ਕਿਸਾਨ ਯੂਨੀਅਨਾਂ ਦੇ ਸ਼ੰਕਿਆਂ ਦੇ ਉਲਟ ਕਣਕ ਦੀ ਨਿਰਵਿਘਨ ਖ਼ਰੀਦ, ਕਿਸਾਨ ਖੱਜਲ-ਖੁਆਰੀ ਤੋਂ ਬਚੇ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਕਣਕ ਦੀ ਖ਼ਰੀਦ ਇਸ ਸਾਲ ਹਰ ਪੱਖੋਂ ਬੇਹਤਰ ਰਹੀ : ਪੰਨੂੰ ਦਾ ਦਾਅਵਾ

Photo

ਚੰਡੀਗੜ੍ਹ(ਐਸ.ਐਸ. ਬਰਾੜ): ਆੜ੍ਹਤੀਆਂ ਅਤੇ ਕਿਸਾਨ ਯੂਨੀਅਨਾਂ ਦੇ ਸ਼ੰਕਿਆਂ ਦੇ ਉਲਟ ਇਸ ਸਾਲ ਪੰਜਾਬ ’ਚ ਕਣਕ ਦੀ ਖ਼ਰੀਦ ਪੂਰੀ ਤਰ੍ਹਾਂ ਨਿਰਵਿਘਨ ਹੋਈ ਅਤੇ ਕਿਸਾਨਾਂ ਨੂੰ ਮੰਡੀਆਂ ’ਚ ਰੁਲਣਾ ਵੀ ਨਹੀਂ ਪਿਆ। ਇਸ ਤਰ੍ਹਾਂ ਇਹ ਵੀ ਨੁਕਤਾਚੀਨੀ ਹੋਈ ਕਿ ਮੰਡੀਆਂ ’ਚੋਂ ਕਣਕ ਨਹੀਂ ਚੁੱਕੀ ਜਾ ਸਕੇਗੀ।

ਪ੍ਰੰਤੂ ਇਨ੍ਹਾਂ ਸੱਭ ਕਿਆਸ ਅਰਾਈਆਂ ਦੇ ਉਲਟ ਸ਼ਾਇਦ ਇਹ ਪਹਿਲੀ ਵਾਰ ਹੈ ਕਿ ਕੋਰੋਨਾ ਬੀਮਾਰੀ ਦਾ ਸੰਕਟ ਅਤੇ ਮਜ਼ਦੂਰਾਂ ਦੀ ਘਾਟ ਦੇ ਬਾਵਜੂਦ ਕਣਕ ਦੀ ਖ਼ਰੀਦ ਬਿਨਾਂ ਕਿਸਾਨਾਂ ਦੀ ਖੱਜਲ-ਖੁਆਰੀ ਦੇ ਹੋਈ ਹੈ ਅਤੇ ਕਣਕ ਚੁੱਕਣ ਦਾ ਕੰਮ ਵੀ ਪਿਛਲੇ ਸਾਲ ਨਾਲੋਂ ਬੇਹਤਰ ਰਿਹਾ। ਜੇਕਰ ਝੋਨੇ ਦੀ ਫ਼ਸਲ ਲਈ ਵੀ ਖ਼ਰੀਦ ਦਾ ਇਹੀ ਢੰਗ ਤਰੀਕਾ ਅਪਣਾਇਆ ਜਾਵੇ ਤਾਂ ਕਿਸਾਨਾਂ ਲਈ ਬਹੁਤ ਵੱਡੀ ਰਾਹਤ ਹੋਵੇਗੀ।

ਇਸ ਸਾਲ ਕਣਕ ਦੀ ਸਰਕਾਰੀ ਖ਼ਰੀਦ 30 ਮਈ ਤਕ ਚੱਲੇਗੀ। ਜਿਥੋਂ ਤਕ ਕਣਕ ਦੇ ਝਾੜ ਅਤੇ ਉਤਪਾਦਨ ਦਾ ਸਬੰਧ ਹੈ, ਇਸ ’ਚ ਕੁੱਝ ਕਮੀ ਆਉਣ ਦੇ ਆਸਾਰ ਹਨ। ਇਸ ਸਾਲ 18 ਮਈ ਤਕ ਪੰਜਾਬ ਦੀਆਂ ਮੰਡੀਆਂ ’ਚ 1,24.05 ਲੱਖ ਟਨ ਕਣਕ ਆਈ ਅਤੇ ਲਗਭਗ ਸਾਰੀ ਹੀ ਖ਼ਰੀਦੀ ਗਈ। ਜਦਕਿ ਪਿਛਲੇ ਸਾਲ ਇਸ ਦਿਨ ਤਕ 127.80 ਲੱਖ ਟਨ ਕਣਕ ਦੀ ਖ਼ਰੀਦ ਹੋਈ ਪ੍ਰੰਤੂੂ ਇਸ ਸਾਲ ਝਾਂੜ ਘੱਟ ਹੋਣ ਅਤੇ ਉਤਪਾਦਨ ਘਟਣ ਕਾਰਨ, ਕਣਕ ਦੀ ਖ਼ਰੀਦ 130 ਲੱਖ ਟਨ ਦੇ ਅੰਕੜੇ ਨੂੰ ਪਾਰ ਨਹੀਂ ਕਰ ਸਕੇਗੀ।

ਇਸ ਮੁੱਦੇ ’ਤੇ ਜਦ ਪੰਜਾਬ ਸਰਕਾਰ ਦੇ ਖੇਤੀ ਸਕੱਤਰ ਕਾਹਨ ਸਿੰਘ ਪੰਨੂੰ ਨਾਲ ਗੱਲ ਹੋਈ ਤਾਂ ਉਨ੍ਹਾਂ ਮੰਨਿਆ ਕਿ ਤਿੰਨ ਜ਼ਿਲਿ੍ਹਆਂ ਪਟਿਆਲਾ, ਫ਼ਤਿਹਗੜ੍ਹ ਸਾਹਿਬ ਅਤੇ ਮੋਹਾਲੀ ’ਚ ਝਾੜ ’ਚ ਕੁੱਝ ਕਮੀ ਆਈ ਹੈ। ਨਾਲ ਹੀ ਉਨ੍ਹਾਂ ਦਾਅਵਾ ਕੀਤਾ ਕਿ 6 ਜ਼ਿਲਿ੍ਹਆਂ ’ਚ ਕਣਕ ਦੀ ਆਮਦ ਪਿਛਲੇ ਸਾਲ ਨਾਲੋਂ ਬੇਹਤਰ ਹੈ।

ਇਸ ਲਈ ਕਣਕ ਦੇ ਉਤਪਾਦਨ ਜਾਂ ਝਾੜ ’ਚ ਮਾਮੂਲੀ ਕਮੀ ਤਾਂ ਹੋ ਸਕਦੀ ਹੈ, ਜ਼ਿਆਦਾ ਫ਼ਰਕ ਨਹੀਂ ਹੋਵੇਗਾ। ਤਿੰਨ ਜ਼ਿਲਿ੍ਹਆਂ ’ਚ ਝਾੜ ਘੱਟ ਹੋਣ ਦਾ ਕਾਰਨ ਵੀ ਬੇਮੌਸਮੀ ਬਾਰਸ਼ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਸ ਸਾਲ ਕਣਕ ਦੀ ਖ਼ਰੀਦ ਨਿਰਵਿਘਨ ਹੋਈ ਅਤੇ ਕਿਸਾਨਾਂ ਨੂੰ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿਤੀ ਗਈ।

ਉਨ੍ਹਾਂ ਦਸਿਆ ਕਿ ਮੰਡੀਆਂ ’ਚੋਂ ਕਣਕ ਚੁੱਕਣ ਦਾ ਕੰਮ ਵੀ ਬੇਹਤਰ ਚਲ ਰਿਹਾ ਹੈ। ਇਸ ਸਾਲ 18 ਮਈ ਨੂੰ 10.84 ਲੱਖ ਟਨ ਕਣਕ ਹੀ ਚੁੱਕਣ ਵਾਲੀ ਬਾਕੀ ਪਈ ਸੀ ਜਦਕਿ ਪਿਛਲੇ ਸਾਲ 15 ਦਿਨ ਪਹਿਲਾਂ ਕਣਕ ਦੀ ਖ਼ਰੀਦ ਆਰੰਭ ਕਰ ਕੇ ਵੀ 14.20 ਲੱਖ ਟਨ ਕਣਕ ਚੁੱਕਣ ਵਾਲੀ ਬਾਕੀ ਪਈ ਸੀ।
ਅਦਾਇਗੀਆਂ ਬਾਰੇ ਉੁਨ੍ਹਾਂ ਦਸਿਆ ਕਿ 21478 ਕਰੋੜ ਰੁਪਏ ਦੀ ਅਦਾਇਗੀ ਹੋ ਚੁੱਕੀ ਹੈ।