ਪੀਏਯੂ ਦੇ ਮੱਕੀ ਸੈਕਸ਼ਨ ਨੂੰ ਮਿਲਿਆ ਸਰਵੋਤਮ ਖੋਜ ਪ੍ਰੋਜੈਕਟ ਅਵਾਰਡ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਮੱਕੀ ਸੈਕਸ਼ਨ ਵੱਲੋਂ ਖੋਜ ਸੰਬੰਧੀ ਕੀਤੇ ਗਏ ਬਿਹਤਰ ਤਾਲਮੇਲ, ਨਤੀਜਿਆਂ ਅਤੇ ਪ੍ਰਭਾਵਾਂ ਦੇ ਫਲਸਰੂਪ ਪ੍ਰਾਪਤ ਹੋਇਆ ਅਵਾਰਡ

PAU Receives Best Research Project Award

ਲੁਧਿਆਣਾ: ਪੀਏਯੂ ਦੇ ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ ਦੇ ਮੱਕੀ ਸੈਕਸ਼ਨ ਨੂੰ ਬੀਤੇ ਦਿਨੀਂ ਸਾਲ 2019 ਲਈ ਚੌਧਰੀ ਦੇਵੀ ਲਾਲ ਆਊਟਸਟੈਂਡਿੰਗ ਆਲ ਇੰਡੀਆ ਕੁਆਰਡੀਨੇਟਿਡ ਖੋਜ ਪ੍ਰੋਜੈਕਟ ਅਵਾਰਡ ਪ੍ਰਾਪਤ ਹੋਇਆ ਹੈ । ਇਸ ਦੀ ਜਾਣਕਾਰੀ ਦਿੰਦਿਆਂ ਵਿਭਾਗ ਦੇ ਮੁਖੀ ਡਾ. ਗੁਰਜੀਤ ਸਿੰਘ ਮਾਂਗਟ ਨੇ ਦੱਸਿਆ ਕਿ ਮੱਕੀ ਸੈਕਸ਼ਨ ਨੂੰ ਭਾਰਤੀ ਖੇਤੀ ਖੋਜ ਪ੍ਰੀਸ਼ਦ ਨਵੀਂ ਦਿੱਲੀ ਵੱਲੋਂ ਸਰਵੋਤਮ ਕੁਆਰਡੀਨੇਟਿਡ ਖੋਜ ਪ੍ਰੋਜੈਕਟ ਸੈਂਟਰ ਚੁਣਿਆ ਗਿਆ ਹੈ।

ਇਹ ਅਵਾਰਡ ਮੱਕੀ ਸੈਕਸ਼ਨ ਵੱਲੋਂ ਖੋਜ ਸੰਬੰਧੀ ਕੀਤੇ ਗਏ ਬਿਹਤਰ ਤਾਲਮੇਲ, ਨਤੀਜਿਆਂ ਅਤੇ ਪ੍ਰਭਾਵਾਂ ਦੇ ਫਲਸਰੂਪ ਪ੍ਰਾਪਤ ਹੋਇਆ ਹੈ । ਇਸ ਅਵਾਰਡ ਵਿਚ ਇੱਕ ਲੱਖ ਰੁਪਏ ਦੀ ਰਾਸ਼ੀ, ਪ੍ਰਸ਼ੰਸ਼ਾ ਪੱਤਰ ਅਤੇ ਸਨਮਾਨ ਚਿੰਨ੍ਹ ਸ਼ਾਮਿਲ ਹਨ ।

ਇਸ ਮਾਣਮੱਤੇ ਇਨਾਮ ਲਈ ਪੀਏਯੂ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ, ਨਿਰਦੇਸ਼ਕ ਖੋਜ ਡਾ. ਨਵਤੇਜ ਬੈਂਸ ਨੇ ਮੱਕੀ ਦੇ ਕਿਸਮ ਸੁਧਾਰ ਦੇ ਖੇਤਰ ਵਿਚ ਕੰਮ ਕਰ ਟੀਮ ਨੂੰ ਵਧਾਈ ਦਿੱਤੀ ।

ਇਸ ਟੀਮ ਵਿਚ ਪ੍ਰਮੁੱਖ ਮੱਕੀ ਕਿਸਮ ਸੁਧਾਰਕ ਅਤੇ ਸੈਕਸ਼ਨ ਦੇ ਇੰਚਾਰਜ ਡਾ. ਜੇ ਐਸ ਚਾਵਲਾ, ਮੱਕੀ ਵਿਗਿਆਨੀ ਡਾ. ਸੁਰਿੰਦਰ ਕੌਰ ਸੰਧੂ, ਸੀਨੀਅਰ ਫਸਲ ਵਿਗਿਆਨੀ ਡਾ. ਮਹੇਸ਼ ਕੁਮਾਰ, ਡਾ. ਜਵਾਲਾ ਜਿੰਦਲ, ਡਾ. ਹਰਲੀਨ ਕੌਰ, ਡਾ. ਤੋਸ਼ ਗਰਗ, ਡਾ. ਗਗਨਦੀਪ ਸਿੰਘ ਬਾਜਵਾ, ਰੁਮੇਸ਼ ਰੰਜਨ ਅਤੇ ਆਸ਼ੂਤੋਸ਼ ਕੁਸ਼ਵਾਹਾ ਸ਼ਾਮਿਲ ਹਨ । ਡਾ. ਮਾਂਗਟ ਨੇ ਕਿਹਾ ਕਿ ਇਸ ਅਵਾਰਡ ਨਾਲ ਮੱਕੀ ਸੈਕਸ਼ਨ ਵੱਲੋਂ ਮੱਕੀ ਵਿਕਾਸ ਦੇ ਖੇਤਰ ਵਿਚ ਕੀਤੇ ਜਾ ਰਹੇ ਕੰਮਾਂ ਨੂੰ ਪਛਾਣ ਮਿਲੀ ਹੈ।