ਕਿਸਾਨਾਂ ਦੇ ਹੱਕ 'ਚ ਬਿ੍ਟੇਨ ਵਿਖੇ ਕੱਢੀ ਰੈਲੀ, ਕੋਵਿਡ-19 ਦੀਆਂ ਪਾਬੰਦੀਆਂ ਕਾਰਨ ਲੱਗਿਆ ਜੁਰਮਾਨਾ

ਏਜੰਸੀ

ਖ਼ਬਰਾਂ, ਕੌਮਾਂਤਰੀ

ਤਾਲਾਬੰਦੀ ਦੇ ਵਿਰੋਧ 'ਚ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਵੀ ਲੱਗਾ ਸੀ ਜੁਰਮਾਨਾ

Kisaan Rally

ਲੰਡਨ : ਖੇਤੀ ਕਾਨੂੰਨਾਂ ਨੂੰ ਲੈ ਕੇ ਪੰਜਾਬ ਅੰਦਰ ਚੱਲ ਰਹੇ ਕਿਸਾਨੀ ਸੰਘਰਸ਼ ਦੇ ਸਮਰਥਨ ‘ਚ ਵਿਦੇਸ਼ਾਂ ‘ਚ ਵੀ ਆਵਾਜ਼ ਉਠਣ ਲੱਗੀ ਹੈ। ਇਸੇ ਤਹਿਤ ਬ੍ਰਿਟੇਨ ਵਿਚ ਬ੍ਰਿਟਿਸ਼ ਸਿੱਖ ਨੇ ਕਿਸਾਨਾਂ ਦੇ ਹੱਕ ਦੀ ਰੈਲੀ ਕੱਢੀ। ਦੂਜੇ ਪਾਸੇ ਸਥਾਨਕ ਪ੍ਰਸ਼ਾਸਨ ਨੇ ਕੋਵਿਡ-19 ਦੀਆਂ ਪਾਬੰਦੀਆਂ ਤੋੜਨ ਦੇ ਦੋਸ਼ ਹੇਠ ਦੀਪਾ ਸਿੰਘ ‘ਤੇ ਵੱਡਾ ਜੁਰਮਾਨਾ ਲਾਇਆ ਹੈ। ਇਹ ਕਿਸਾਨ ਰੈਲੀ ਪੱਛਮੀ ਲੰਡਨ ਵਿਚ ਕੱਢੀ ਗਈ ਸੀ। 

ਖ਼ਬਰਾਂ ਮੁਤਾਬਕ ਐਤਵਾਰ ਨੂੰ ਸਾਊਥਾਲ ਵਿਖੇ ਕੱਢੀ ਗਈ ਰੈਲੀ ਦਾ ਪ੍ਰਬੰਧ ਕਰਨ ਵਾਲੇ ਬ੍ਰਿਟਿਸ਼ ਸਿੱਖ ਨੂੰ 10 ਹਜ਼ਾਰ ਪੌਂਡ ਯਾਨੀ ਲਗਭਗ 10 ਲੱਖ ਰੁਪਏ ਦਾ ਜੁਰਮਾਨਾ ਲੱਗਾ ਹੈ। 39 ਸਾਲਾ ਦੀਪਾ ਸਿੰਘ ਨੇ ਪੰਜਾਬ ਦੇ ਕਿਸਾਨਾਂ ਨਾਲ ਇਕਜੁੱਟਤਾ ਦਿਖਾਉਣ ਲਈ ਕੱਢੀ ਰੈਲੀ ‘ਚ ਕਾਰ, ਟਰੈਕਟਰ, ਟੈਂਪੂ ਅਤੇ ਮੋਟਰਬਾਈਕ ਸ਼ਾਮਲ ਸਨ।

ਰੈਲੀ ਦੀ ਵਜ੍ਹਾ ਨਾਲ ਕਈ ਘੰਟੇ ਤਕ ਵਾਹਨ ਚਾਲਕਾਂ ਤੇ ਆਮ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸਥਾਨਕ ਪ੍ਰਸ਼ਾਸਨ ਨੇ ਇਸ ਨੂੰ ਕੋਵਿਡ-19 ਦੀਆਂ ਜਾਰੀ ਪਾਬੰਦੀਆਂ ਦੀ ਉਲੰਘਣਾ ਮੰਨਿਆ ਹੈ। ਦੀਪਾ ਸਿੰਘ ਮੁਤਾਬਕ ਉਨ੍ਹਾਂ ਦੇ ਵਕੀਲ ਇਸ ਜੁਰਾਮਾਨੇ ਖਿਲਾਫ਼ ਲੜਨਗੇ। ਇਹ ਰੈਲੀ ਪੱਛਮੀ ਲੰਡਨ 'ਚ ਸਾਊਥਹਾਲ 'ਚ 4 ਅਕਤੂਬਰ ਨੂੰ ਕੱਢੀ ਗਈ ਸੀ। ਇਸ ਇਲਾਕੇ 'ਚ ਵੱਡੀ ਗਿਣਤੀ 'ਚ ਸਿੱਖ ਆਬਾਦੀ ਹੈ। ਕਾਬਲੇਗੌਰ ਹੈ ਕਿ ਪਿਛਲੇ ਦਿਨਾਂ ਦੌਰਾਨ ਤਾਲਾਬੰਦੀ ਦੇ ਵਿਰੋਧ ਪ੍ਰਦਰਸ਼ਨ ਦੇ ਆਯੋਜਕਾਂ 'ਤੇ ਵੀ ਇਸੇ ਤਰ੍ਹਾਂ ਦਾ ਜੁਰਮਾਨਾ ਲਾਇਆ ਗਿਆ ਸੀ। ਕੋਰੋਨਾ ਵਾਇਰਸ ਦੇ ਮੱਦੇਨਜ਼ਰ ਕਿਸੇ ਨੂੰ ਵੀ ਵੱਡੀ ਭੀੜ ਇਕੱਠੀ ਕਰਨ ਦੀ ਇਜਾਜ਼ਤ ਨਹੀਂ ਹੈ।