ਵਲੀਪੁਰ 'ਚ ਖੇਤੀ ਵਿਭਾਗ ਨੇ ਵਾਹਿਆ ਝੋਨਾ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

20 ਜੂਨ ਤੋਂ ਪਹਿਲਾਂ ਝੋਨਾ ਨਾ ਲਾਉਣ ਦੇ ਸੱਦੇ ਨੂੰ ਨਜ਼ਰਅੰਦਾਜ਼ ਕਰ ਕੇ ਪਿੰਡ ਵਲੀਪੁਰ ਵਿਖੇ ਇਕ ਕਿਸਾਨ ਵਲੋਂ ਲਗਾਏ ਗਏ ਝੋਨੇ ਨੂੰ ਖੇਤੀਬਾੜੀ .....

Sowning Paddy in Walipur

ਲੁਧਿਆਣਾ : 20 ਜੂਨ ਤੋਂ ਪਹਿਲਾਂ ਝੋਨਾ ਨਾ ਲਾਉਣ ਦੇ ਸੱਦੇ ਨੂੰ ਨਜ਼ਰਅੰਦਾਜ਼ ਕਰ ਕੇ ਪਿੰਡ ਵਲੀਪੁਰ ਵਿਖੇ ਇਕ ਕਿਸਾਨ ਵਲੋਂ ਲਗਾਏ ਗਏ ਝੋਨੇ ਨੂੰ ਖੇਤੀਬਾੜੀ ਵਿਭਾਗ ਪੰਜਾਬ ਵਲੋਂ ਵਾਹ ਦਿਤਾ ਗਿਆ ਹੈ। ਇਹ ਕਾਰਵਾਈ ਪੰਜਾਬ ਸਰਕਾਰ ਵਲੋਂ ਧਰਤੀ ਹੇਠਲੇ ਪਾਣੀ ਨੂੰ ਹੋਰ ਹੇਠਾਂ ਜਾਣ ਤੋਂ ਰੋਕਣ ਲਈ ਸ਼ੁਰੂ ਕੀਤੇ ਗਏ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਕੀਤੀ ਗਈ। 

ਇਸ ਕਾਰਵਾਈ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ ਡਾ. ਬਲਦੇਵ ਸਿੰਘ ਨੇ ਦਸਿਆ ਕਿ ਵਿਭਾਗ ਨੂੰ ਸੂਚਨਾ ਮਿਲੀ ਸੀ ਕਿ ਹੰਬੜਾਂ ਨੇੜੇ ਪੈਂਦੇ ਪਿੰਡ ਵਲੀਪੁਰ ਕਲਾਂ ਦਾ ਕਿਸਾਨ ਸਰਵਨ ਸਿੰਘ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਉਲੰਘਣਾ ਕਰਦਿਆਂ ਅਪਣੇ ਅੱਧੇ ਏਕੜ ਖੇਤ ਵਿਚ 20 ਜੂਨ ਤੋਂ ਪਹਿਲਾਂ ਝੋਨੇ ਦੀ ਲਵਾਈ ਕਰ ਰਿਹਾ ਹੈ। ਵਿਭਾਗ ਨੇ ਇਸ ਸੂਚਨਾ ਦਾ ਗੰਭੀਰ ਨੋਟਿਸ ਲੈਂਦਿਆਂ ਤੁਰੰਤ ਕਾਰਵਾਈ ਕੀਤੀ ਅਤੇ ਇਹ ਖੇਤ ਵਾਹ ਦਿਤਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਲੁਧਿਆਣਾ ਵਿਚ ਕਿਸਾਨਾਂ ਵਲੋਂ 20 ਜੂਨ ਤੋਂ ਪਹਿਲਾਂ ਝੋਨੇ ਦੀ ਲਵਾਈ ਨਾ ਕਰਵਾਈ ਜਾਵੇ, 'ਤੇ ਵਿਭਾਗ ਵਲੋਂ ਬਕਾਇਦਾ ਨਜ਼ਰ ਰੱਖੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਧਰਤੀ ਹੇਠਲੇ ਪਾਣੀ ਨੂੰ ਹੋਰ ਹੇਠਾਂ ਜਾਣ ਤੋਂ ਰੋਕਣ ਲਈ ਹਰ ਉਪਰਾਲਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਖਾਦਾਂ ਦੀ ਸੰਤੁਲਿਤ ਵਰਤੋਂ ਕਰਨੀ ਚਾਹੀਦੀ ਹੈ ਅਤੇ ਜੇ ਕਣਕ ਦੀ ਫ਼ਸਲ ਨੂੰ ਪੂਰੀ ਡੀ.ਏ.ਪੀ. ਖਾਦ ਪਾਈ ਹੈ ਤਾਂ ਝੋਨੇ ਦੀ ਫ਼ਸਲ ਵਿਚ ਡੀ.ਏ.ਪੀ. ਖਾਦ ਪਾਉਣ ਦੀ ਲੋੜ ਨਹੀਂ ਅਤੇ ਝੋਨੇ ਦੇ ਝਾੜ 'ਤੇ ਕੋਈ ਫ਼ਰਕ ਨਹੀਂ ਪੈਂਦਾ। ਇਸ ਨਾਲ ਕਿਸਾਨ 'ਤੇ ਆਰਥਕ ਬੋਝ ਘਟੇਗਾ ਅਤੇ ਵਾਤਾਵਰਣ ਸਵੱਛ ਰਹੇਗਾ। ਇਸ ਮੌਕੇ ਸ਼ੇਰਜੀਤ ਸਿੰਘ, ਗੁਰਕੀਰਤ ਸਿੰਘ, ਕਿਸਾਨ ਲਖਵੀਰ ਸਿੰਘ ਚੱਕ ਅਤੇ ਹੋਰ ਵੀ ਹਾਜ਼ਰ ਸਨ।