ਕਾਂਗਰਸ 'ਤੇ ਵੀ ਲਾਗੂ ਹੈ ਸਿਆਸੀ ਰੈਲੀਆਂ ਨਾ ਕਰਨ ਦਾ ਜ਼ਾਬਤਾ : ਬਲਬੀਰ ਸਿੰਘ ਰਾਜੇਵਾਲ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਬਲਬੀਰ ਰਾਜੇਵਾਲ ਨੇ ਕੈਪਟਨ ਦੇ ਬਿਆਨ ਉਤੇ ਸਖ਼ਤ ਪ੍ਰਤੀਕਿਰਿਆ ਦਿਤੀ ਹੈ। ਜਿਸ ਤੋਂ ਸਪੱਸ਼ਟ ਹੈ ਕਿ ਹੁਣ ਅਕਾਲੀ ਦਲ ਤੋਂ ਬਾਅਦ ਕਾਂਗਰਸ ਤੇ ਕਿਸਾਨ ਵੀ ਆਹਮੋ-ਸਾਹਮਣੇ ਹੋਣਗੇ। 

Balbir Singh Rajewal

 

ਚੰਡੀਗੜ੍ਹ (ਗੁਰਉਪਦੇਸ਼ ਭੁੱਲਰ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Captain Amarinder Singh) ਵਲੋਂ ਬੀਤੇ ਦਿਨੀ ਸੂਬੇ ਦੇ ਆਰਥਕ ਨੁਕਸਾਨ ਬਾਰੇ ਚਿੰਤਾ ਪ੍ਰਗਟ ਕਰਦਿਆਂ ਕਿਸਾਨਾਂ ਨੂੰ ਸੂਬੇ ਅੰਦਰ ਲਾਏ ਧਰਨੇ ਖ਼ਤਮ ਕਰਨ ਦੀ ਅਪੀਲ ਕਰਦਿਤਆਂ ਦਿਤੇ ਬਿਆਨ ਤੋਂ ਬਾਅਦ ਹੁਣ ਕਿਸਾਨਾਂ ਤੇ ਸੱਤਾਧਾਰੀ ਪਾਰਟੀ ਵਿਚ ਖਿੱਚੋਤਾਣ ਵਧਣ ਦੀ ਸਥਿਤੀ ਪੈਦਾ ਹੁੰਦੀ ਲਗਦੀ ਹੈ। ਸੰਯੁਕਤ ਕਿਸਾਨ ਮੋਰਚੇ (Samyukt Kisan Morcha) ਨਾਲ ਸਬੰਧਤ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵਲੋਂ ਮੁੱਖ ਮੰਤਰੀ ਦੇ ਬਿਆਨ ਉਤੇ ਰੋਸ ਭਰੇ ਤਿੱਖੇ ਬਿਆਨ ਦਿਤੇ ਜਾ ਰਹੇ ਹਨ।

ਹੋਰ ਪੜ੍ਹੋ: ਦਮ ਹੈ ਤਾਂ ਤਾਲਿਬਾਨ ਨੂੰ ‘ਅਤਿਵਾਦੀ’ ਸੰਗਠਨ ਐਲਾਨੇ ਮੋਦੀ ਸਰਕਾਰ : ਓਵੈਸੀ

ਪੰਜਾਬ ਦੇ ਪ੍ਰਮੁਖ ਆਗੂ ਬਲਬੀਰ ਸਿੰਘ ਰਾਜੇਵਾਲ (Balbir Singh Rajewal) ਨੇ ਵੀ ਕੈਪਟਨ ਦੇ ਬਿਆਨ ਉਤੇ ਸਖ਼ਤ ਪ੍ਰਤੀਕਿਰਿਆ ਦਿਤੀ ਹੈ। ਜਿਸ ਤੋਂ ਸਪੱਸ਼ਟ ਹੈ ਕਿ ਹੁਣ ਅਕਾਲੀ ਦਲ ਤੋਂ ਬਾਅਦ ਸੱਤਾਧਾਰੀ ਕਾਂਗਰਸ ਪਾਰਟੀ ਤੇ ਕਿਸਾਨ (Farmers Protest) ਵੀ ਆਹਮੋ-ਸਾਹਮਣੇ ਹੋਣਗੇ।  ਰਾਜੇਵਾਲ ਦਾ ਕਹਿਣਾ ਹੈ ਕਿ ਅਪਣੇ ਭਵਿਖ ਸਬੰਘੀ ਮਜ਼ਬੂਤ ਕਿਸਾਨ ਅੰਦੋਲਨ ਕਾਰਨ ਸਾਰੀਆਂ ਹੀ ਸਿਆਸੀ ਪਾਰਟੀਆਂ ਡਰੀਆਂ ਹੋਈਆਂ ਹਨ ਅਤੇ ਹੁਣ ਅਕਾਲੀ ਦਲ ਤੋਂ ਬਾਅਦ ਕਾਂਗਰਸ ਵੀ ਤੜਫ ਉਠੀ ਹੈ। 

ਹੋਰ ਪੜ੍ਹੋ: ਜਿਥੇ ਫ਼ੋਰਡ, ਹਾਰਲੇ ਵਰਗੀਆਂ ਵਿਦੇਸ਼ੀ ਕੰਪਨੀਆਂ ਬੰਦ ਹੋ ਰਹੀਆਂ ਹੋਣ, ਉਥੇ ਆਰਥਕਤਾ ਕਿਵੇਂ ਸੁਧਰੇਗੀ?

ਰਾਜੇਵਾਲ ਨੇ ਕਿਹਾ ਕਿ ਮੁੱਖ ਮੰਤਰੀ (Chief Minister Captain Amarinder Singh ) ਦੀ ਅਪੀਲ ’ਚ ਇਸ ਗੱਲ ਦਾ ਕੋਈ ਤਰਕ ਨਹੀਂ ਕਿ ਪੰਜਾਬ ਵਿਚ ਧਰਨਿਆਂ ਕਾਰਨ ਸੂਬੇ ਦਾ ਆਰਥਕ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਧਰਨੇ ਤਾਂ ਕੇਂਦਰ ਅਧੀਨ ਆਉਂਦੇ ਟੋਲ ਪਲਾਜ਼ਿਆਂ ਅਤੇ ਅੰਬਾਨੀ ਤੇ ਅਡਾਨੀ ਵਰਗੇ ਕਾਰਪੋਰੇਟਾਂ ਦੇ ਅਦਾਰਿਆਂ ਸਾਹਮਣੇ ਲੱਗੇ ਹਨ। ਪੰਜਾਬ ਸਰਕਾਰ ਵਿਰੁਧ ਕਿਸਾਨਾਂ ਦੇ ਧਰਨੇ ਕਿੱਥੇ ਹਨ? ਉਨ੍ਹਾਂ ਕਿਹਾ ਕਿ 32 ਕਿਸਾਨ ਜਥੇਬੰਦੀਆਂ ਨੇ ਸੱਭ ਪਾਰਟੀਆਂ ’ਤੇ ਚੋਣਾਂ ਦਾ ਐਲਾਨ ਹੋਣ ਤਕ ਵੱਡੀਆਂ ਚੋਣ ਰੈਲੀਆਂ ਨਾ ਕਰਨ ਦਾ ਜ਼ਾਬਤਾ ਲਾਗੂ ਕੀਤਾ ਸੀ ਅਤੇ ਕਿਸੇ ਪਾਰਟੀ ਨੂੰ ਇਸ ਵਿਚ ਛੋਟ ਨਹੀਂ ਸੀ।

ਹੋਰ ਪੜ੍ਹੋ: ਅੱਜ ਦਾ ਹੁਕਮਨਾਮਾ (15 ਸਤੰਬਰ 2021)

ਪੰਜਾਬ ਸਰਕਾਰ (Punjab Government) ਨੂੰ ਅਪਣੇ ਸਰਕਾਰੀ ਪ੍ਰੋਗਰਾਮ ਵੀ 40-50 ਲੋਕਾਂ ਦੇ ਇਕੱਠ ਤਕ ਸੀਮਤ ਕਰਨ ਲਈ ਕਿਹਾ ਗਿਆ ਸੀ ਪਰ ਮੁੱਖ ਮੰਤਰੀ ਨੇ ਤਾਂ ਵੱਡੇ ਇਕੱਠ ਕਰ ਕੇ ਰੈਲੀਆਂ ਦਾ ਹੀ ਕੰਮ ਸ਼ੁਰੂ ਕਰ ਦਿਤਾ ਹੈ।   ਉਨ੍ਹਾਂ ਕਿਹਾ ਕਾਂਗਰਸ ਨੂੰ ਵੀ ਵੱਡੀਆਂ ਰੈਲੀਆਂ ਨਹੀਂ ਕਰਨ ਦਿਤੀਆਂ ਜਾਣਗੀਆਂ ਅਤੇ ਇਸ ਲਈ ਹੁਣ ਅਸੀਂ ਕਿਸਾਨਾਂ ਨੂੰ ਵੀ ਤਕੜੇ ਹੋਣ ਲਈ ਕਹਿ ਦਿਤਾ ਹੈ। ਉਨ੍ਹਾਂ ਕਿਹਾ ਕਿ ਮੀਡੀਆ ਦੇ ਇਕ ਹਿੱਸੇ ਵਲੋਂ ਗ਼ਲਤ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਕਿਸਾਨ ਜਥੇਬੰਦੀਆਂ ਨੇ ਕਾਂਗਰਸ ਤੇ ਸਰਕਾਰ ਨੂੰ ਸਿਆਸੀ ਰੈਲੀਆਂ ਦੀ ਛੋਟ ਦਿਤੀ ਹੈ ਪਰ ਸਾਡੇ ਲਈ ਸੱਭ ਪਾਰਟੀਆਂ ਬਰਾਬਰ ਹਨ ਤੇ ਸੱਭ ’ਤੇ ਇਕੋ ਜਿਹਾ ਜ਼ਾਬਤਾ ਲਾਗੂ ਹੋਵੇਗਾ।

ਭਾਜਪਾ ਆਗੂ ਕਾਹਲੋਂ ਨੂੰ ਦਿਤੀ ਸਬਕ ਸਿਖਾਉਣ ਦੀ ਚਿਤਾਵਨੀ

ਕਿਸਾਨ ਆਗੂ ਰਾਜੇਵਾਲ ਨੇ ਗੁੱਸੇ ਦਾ ਪ੍ਰਗਟਾਵਾ ਕਰਦਿਆਂ ਭਾਜਪਾ ਵਿਚ ਸ਼ਾਮਲ ਹੋਏ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਸਾਬਕਾ ਪ੍ਰਧਾਨ ਹਰਿੰਦਰ ਸਿੰਘ ਕਾਹਲੋਂ (Harinder Singh Kahlon) ਨੂੰ ਵੀ ਉਨ੍ਹਾਂ ਵਲੋਂ ਕਿਸਾਨਾਂ ਬਾਰੇ ਕੀਤੀ ਟਿੱਪਣੀ ਲਈ ਸਬਕ ਸਿਖਾਉਣ ਦੀ ਚਿਤਾਵਨੀ ਦਿਤੀ ਹੈ। ਉਨ੍ਹਾਂ ਕਿਹਾ ਕਿ ਅਜਿਹੇ 36 ਕਾਹਲੋਂ ਅਸੀਂ ਦੇਖੇ ਹਨ ਅਤੇ ਕਿਸਾਨਾਂ ਦਾ ਅਪਮਾਨ ਸਹਿਣ ਨਹੀਂ ਕਰਾਂਗੇ। ਇਸ ਨੂੰ ਅਜਿਹਾ ਸਬਕ ਸਿਖਾਵਾਂਗੇ ਕਿ ਨਾਨੀ ਚੇਤੇ ਕਰਾ ਦਿਆਂਗੇ।