 ਕਿੱਲੋ ਜਿਪਸਮ ਜਾਂ 13 ਕਿੱਲੋ ਬੈਂਟੋਨਾਈਟ-ਸਲਫਰ/ਏਕੜ ਵਰਤੋ ਤੇ ਫਾਸਫੋਰਸ ਦੀ ਪੂਰਤੀ ਲਈ 26 ਕਿੱਲੋ ਡੀਏਪੀ ਪ੍ਰਤੀ ਏਕੜ ਪਾਓ।

ਨਦੀਨਾਂ ਦੀ ਰੋਕਥਾਮ- ਬਿਜਾਈ ਤੋਂ 3 ਹਫ਼ਤੇ ਪਿੱਛੋਂ ਤ੍ਰਿਫਾਲੀ ਨਾਲ ਇਕ ਜਾਂ ਦੋ ਗੋਡੀਆਂ ਕਰੋ। ਜੇ ਫ਼ਸਲ ਦੀ ਬਿਜਾਈ ਭਾਰੀ ਰੌਣੀ ਤੋਂ ਬਾਅਦ ਕੀਤੀ ਜਾਵੇ ਤਾਂ ਲੋੜ ਅਨੁਸਾਰ ਫੁੱਲ ਪੈਣ ਸਮੇਂ ਇਕ ਸਿੰਜਾਈ ਕੀਤੀ ਜਾ ਸਕਦੀ ਹੈ।

ਕਟਾਈ ਤੇ ਗਹਾਈ- ਫਲੀਆਂ ਜਦੋਂ ਪੀਲੀਆਂ ਹੋ ਜਾਣ ਤਾਂ ਫ਼ਸਲ ਕੱਟਣ ਲਈ ਤਿਆਰ ਹੈ। ਕੱਟੀ ਹੋਈ ਫ਼ਸਲ ਗਾਹੁਣ ਤੋਂ 7-10 ਦਿਨ ਪਹਿਲਾਂ ਢੇਰ ਬਣਾ ਕੇ ਰੱਖਣੀ ਚਾਹੀਦੀ ਹੈ। ਗਹਾਈ ਲਈ ਕਿੱਲੀਆਂ ਵਾਲਾ ਕਣਕ ਦਾ ਥਰੈਸ਼ਰ ਕੁਝ ਤਬਦੀਲੀਆਂ ਕਰ ਕੇ ਵਰਤਿਆ ਜਾ ਸਕਦਾ ਹੈ।

ਚਿਤਕਬਰੀ ਭੂੰਡੀ- ਇਸ ਭੂੰਡੀ ਦੇ ਸਰੀਰ 'ਤੇ ਕਾਲੇ, ਪੀਲੇ ਤੇ ਸੰਤਰੀ ਟਿਮਕਣੇ ਹੁੰਦੇ ਹਨ। ਇਹ ਉੱਗਦੀ ਫ਼ਸਲ ਦਾ ਸਤੰਬਰ-ਅਕਤੂਬਰ 'ਚ ਤੇ ਪੱਕਦੀ ਫ਼ਸਲ ਦਾ ਮਾਰਚ-ਅਪ੍ਰੈਲ 'ਚ ਬਹੁਤ ਨੁਕਸਾਨ ਕਰਦੀ ਹੈ। ਇਸ ਦੇ ਬੱਚੇ ਤੇ ਜਵਾਨ, ਪੱਤਿਆ ਤੇ ਫਲੀਆਂ ਦਾ ਰਸ ਚੂਸਦੇ ਹਨ ਜਿਸ ਕਾਰਨ ਫਲੀਆਂ ਛੋਟੀਆਂ ਰਹਿ ਜਾਂਦੀਆ ਹਨ ਤੇ ਝਾੜ ਘਟ ਜਾਂਦਾ ਹੈ। ਰੋਕਥਾਮ ਲਈ ਫ਼ਸਲ ਨੂੰ ਪਹਿਲਾ ਪਾਣੀ ਬਿਜਾਈ ਤੋ 3-4 ਹਫ਼ਤੇ ਬਾਅਦ ਲਗਾਉ।

ਸਰੋਂ ਦਾ ਸੁਰੰਗੀ ਕੀੜਾ- ਇਸ ਦੀਆਂ ਸੁੰਡੀਆ ਪੱਤਿਆਂ 'ਚ ਸੁਰੰਗਾਂ ਬਣਾ ਕੇ ਹਰਾ ਮਾਦਾ ਖਾਂਦੀਆਂ ਹਨ। ਪੱਤਿਆ ਉੱਪਰ ਚਿੱਟੇ ਰੰਗ ਦੀਆਂ ਵਿੰਗੀਆਂ-ਟੇਢੀਆਂ ਧਾਰੀਆਂ ਪੈ ਜਾਂਦੀਆ ਹਨ ਤੇ ਪੱਤੇ ਚੁਰੜ-ਮੁਰੜ ਹੋ ਜਾਂਦੇ ਹਨ। ਪੱਤੇ ਖ਼ੁਰਾਕ ਘੱਟ ਬਣਾਉਂਦੇ ਹਨ ਤੇ ਝਾੜ ਘਟ ਜਾਂਦਾ ਹੈ। ਰੋਕਥਾਮ ਲਈ 400 ਮਿਲੀਲਿਟਰ ਮੈਟਾਸਿਸਟਾਕਸ 25 ਈਸੀ ਜਾਂ ਰੋਗਰ 30 ਈਸੀ ਨੂੰ 80-100 ਲੀਟਰ ਪਾਣੀ 'ਚ ਘੋਲ ਕੇ ਪ੍ਰਤੀ ਏਕੜ ਪਿੱਠ ਵਾਲੇ ਪੰਪ ਨਾਲ ਛਿੜਕਾਅ ਕਰੋ। ਦਾਣੇਦਾਰ ਕੀਟਨਾਸ਼ਕਾਂ ਨਾਲ ਵੀ ਰੋਕਥਾਮ ਕੀਤੀ ਜਾ ਸਕਦੀ ਹੈ। ਇਸ ਦੇ ਲਈ 13 ਕਿੱਲੋ ਫਿਊਰਾਡਾਨ 3 ਜੀ (ਕਾਰਬੋਫੂਰਾਨ) ਦਾ ਪ੍ਰਤੀ ਏਕੜ ਛੱਟਾ ਮਾਰ ਕੇ ਬਾਅਦ 'ਚ ਹਲਕੀ ਸਿੰਜਾਈ ਕਰ ਦੇਵੋ।

ਭੱਬੂ ਕੁੱਤਾ- ਕਾਲੇ ਜਾਂ ਭੂਰੇ ਰੰਗ ਦੀਆਂ ਇਹ ਸੁੰਡੀਆਂ ਪੱਤੇ ਖਾਂਦੀਆਂ ਹਨ। ਇਹ ਬਾਰਿਸ਼ ਦੇ ਮੌਸਮ 'ਚ ਵਧਦੀਆਂ ਹਨ। ਇਨ੍ਹਾਂ ਸੁੰਡੀਆ ਦੇ ਜਿਸਮ 'ਤੇ ਲੰਬੇ ਤੇ ਸੰਘਣੇ ਵਾਲ ਹੰਦੇ ਹਨ। ਇਸ ਨੂੰ 'ਭੱਬੂ ਕੁੱਤਾ', 'ਵਾਲਾਂ ਵਾਲੀ ਸੁੰਡੀ' ਜਾਂ 'ਜੱਤਲ-ਸੁੰਡੀ' ਵੀ ਆਖਦੇ ਹਨ। ਸ਼ੁਰੂ 'ਚ ਇਹ ਝੁੰਡਾਂ ਵਿਚ ਪੌਦੇ ਨੂੰ ਖਾਂਦੀਆਂ ਹਨ। ਉਸ ਵੇਲੇ ਇਨ੍ਹਾਂ ਉੱਤੇ ਵਾਲ ਨਹੀਂ ਆਏ ਹੁੰਦੇ, ਇਨ੍ਹਾਂ ਦਾ ਰੰਗ ਪੀਲਾ ਤੇ ਸਿਰ ਕਾਲਾ ਹੁੰਦਾ ਹੈ। ਜ਼ਿਆਦਾ ਹਮਲੇ ਵਿਚ ਫ਼ਸਲ ਰੁੰਡ-ਮਰੁੰਡ ਹੋ ਜਾਂਦੀ ਹੈ। ਇਸ ਦੀ ਰੋਕਥਾਮ ਲਈ ਅਸਰਦਾਰ ਇਲਾਜ ਉਦੋਂ ਹੀ ਹੋ ਸਕਦਾ ਹੈ ਜਦੋਂ ਸੁੰਡੀਆਂ ਝੁੰਡ ਦੀ ਸਕਲ 'ਚ ਹੁੰਦੀਆਂ ਹਨ ਅਤੇ ਉਨ੍ਹਾਂ ਦੇ ਵਾਲ ਨਹੀਂ ਆਏ ਹੁੰਦੇ। ਉਸ ਵੇਲੇ ਉਨ੍ਹਾਂ ਨੂੰ ਪੱਤਿਆਂ ਸਮੇਤ ਫੜ ਕੇ ਜਾਂ ਬੂਟਿਆਂ ਨੂੰ ਹਲੂਣ ਕੇ ਨਸ਼ਟ ਕੀਤਾ ਜਾ ਸਕਦਾ ਹੈ।

ਬਿਜਾਈ ਦਾ ਸਮਾਂ ਤੇ ਢੰਗ- ਤੋਰੀਏ ਦੀ ਬਿਜਾਈ ਸਤੰਬਰ ਦਾ ਸਾਰਾ ਮਹੀਨਾ ਕੀਤੀ ਜਾ ਸਕਦੀ ਹੈ। ਇਹ ਡਰਿਲ ਜਾਂ ਪੋਰੇ ਨਾਲ ਬੀਜੀ ਜਾ ਸਕਦੀ ਹੈ।।ਬਿਜਾਈ ਤੋਂ ਤਿੰਨ ਹਫ਼ਤੇ ਬਾਅਦ ਫ਼ਸਲ ਨੂੰ ਵਿਰਲਾ ਕਰ ਦੇਣਾ ਚਾਹੀਦਾ ਹੈ। ਇਸ ਮੰਤਵ ਲਈ ਹੱਥ ਨਾਲ ਚੱਲਣ ਵਾਲੀ ਤੇਲ ਬੀਜ ਡਰਿਲ ਦੀ ਵਰਤੋਂ ਕੀਤੀ ਜਾ ਸਕਦੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।