ਕਿਸਾਨਾਂ ਲਈ ਸਹੀ ਸਲਾਹ, ਦਸੰਬਰ ਮਹੀਨੇ ਫ਼ਸਲਾਂ ਦੀ ਦੇਖ-ਭਾਲ ਕਿਵੇਂ ਕਰੀਏ, ਜਾਣੋ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਖੇਤੀਬਾੜੀ ਵਿਭਾਗ ਨੇ ਕਿਸਾਨਾਂ ਨੂੰ ਸਲਾਹ ਜਾਰੀ ਕੀਤੀ ਹੈ ਕਿ ਦਸੰਬਰ ਮਹੀਨੇ...

Kissan

ਚੰਡੀਗੜ੍ਹ: ਖੇਤੀਬਾੜੀ ਵਿਭਾਗ ਨੇ ਕਿਸਾਨਾਂ ਨੂੰ ਸਲਾਹ ਜਾਰੀ ਕੀਤੀ ਹੈ ਕਿ ਦਸੰਬਰ ਮਹੀਨੇ ਦੌਰਾਨ ਤੋਰੀਏ ਦੀ ਸਹੀ ਸੰਭਾਲ ਲਈ ਫਸਲ ਦੀ ਕਟਾਈ ਖ਼ਤਮ ਕਰ ਲੈਣੀ ਚਾਹੀਦੀ ਹੈ। ਖੇਤੀਬਾੜੀ ਵਿਕਾਸ ਅਧਿਕਾਰੀ ਨੇ ਕਿਹਾ ਕਿ ਜੇਕਰ ਸਰ੍ਹੋਂ ਅਤੇ ਰਾਇਆ ਤੇ ਤੇਲਾ ਨੁਕਸਾਨ ਕਰਨ ਦੀ ਸਮਰਥਾ ਤੇ ਪਹੁੰਚ ਜਾਂਦਾ ਹੈ ਤਾਂ ਫ਼ਸਲ ਨੂੰ 40 ਗ੍ਰਾਮ ਐਕਟਾਰਾ 25 ਤਾਕਤ (ਥਾਇਆਮੈਥੋਕਸਮ) ਜਾਂ 400 ਮਿਲੀਲਿਟਰ ਰੋਗਰ 30 ਤਾਕਤ (ਡਾਈਮੈਥੋਏਟ) ਜਾਂ ਜਾਂ 600 ਮਿਲੀਲਿਟਰ ਡਰਸਬਾਨ 20 ਤਾਕਤ (ਕਲੋਰੋਪਾਈਰੀਫਾਸ) ਨੂੰ 100 ਲਿਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕੀਤਾ ਜਾਵੇ।

ਉਨ੍ਹਾਂ ਕਿਹਾ ਕਿ ਛੋਲਿਆਂ ਅਤੇ ਮਸਰਾਂ ਵਿੱਚ ਨਦੀਨਾਂ ਦੀ ਰੋਕਥਾਮ ਲਈ ਗੋਡੀ ਕਰਨ ਦੇ ਦਿਨ ਹਨ। ਸਮੇਂ ਸਿਰ ਬੀਜੀ ਛੋਲਿਆਂ ਦੀ ਫ਼ਸਲ ਨੂੰ ਅੱਧ ਦਸੰਬਰ ਦੇ ਆਸ-ਪਾਸ ਪਾਣੀ ਦੇ ਦੇਣਾ ਚਾਹੀਦਾ ਹੈ ਜਦ ਕਿ ਮਸਰਾਂ ਨੂੰ ਬਿਜਾਈ ਦੇ ਇੱਕ ਮਹੀਨਾ ਬਾਅਦ ਪਾਣੀ ਦੇਣਾ ਚਾਹੀਦਾ ਹੈ। ਅਧਿਕਾਰੀ ਨੇ ਦੱਸਿਆ ਕਿ ਕਮਾਦ ਦੀ ਫ਼ਸਲ ਨੂੰ ਕੋਰੇ ਤੋਂ ਬਚਾਉਣ ਲਈ ਅੱਧ ਦਸੰਬਰ ਤੱਕ ਪਾਣੀ ਦੇ ਦੇਣਾ ਚਾਹੀਦਾ ਹੈ। ਕਿਸਾਨ ਅਗੇਤੀਆਂ ਕਿਸਮਾਂ ਨੂੰ ਪੀੜਨ ਅਤੇ ਕਟਾਈ (ਮਿੱਲਾਂ ਵਿੱਚ ਭੇਜਣ ਲਈ) ਸ਼ੁਰੂ ਕਰ ਦੇਣ। ਕਟਾਈ ਖ਼ਤਮ ਹੁੰਦਿਆਂ ਸਾਰ ਹੀ ਖੇਤ ਵਿਚੋਂ ਖੋਰੀ ਇਕੱਠੀ ਕਰਕੇ ਖੇਤ ਨੂੰ ਪਾਣੀ ਦੇ ਦਿਉ।

ਮੁੱਢਾਂ ਨੂੰ ਗੰਨੇ ਦੀ ਖੋਰੀ ਨਾਲ ਨਾ ਢੱਕੋ। ਉਨ੍ਹਾਂ ਕਿਹਾ ਕਿ ਹਰੇ ਚਾਰੇ ਦੀ ਘਾਟ ਨੂੰ ਪੂਰਾ ਕਰਨ ਲਈ ਇਸ ਮਹੀਨੇ ਅਗੇਤੀ ਬੀਜੀ ਜਵੀ ਨੂੰ ਕੱਟੀ ਜਾ ਸਕਦੀ ਹੈ। ਜੇਕਰ ਖੇਤ ਵਿੱਚ ਬੂਈਂ (ਪੋਆ ਘਾਹ) ਬਹੁਤ ਹੋਵੇ ਤਾਂ ਜਵੀ ਦੀਆਂ ਦੋ ਕਟਾਈਆਂ ਨਾ ਲਵੋ। ਹਰੇ ਚਾਰੇ ਦੀ ਘਾਟ ਵਾਲੇ ਸਮੇਂ ਹਰਾ ਚਾਰਾ ਪ੍ਰਾਪਤ ਕਰਨ ਲਈ ਲੂਸਣ ਦੀ ਕਟਾਈ ਲਈ ਜਾ ਸਕਦੀ ਹੈ। ਝੋਨੇ ਵਾਲੇ ਫਸਲੀ ਚੱਕਰ ਵਿਚ ਰੇਤਲੀਆਂ ਜ਼ਮੀਨਾਂ ਵਿਚ ਬੀਜੀ ਬਰਸੀਮ ਦੀ ਫਸਲ ਤੇ ਮੈਗਨੀਜ਼ ਦੀ ਘਾਟ ਆ ਸਕਦੀ ਹੈ।

ਉਨ੍ਹਾ ਕਿਹਾ ਕਿ ਇਸ ਘਾਟ ਕਾਰਨ ਵਿਚਕਾਰਲੇ ਤਣੇ ਦੇ ਪੱਤਿਆਂ ਉਪਰ ਭੂਰੇ ਗੁਲਾਬੀ ਰੰਗ ਦੇ ਧੱਬੇ ਪੈ ਜਾਂਦੇ ਹਨ ਜੋ ਬਾਅਦ ਵਿਚ ਸੁੱਕ ਕੇ ਝੜ ਜਾਂਦੇ ਹਨ ਅਤੇ ਪੱਤਾ ਛਾਨਣੀ-2 ਹੋ ਜਾਂਦਾ ਹੈ। ਘਾਟ ਠੀਕ ਕਰਨ ਲਈ 0.5% ਮੈਗਨੀਜ਼ ਸਲਫੇਟ (1 ਕਿਲੋ ਮੈਗਨੀਜ਼ ਸਲਫੇਟ 200 ਲਿਟਰ ਪਾਣੀ ਪ੍ਰਤੀ ਏਕੜ) ਦੇ ਛਿੜਕਾਅ ਫਸਲ ਕਟਣ ਉਪਰੰਤ ਦੋ ਹਫਤੇ ਦੇ ਨਵੇਂ ਫੁਟਾਰੇ ਤੇ ਕਰੋ ਅਤੇ ਹਫਤੇ-ਹਫਤੇ ਬਾਅਦ 2-3 ਛਿੜਕਾਅ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਬਰਸੀਮ ਵਿੱਚ ਤਣਾਂ ਗਲਣ ਦਾ ਰੋਗ ਹੋਵੇ ਤਾਂ ਫਸਲ ਕੱਟਣ ਪਿੱਛੋ ਖੇਤ ਨੂੰ ਧੁੱਪ ਲੱਗਣ ਦਿਓ।