ਆਲੂਆਂ ਦੀ ਸੁਚੱਜੀ ਕਾਸ਼ਤ

ਏਜੰਸੀ

ਖੇਤੀਬਾੜੀ, ਕਿਸਾਨੀ ਮੁੱਦੇ

ਆਲੂ ਕਣਕ ਅਤੇ ਝੋਨੇ ਤੋਂ ਬਾਅਦ ਤੀਸਰੀ ਮਹੱਤਵਪੂਰਨ ਫ਼ਸਲ ਹੈ। ਪੰਜਾਬ 'ਚ ਕਰੀਬ ਇਕ ਲੱਖ ਹੈਕਟੈਅਰ ਰਕਬੇ 'ਚੋਂ 26 ਲੱਖ ਟਨ ਆਲੂਆਂ ਦੀ ਸਾਲਾਨਾ ਪੈਦਾਵਾਰ ਹੁੰਦੀ ਹੈ...

Potatoes

ਆਲੂ ਕਣਕ ਅਤੇ ਝੋਨੇ ਤੋਂ ਬਾਅਦ ਤੀਸਰੀ ਮਹੱਤਵਪੂਰਨ ਫ਼ਸਲ ਹੈ। ਪੰਜਾਬ 'ਚ ਕਰੀਬ ਇਕ ਲੱਖ ਹੈਕਟੈਅਰ ਰਕਬੇ 'ਚੋਂ 26 ਲੱਖ ਟਨ ਆਲੂਆਂ ਦੀ ਸਾਲਾਨਾ ਪੈਦਾਵਾਰ ਹੁੰਦੀ ਹੈ। ਆਲੂ ਠੰਡੇ ਮੌਸਮ ਦੀ ਫ਼ਸਲ ਹੈ। ਆਲੂ ਦੀ ਫ਼ਸਲ ਉਸ ਮੌਕੇ ਪੈਦਾ ਕੀਤੀ ਜਾਂਦੀ ਹੈ ਜਦੋਂ ਦਿਨ ਦਾ ਤਾਪਮਾਨ 30 ਸੈਲਸੀਅਸ ਤੋਂ ਘੱਟ ਤੇ ਰਾਤ ਦਾ ਤਾਪਮਾਨ 20 ਸੈਲਸੀਅਸ ਤੋਂ ਵੱਧ ਨਾ ਹੋਵੇ। ਦਿਨ ਨੂੰ ਧੁੱਪ ਤੇ ਰਾਤਾਂ ਠੰਡੀਆਂ ਹੋਣ। ਜਿੱਥੇ ਰਾਤ ਦਾ ਤਾਪਮਾਨ 23 ਸੈਲਸੀਅਸ ਤੋਂ ਵੱਧ ਹੁੰਦਾ ਹੈ, ਬੂਟਿਆਂ ਨੂੰ ਆਲੂ ਨਹੀ ਪੈਂਦੇ।

ਇਸ ਫ਼ਸਲ ਨੂੰ ਕੋਰ੍ਹਾ ਵੀ ਨੁਕਸਾਨ ਪਹੁੰਚਾਉਂਦਾ ਹੈ। ਪੰਜਾਬ ਵਿਚ ਆਲੂ ਦੀ ਅਗੇਤੀ, ਆਮ ਮੌਸਮੀ ਤੇ ਬਹਾਰ ਰੁੱਤ ਦੀ ਫ਼ਸਲ ਲਈ ਜਾਂਦੀ ਹੈ। ਅਗੇਤੀ ਫ਼ਸਲ ਜਿਹੜੀ ਸਤੰਬਰ 'ਚ ਬੀਜੀ ਜਾਂਦੀ ਹੈ, ਉਸ ਨੂੰ ਕਾਫ਼ੀ ਗਰਮੀ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਹੜੀ ਫ਼ਸਲ ਅਕਤੂਬਰ 'ਚ ਬੀਜੀ ਜਾਂਦੀ ਹੈ, ਉਸ ਨੂੰ ਜ਼ਿਆਦਾ ਗਰਮੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ, ਪਰ ਇਸ ਨੂੰ ਕੋਰ੍ਹੇ ਕਾਰਨ ਨੁਕਸਾਨ ਦਾ ਡਰ ਰਹਿੰਦਾ ਹੈ।

ਜ਼ਮੀਨ ਦੀ ਤਿਆਰੀ-ਆਲੂ ਦੀ ਕਾਸ਼ਤ ਹਰ ਤਰ੍ਹਾਂ ਦੀ ਜ਼ਮੀਨ 'ਚ ਕੀਤੀ ਜਾ ਸਕਦੀ ਹੈ ਪ੍ਰੰਤੂ ਚੰਗੇ ਨਿਕਾਸ ਵਾਲੀ ਪੋਲੀ, ਭੁਰਭੂਰੀ ਤੇ ਕਲਰ ਰਹਿਤ ਮੈਰਾ ਤੇ ਰੇਤਲੀ ਮੈਰਾ ਜ਼ਮੀਨ ਇਸ ਲਈ ਵਧੇਰੇ ਢੁੱਕਵੀਂ ਹੈ। ਜ਼ਮੀਨ ਦੀ ਪੀਐੱਚ 5.5 ਤੋਂ 8.0 ਹੋਣੀ ਚਾਹੀਦੀ ਹੈ। ਜ਼ਮੀਨ ਦੇ ਹੇਠਾਂ ਸਖ਼ਤ ਮਿੱਟੀ ਦੀ ਤਹਿ ਨਹੀਂ ਹੋਣੀ ਚਾਹੀਦੀ। ਭਾਰੀਆਂ ਜ਼ਮੀਨਾਂ 'ਚ ਆਲੂਆਂ ਦੀ ਸ਼ਕਲ ਬੇਢੱਬੀ ਹੋ ਸਕਦੀ ਹੈ। ਗੋਹੇ ਦੀ ਰੂੜੀ ਬਿਜਾਈ ਤੋਂ ਪਹਿਲਾਂ ਖੇਤ ਵਿਚ ਪਾ ਦਿਓ।

ਬੀਜ ਦੀ ਮਾਤਰਾ-ਆਲੂ ਦੀ ਕਾਸ਼ਤ ਵਿਚ ਕਰੀਬ 50 ਫ਼ੀਸਦੀ ਖ਼ਰਚਾ ਆਲੂ ਦੇ ਬੀਜ 'ਤੇ ਆਉਂਦਾ ਹੈ ਇਸ ਲਈ ਬੀਜ ਦੀ ਕੁਆਲਟੀ ਚੰਗੀ ਹੋਵੇ। ਬੀਜ ਬਿਮਾਰੀ ਰਹਿਤ ਹੋਵੇ। ਆਲੂਆਂ ਦਾ ਝਾੜ ਕੁਝ ਸਾਲਾਂ ਬਾਅਦ ਘਟ ਜਾਂਦਾ ਹੈ ਇਸ ਕਰਕੇ ਇਸ ਦਾ ਬੀਜ 2-3 ਸਾਲ ਬਾਅਦ ਬਦਲ ਲੈਣਾ ਚਾਹੀਦਾ ਹੈ। ਬੀਜ ਕੋਲਡ ਸਟੋਰ 'ਚ ਬਿਜਾਈ ਤੋਂ ਕਰੀਬ 10 ਦਿਨ ਪਹਿਲਾਂ ਬਾਹਰ ਕੱਢ ਲੈਣਾ ਚਾਹੀਦਾ ਹੈ। ਬੀਜੇ ਜਾਣ ਵਾਲੇ ਆਲੂ 10 ਮਿੰਟਾਂ ਲਈ ਮੋਨਸਰਨ 250 ਐੱਸਸੀ (2.5 ਮਿਲੀਲਿਟਰ ਪ੍ਰਤੀ ਲੀਟਰ ਪਾਣੀ) ਦੇ ਘੋਲ 'ਚ ਡੁਬੋ ਕੇ ਰੋਗ ਰਹਿਤ ਕਰ ਲੈਣੇ ਚਾਹੀਦੇ ਹਨ। ਇਹ ਦਵਾਈਆਂ ਆਲੂ ਦੇ ਖਰੀਂਢ ਰੋਗ, ਆਲੂ ਦਾ ਕੋਹੜ ਤੇ ਆਲੂ ਦਾ ਕਾਲਾ ਪੈਣਾ ਨੂੰ ਕਾਬੂ ਕਰਦੀਆਂ ਹਨ। 40-50 ਗ੍ਰਾਮ ਭਾਰ ਦੇ ਆਲੂ 12-18 ਕੁਇੰਟਲ ਪ੍ਰਤੀ ਏਕੜ ਵਰਤਣੇ ਚਾਹੀਦੇ ਹਨ।

ਖਾਦਾਂ- ਆਲੂ ਨੂੰ ਨਾਈਟਰੋਜਨ, ਫਾਸਫੋਰਸ ਤੇ ਪੋਟਾਸ਼ ਦੀ ਕਾਫ਼ੀ ਲੋੜ ਹੁੰਦੀ ਹੈ। ਗਲੀ ਸੜੀ ਰੂੜੀ ਦੀ ਖਾਦ ਜ਼ਮੀਨ ਦੀ ਉਪਜਾਊ ਸ਼ਕਤੀ ਵਧਾ ਕੇ ਵੱਡੇ ਤੇ ਛੋਟੇ ਲਘੂ ਤੱਤ ਸਪਲਾਈ ਕਰਨ 'ਚ ਸਹਾਈ ਹੁੰਦੀ ਹੈ। ਸਿੰਜਾਈ ਵਾਲੀ ਪਤਝੜੀ ਫ਼ਸਲ ਲਈ 75 ਕਿੱਲੋ ਨਾਈਟਰੋਜਨ (165 ਕਿੱਲੋ ਯੂਰੀਆ) 25 ਕਿੱਲੋ ਫਾਸਫੋਰਸ (155 ਕਿੱਲੋ ਸੁਪਰਫਾਸਫੇਟ) ਤੇ 25 ਕਿੱਲੋ ਪੋਟਾਸ਼ (40 ਕਿੱਲੋ ਮਿਊਰੇਟ ਆਫ ਪੋਟਾਸ਼) ਪ੍ਰਤੀ ਏਕੜ, 20 ਟਨ ਰੂੜੀ ਦੀ ਖਾਦ ਜਾਂ ਹਰੀ ਖਾਦ ਵਰਤਣੀ ਚਾਹੀਦੀ ਹੈ। ਸਾਰੀ ਫਾਸਫੋਰਸ ਤੇ ਪੋਟਾਸ਼ ਤੇ ਅੱਧੀ ਨਾਈਟਰੋਜਨ ਬਿਜਾਈ ਵੇਲੇ ਤੇ ਬਾਕੀ ਨਾਈਟਰੋਜਨ 25-30 ਦਿਨਾਂ ਬਾਅਦ ਆਲੂਆਂ ਨੂੰ ਮਿੱਟੀ ਚਾੜ੍ਹਣ ਵੇਲੇ ਪਾਉਣੀ ਚਾਹੀਦੀ ਹੈ। ਬੀਜ ਵਾਲੀ ਫਸਲ ਲਈ ਖਾਦਾਂ ਦੀ ਮਾਤਰਾ 20 ਫ਼ੀਸਦੀ ਘਟਾਈ ਜਾ ਸਕਦੀ ਹੈ।

ਬਿਜਾਈ ਦਾ ਸਮਾਂ ਅਤੇ ਢੰਗ- ਪੰਜਾਬ ਦੇ ਉਤਰੀ ਜ਼ਿਲ੍ਹਿਆਂ 'ਚ ਆਲੂਆਂ ਦੀ ਬਿਜਾਈ ਦਾ ਢੁੱਕਵਾਂ ਸਮਾਂ ਅਕਤੂਬਰ ਦਾ ਪਹਿਲਾ ਹਫ਼ਤਾ ਹੈ। ਅਗੇਤੀ ਫ਼ਸਲ ਲੈਣ ਲਈ, ਬਿਜਾਈ ਸਤੰਬਰ ਦੇ ਅਖ਼ੀਰ 'ਚ ਵੀ ਕੀਤੀ ਜਾ ਸਕਦੀ ਹੈ। ਬਹਾਰ ਰੁੱਤ ਲਈ ਜਨਵਰੀ ਦਾ ਪਹਿਲਾ ਪੰਦਰਵਾੜਾ ਢੁੱਕਵਾਂ ਹੈ। ਸਤੰਬਰ 'ਚ ਬਿਜਾਈ ਵੇਲੇ ਤਾਪਮਾਨ ਨੂੰ ਧਿਆਨ 'ਚ ਰੱਖ ਕੇ ਬਿਜਾਈ ਕਰੋ ਤਾਂ ਕਿ ਉੱਗ ਰਹੇ ਬੂਟਿਆਂ ਨੂੰ ਕੋਰ੍ਹਾ ਨੁਕਸਾਨ ਨਾ ਕਰੇ। 60 ਸੈਂਟੀਮੀਟਰ ਫ਼ਾਸਲੇ ਵਾਲੀਆਂ ਵੱਟਾਂ 'ਤੇ 20 ਸੈਂਟੀਮੀਟਰ ਦੀ ਵਿੱਥ 'ਤੇ ਆਲੂਆਂ ਦੀ ਬਿਜਾਈ ਕਰੋ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।