ਪੰਜਾਬ ਦੇ ਇਸ ਕਿਸਾਨ ਨੇ ਵੱਟਾਂ ‘ਤੇ ਝੋਨਾ ਲਗਾ ਕੇ ਵੱਧ ਝਾੜ ਕੀਤਾ ਹਾਸਲ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਅੱਜ ਸਾਡਾ ਸਮਾਜ ਧੜਾਧੜ ਮੋਟਰਾਂ ਲਗਾਉਣ ਵਿਚ ਲੱਗਿਆ ਹੋਇਆ ਹੈ ਪ੍ਰੰਤੂ ਪਾਣੀ ਦੁਬਾਰਾ...

Kissan, Surjit Singh

ਸ਼੍ਰੀ ਫ਼ਤਿਹਗੜ੍ਹ ਸਾਹਿਬ: ਅੱਜ ਸਾਡਾ ਸਮਾਜ ਧੜਾਧੜ ਮੋਟਰਾਂ ਲਗਾਉਣ ਵਿਚ ਲੱਗਿਆ ਹੋਇਆ ਹੈ ਪ੍ਰੰਤੂ ਪਾਣੀ ਦੁਬਾਰਾ ਧਰਤੀ ਵਿਚ ਲਿਜਾਉਣ ਲਈ ਕੋਈ ਯਤਨ ਨਹੀਂ ਕੀਤੇ ਜਾ ਰਹੇ ਜਦੋਂ ਕਿ ਇਸ ਜ਼ਿਲ੍ਹੇ ਦੇ ਪਿੰਡ ਸਾਧੂਗੜ੍ਹ ਦੇ ਅਗਾਂਹਵਧੂ ਕਿਸਾਨ ਸੁਰਜੀਤ ਸਿੰਘ ਸਾਧੂਗੜ੍ਹ ਨੇ ਆਪਣੇ ਖੇਤਾਂ ਦੀਆਂ ਵੱਟਾਂ ਉੱਤੇ ਝੋਨਾ ਲਗਾਇਆ। ਉਸ ਨੇ ਦੱਸਿਆ ਕਿ ਇਸ ਦੇ ਨਾਲ ਜਿੱਥੇ ਝੋਨੇ ਦੇ ਝਾੜ ਵਿਚ ਵਾਧਾ ਹੋਇਆ ਹੈ ਉੱਥੇ ਬਾਰਿਸ਼ ਆਦਿ ਜ਼ਿਆਦਾ ਹੋਣ ਨਾਲ ਪਾਣੀ ਧਰਤੀ ਵਿਚ ਜਾਂਦਾ ਹੈ।

ਉਸ ਨੇ ਦੱਸਿਆ ਕਿ ਉਸ ਨੇ ਇਸ ਵਾਰ ਆਲੂਆਂ ਵਾਂਗ ਵੱਟਾਂ ਟਰੈਕਟਰ ਨਾਲ ਬਣਾ ਕੇ ਆਪਣੇ ਖੇਤਾਂ ਵਿਚ ਝੋਨੇ ਦੀ ਕਾਸ਼ਤ ਕੀਤੀ ਸੀ ਜਿਸ ਨਾਲ ਉਸ ਦੀ ਫ਼ਸਲ ਨੂੰ ਕੋਈ ਰੋਗ ਵੀ ਨਹੀਂ ਲੱਗਿਆ। ਇੱਥੇ ਇਹ ਵਰਣਨਯੋਗ ਹੈ ਕਿ ਸੁਰਜੀਤ ਸਿੰਘ ਨੇ ਪੰਜਾਬ ਵਿਚ ਸਭ ਤੋਂ ਪਹਿਲਾਂ ਪਹਿਲਕਦਮੀ ਕਰਦੇ ਹੋਏ 2001 ਤੋਂ ਆਪਣੇ ਖੇਤਾਂ ਵਿਚ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣੀ ਬੰਦ ਕੀਤੀ ਅਤੇ 2006 ਤੋਂ ਫੁਆਰਾ ਸਿਸਟਮ ਰਾਹੀਂ ਜ਼ਮੀਨ ਨੂੰ ਪਾਣੀ ਲਗਾਇਆ ਜਾ ਰਿਹਾ ਹੈ ਅਤੇ ਆਰਗੈਨਿਕ ਖੇਤੀ ਵੀ ਕਰ ਰਿਹਾ ਹੈ ਜੋ ਸਮੇਂ ਦੀ ਲੋੜ ਹੈ।

ਉਸ ਦੀਆਂ ਸ਼ਾਨਦਾਰ ਸੇਵਾਵਾਂ ਨੂੰ ਦੇਖਦੇ ਹੋਏ ਡਿਪਟੀ ਕਮਿਸ਼ਨਰ ਫ਼ਤਿਹਗੜ੍ਹ ਸਾਹਿਬ ਡਾ. ਪ੍ਰਸ਼ਾਂਤ ਕੁਮਾਰ ਗੋਇਲ ਅਤੇ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਡਾ. ਸੁਤੰਤਰ ਐਰੀ ਵੱਲੋਂ 25 ਸਤੰਬਰ ਨੂੰ ਉਸ ਨੂੰ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਦੌਰਾਨ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।