ਝੋਨਾ 20 ਜੂਨ ਤੋਂ ਪਹਿਲਾਂ ਲਾਉਣ ਵਾਲੇ ਕਿਸਾਨਾਂ ਵਿਰੁਧ ਹੋਵੇਗੀ ਕਾਰਵਾਈ: ਏ.ਡੀ.ਓ.

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

 ਡਾ: ਬਲਦੇਵ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਲੁਧਿਆਣਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਲਾਕ ਸੁਧਾਰ ਦੇ ਖੇਤੀਬਾੜੀ ਅਫ਼ਸਰ ਡਾ. ਨਿਰਮਲ ਸਿੰਘ ਅਤੇ ਏ.ਡੀ.ਓ. .......

A.D.O. Sukhwinder Kaur Bassian With Others

ਰਾਏਕੋਟ, :   ਡਾ: ਬਲਦੇਵ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਲੁਧਿਆਣਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਲਾਕ ਸੁਧਾਰ ਦੇ ਖੇਤੀਬਾੜੀ ਅਫ਼ਸਰ ਡਾ. ਨਿਰਮਲ ਸਿੰਘ ਅਤੇ ਏ.ਡੀ.ਓ. ਸੁਖਵਿੰਦਰ ਕੌਰ ਬੱਸੀਆਂ ਦੀ ਅਗਵਾਈ ਹੇਠ ਕਿਸਾਨਾਂ ਨੂੰ 20 ਜੂਨ ਤੋਂ ਪਹਿਲਾਂ ਝੋਨਾ ਨਾ ਲਾਉਣ ਸਬੰਧੀ ਜਾਗਰੂਕ ਕਰਨ ਲਈ ਨੇੜਲੇ ਪਿੰਡ ਰਾਜੋਆਣਾ ਖੁਰਦ ਵਿਖੇ ਕਿਸਾਨ ਜਾਗਰੂਕ ਸਮਾਗਮ ਕਰਵਾਇਆ ਗਿਆ। 

ਇਸ ਮੌਕੇ ਸੰਬੋਧਨ ਕਰਦੇ ਹੋਏ ਏ.ਡੀ.ਓ. ਸੁਖਵਿੰਦਰ ਕੌਰ ਬੱਸੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਬਣਾਏ ਕਾਨੂੰਨ ਪੰਜਾਬ ਪ੍ਰਜ਼ਰਵੇਸ਼ਨ ਆਫ਼ ਸਬ ਸੁਆਇਲ ਐਕਟ 2009 ਦੀ ਪਾਲਣਾ ਕਰਨਾ ਕਿਸਾਨਾਂ ਦਾ ਨੈਤਿਕ ਫ਼ਰਜ਼ ਹੈ ਕਿਉਂਕਿ ਕੁਦਰਤ ਵਲੋਂ ਬਖਸ਼ਿਆ ਗਿਆ ਇਹ ਪਾਣੀ ਦਾ ਅਨਮੋਲ ਖ਼ਜ਼ਾਨਾ ਜੋ ਅਸੀਂ ਖੇਤੀਬਾੜੀ ਅਤੇ ਪੀਣ ਵਾਸਤੇ ਵਰਤ ਰਹੇ ਹਾਂ, ਇਸ ਨਾਲ ਧਰਤੀ ਦੇ ਹੇਠਲੇ ਪਾਣੀ ਦਾ ਪੱਧਰ ਦਿਨ ਵਾ ਦਿਨ ਹੇਠਾ ਜਾ ਰਿਹਾ ਹੈ।

ਪਾਣੀ ਦੇ ਪੱਧਰ ਨੂੰ ਬਰਕਾਰ ਰੱਖਣ ਲਈ ਕਿਸਾਨਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਝੋਨਾ ਸਰਕਾਰ ਦੀਆਂ ਹਦਾਇਤਾਂ ਅਨੁਸਾਰ 20 ਜੂਨ ਤੋਂ ਬਾਅਦ ਹੀ ਲਾਉਣ ਅਤੇ ਖੇਤੀਬਾੜੀ ਮਹਿਕਮੇ ਵਲੋਂ ਕੀਤੀਆਂ ਜਾਂਦੀਆਂ ਅਪੀਲਾਂ ਨੂੰ ਇੰਨ-ਬਿੰਨ ਅਮਲ ਵਿਚ ਲਿਆਂਦਾ ਜਾਵੇ। ਜੇ ਕੋਈ ਕਿਸਾਨ ਇਸ ਕਾਨੂੰਨ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਵਿਰੁਧ ਐਕਟ ਤਹਿਤ 10,000 ਰੁਪਏ ਜੁਰਮਾਨਾ ਜਾਂ ਸਜ਼ਾ ਕੀਤੀ ਜਾ ਸਕਦੀ ਹੈ।

ਉਨ੍ਹਾਂ ਕਿਸਾਨਾਂ ਨੂੰ ਖੇਤੀਬਾੜੀ ਵਿਭਾਗ ਵਲੋਂ ਪਰਾਲੀ ਦੀ ਰਹਿੰਦ-ਖੂੰਹਦ ਨੂੰ ਨਾ ਸਾੜਨ ਅਤੇ ਉਸ ਦੇ ਸੁਚੱਜੇ ਪ੍ਰਬੰਧਾਂ ਲਈ ਵਿਭਾਗ ਵਲੋਂ ਅੱਠ ਤਰ੍ਹਾਂ ਦੀ ਖੇਤੀ ਮਸ਼ੀਨਾਂ ਦੀ ਖ਼ਰੀਦ ਕਰਨ ਬਾਬਤ ਕਿਸਾਨਾਂ ਨੂੰ ਨਿਜੀ ਮਸ਼ੀਨਰੀ ਲੈਣ ਲਈ 50 ਫ਼ੀਸਦੀ ਸਬਸਿਡੀ ਅਤੇ ਸਹਿਕਾਰੀ ਸਭਾਵਾਂ/ਕਿਸਾਨ ਗਰੁਪਾਂ ਨੂੰ ਕਸਟਮ ਹਾਇਰਿੰਗ ਸੈਂਟਰ ਬਣਾਉਣ ਲਈ 80 ਫ਼ੀਸਦੀ ਸਬਸਿਡੀ ਦਿਤੀ ਜਾਵੇਗੀ। ਇਨ੍ਹਾਂ ਸੈਂਟਰਾਂ ਵਿਚ 10 ਲੱਖ ਰੁਪਏ ਤੋਂ 75 ਲੱਖ ਰੁਪਏ ਤਕ ਦੀ ਅਜਿਹੀ ਮਸ਼ੀਨਰੀ ਬਹੁਗਿਣਤੀ ਵਿਚ ਖ਼ਰੀਦੀ ਜਾ ਸਕੇਗੀ ਜੋ ਆਲੇ-ਦੁਆਲੇ ਦੇ ਕਿਸਾਨਾਂ ਨੂੰ ਇਹ ਮਸ਼ੀਨਾਂ ਕਿਰਾਏ 'ਤੇ ਮੁਹਈਆ ਕਰਵਾਈਆਂ ਜਾ ਸਕਣ।

ਇਸ ਵਿਚ ਹੈਪੀ ਸੀਡਰ, ਜੀਰੋ ਟਿੱਲ ਡਰਿੱਲ, ਪੈਡੀ ਚੋਪਰ, ਸਰੈਡਰ/ਮਲਚਰ, ਕੰਬਾਈਨ ਹਾਰਵੈਸਟਰ ਸੁਪਰ, ਐਸਐਮਐਸ, ਰੋਟਾਵੇਟਰ, ਹਾਈਡ੍ਰੋਲਿਕ  ਐਮਬੀ ਪਲਾਊ, ਰੋਟਰੀ ਸਲੈਸਰ, ਕਟਰ ਕਮ ਸਪਰੈਡਰ ਮਸ਼ੀਨਾਂ ਸ਼ਾਮਲ ਹਨ। ਇਸ ਸਕੀਮ ਦਾ ਲਾਭ ਲੈਣ ਲਈ ਕਿਸਾਨ ਖੇਤੀਬਾੜੀ ਵਿਭਾਗ ਦੇ ਵੱਖ-ਵੱਖ ਦਫ਼ਤਰਾਂ ਵਿਚ 15 ਜੂਨ ਤਕ ਕੇਸ ਮੁਕੰਮਲ ਕਰ ਕੇ ਅਰਜ਼ੀਆ ਦੇ ਸਕਦੇ ਹਨ। 

ਇਸ ਮੌਕੇ ਰਵਿੰਦਰ ਕੁਮਾਰ ਖੇਤੀਬਾੜੀ ਵਿਸਥਾਰ ਅਫ਼ਸਰ ਤਲਵੰਡੀ ਰਾਏ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਬਲਾਕ ਦੇ ਵੱਖ-ਵੱਖ ਪਿੰਡਾਂ 'ਚ ਲਾਏ ਜਾ ਰਹੇ ਮਿੱਟੀ ਦੇ ਸੈਂਪਲਾਂ ਨੂੰ ਭਰਨ ਵਿਚ ਮਹਿਕਮੇ ਦਾ ਸਹਿਯੋਗ ਕਰਨ ਤਾਂ ਜੋ ਖੇਤਾਂ ਵਿਚ ਮਿੱਟੀ ਪਰਖ ਰੀਪੋਰਟਾਂ ਦੇ ਅਧਾਰ 'ਤੇ ਖਾਦਾਂ ਦੀ ਸੁਚੱਜੀ ਵਰਤੋਂ ਕੀਤੀ ਜਾ ਸਕੇ। ਇਸ ਮੌਕੇ ਜਸਵਿੰਦਰ ਕੌਰ ਖੇਤੀਬਾੜੀ ਸਬ ਇੰਸਪੈਕਟਰ, ਪਰਮਿੰਦਰ ਸਿੰਘ ਬਲਾਕ ਟੈਕਨਾਲੋਜੀ ਮੈਨੇਜਰ ਵਲੋਂ ਕਿਸਾਨਾਂ ਨੂੰ ਜਾਣਕਾਰੀ ਦਿਤੀ ਗਈ।

ਇਸ ਮੌਕੇ ਪਿੰਡ ਦੇ ਅਗਾਂਹਵਧੂ ਕਿਸਾਨ ਬਲਵਿੰਦਰ ਸਿੰਘ ਰਾਜੋਆਣਾ, ਕੁਲਦੀਪ ਸਿੰਘ, ਰਮਨਦੀਪ ਸਿੰਘ, ਕੇਵਲ ਸਿੰਘ, ਸੁਖਦੇਵ ਸਿੰਘ, ਗੁਰਦੀਪ ਸਿੰਘ, ਜਸਮਿੰਦਰ ਸਿੰਘ ਆਦਿ ਹਾਜ਼ਰ ਸਨ।