ਕਿਸਾਨਾਂ ਲਈ ਮਿਸਾਲ ਬਣਿਆ ਪਿੰਡ ਸਿੰਘਪੁਰਾ ਦਾ ਅਗਾਂਹਵਧੂ ਕਿਸਾਨ ਕੁਲਵਿੰਦਰ ਸਿੰਘ
ਪਿਛਲੇ ਪੰਜ ਸਾਲਾਂ 'ਚ ਝੋਨੇ ਦੀ ਪਰਾਲੀ ਨੂੰ ਨਹੀਂ ਲਗਾ ਰਿਹਾ ਅੱਗ
ਐਸ.ਏ.ਐਸ. ਨਗਰ (ਸੁਖਦੀਪ ਸਿੰਘ ਸੋਈ): ਜ਼ਿਲ੍ਹੇ ਦੇ ਬਲਾਕ ਮਾਜਰੀ ਦੇ ਪਿੰਡ ਸਿੰਘਪੁਰਾ ਦਾ ਸਾਬਕਾ ਸਰਪੰਚ ਅਤੇ ਕਿਸਾਨ ਕੁਲਵਿੰਦਰ ਸਿੰਘ ਪਿਛਲੇ ਪੰਜ ਸਾਲਾਂ ਤੋਂ ਝੋਨੇ ਦੀ ਪਰਾਲੀ ਅਤੇ ਕਣਕ ਦੇ ਨਾੜ ਨੂੰ ਬਿਨ੍ਹਾਂ ਅੱਗ ਲਗਾਏ ਕਣਕ ਅਤੇ ਝੋਨੇ ਦੀ ਬਿਜਾਈ ਕਰ ਰਿਹਾ ਹੈ ਅਤੇ ਫ਼ਸਲ ਦਾ ਬਹੁਤ ਵਧੀਆ ਝਾੜ ਵੀ ਪ੍ਰਾਪਤ ਕਰ ਰਿਹਾ ਹੈ।
ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਏ ਬਿਨ੍ਹਾਂ ਫ਼ਸਲ ਬੀਜ ਰਿਹਾ ਹੈ ਜਿਸ ਨਾਲ ਸਮੇਂ, ਪਾਣੀ ਅਤੇ ਪੈਸਿਆਂ ਦੀ ਬੱਚਤ ਹੁੰਦੀ ਹੈ ਅਤੇ ਭੂਮੀ ਦੇ ਜੈਵਿਕ ਤੱਤ ਵੀ ਬਚੇ ਰਹਿੰਦੇ ਹਨ। ਇਹੀ ਕਾਰਨ ਹੈ ਕਿ ਇਹ ਕਿਸਾਨ ਅੱਜ ਆਸ-ਪਾਸ ਦੇ ਦੂਜੇ ਕਿਸਾਨਾਂ ਲਈ ਪ੍ਰੇਰਣਾ ਸਰੋਤ ਬਣਿਆ ਹੋਇਆ ਹੈ।
ਕਿਸਾਨ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਪਰਾਲੀ ਨੂੰ ਅੱਗ ਨਾ ਲਗਾ ਕੇ ਖੇਤ ਵਿੱਚ ਹੀ ਪ੍ਰਬੰਧਨ ਕਰਦਾ ਹੈ ਅਤੇ ਕਣਕ ਦੀ ਸਿੱਧੀ ਬਿਜਾਈ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਖੇਤੀਬਾੜੀ ਵਿਭਾਗ ਜੋ ਕਿ ਵਾਤਾਵਰਣ ਦੀ ਸੰਭਾਲ ਲਈ ਹਮੇਸ਼ਾ ਤਤਪਰ ਰਹਿੰਦੇ ਹਨ ਨੂੰ ਵਾਤਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਆਪਣਾ ਪੂਰਨ ਸਹਿਯੋਗ ਦੇ ਰਿਹਾ ਹੈ। ਉਸ ਦਾ ਕਹਿਣਾ ਹੈ ਕਿ ਪਰਾਲੀ ਨੂੰ ਅੱਗ ਨਾ ਲਗਾ ਕੇ ਵਾਤਾਵਰਣ ਨੂੰ ਸਾਫ-ਸੁਥਰਾ ਬਣਾਉਣ ਵਿੱਚ ਕਿਸਾਨ ਅਹਿਮ ਭੂਮਿਕਾ ਅਦਾ ਕਰ ਸਕਦੇ ਹਨ ।
ਕਿਸਾਨ ਨੇ ਦੱਸਿਆ ਕਿ ਉਹ 12 ਏਕੜ ਜ਼ਮੀਨ ਵਿੱਚ ਖੇਤੀ ਕਰਦਾ ਹੈ । ਸਾਉਣੀ ਦੇ ਸੀਜ਼ਨ ਦੌਰਾਨ 10 ਏਕੜ ਵਿੱਚ ਝੋਨੇ ਦੀ ਖੇਤੀ ਅਤੇ 02 ਏਕੜ ਵਿੱਚ ਮੱਕੀ ਦੀ ਖੇਤੀ ਕਰ ਰਿਹਾ ਹੈ। ਉਹ ਕਣਕ ਦੀ ਬਿਜਾਈ ਖੇਤੀਬਾੜੀ ਵਿਭਾਗ ਦੇ ਸਹਿਯੋਗ ਨਾਲ 50 ਫੀਸਦੀ ਸਬਸਿਡੀ ਤੇ ਮਸ਼ੀਨਰੀ ਪ੍ਰਪਤ ਕਰਕੇ ਉਸ ਨਾਲ ਪਰਾਲੀ ਅਤੇ ਉਸ ਦੀ ਰਹਿੰਦ ਖੂਹੰਦ ਦਾ ਖੇਤ ਵਿੱਚ ਹੀ ਪ੍ਰਬੰਧਨ ਕਰਕੇ ਕਰ ਰਿਹਾ ਹੈ।
ਪਿਛਲੇ ਸਾਲ ਉਸਨੇ ਆਪਣੀ ਜ਼ਮੀਨ ਦੇ ਕੁਝ ਰਕਬੇ ਵਿੱਚ ਝੋਨੇ ਦੇ ਖੜ੍ਹੇ ਮੁੱਢਾ ਵਿੱਚ ਹੀ ਕਣਕ ਦੇ ਬੀਜ ਦਾ ਛੱਟਾ ਦੇਣ ਵਾਲੀ ਵਿਧੀ ਅਪਨਾਈ ਜਿਸ ਨਾਲ ਸਮੇਂ ਸਿਰ ਕਣਕ ਦੀ ਬਿਜਾਈ ਹੋਈ ਅਤੇ ਝਾੜ ਵੀ ਠੀਕ ਰਿਹਾ ।
ਉਸ ਨੇ ਦੱਸਿਆ ਕਿ ਪਰਾਲੀ ਤੇ ਇਸ ਦੀ ਰਹਿੰਦ ਖੂਹੰਦ ਦਾ ਖੇਤ ਵਿੱਚ ਪ੍ਰਬੰਧਨ ਕਰਨ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵੱਧਣ ਦੇ ਨਾਲ-ਨਾਲ ਲੇਬਰ ਅਤੇ ਸਮੇਂ ਦੀ ਬਚਤ ਹੁੰਦੀ ਹੈ ਅਤੇ ਨਦੀਨਾਂ ਦੀ ਸਮੱਸਿਆ ਵੀ ਘੱਟ ਹੁੰਦੀ ਹੈ। ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਸਾਥੀ ਕਿਸਾਨਾਂ ਨੂੰ ਪਰਾਲੀ ਦਾ ਪ੍ਰਬੰਧਨ ਕਰਨ ਲਈ ਉਨ੍ਹਾਂ ਦੀ ਹਮੇਸ਼ਾਂ ਮੱਦਦ ਕਰਦਾ ਹੈ ।