ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਨੇ ਪਾਵਰਕਾਮ ਦਫ਼ਤਰ 'ਚ ਦਿਖਾਈ ਗੁੰਡਾਗਰਦੀ!

ਏਜੰਸੀ

ਖੇਤੀਬਾੜੀ, ਕਿਸਾਨੀ ਮੁੱਦੇ

ਬਿਜਲੀ ਮੁਲਾਜ਼ਮਾਂ ਪਾਸੋਂ ਕੰਨ ਫੜਵਾ ਕੇ ਬੈਠਕਾਂ ਕਢਵਾਈਆਂ

Kapurthala Kisan Union District President Punjab Police India

ਕਪੂਰਥਲਾ: ਸੋਸ਼ਲ ਮੀਡੀਆ 'ਤੇ ਕਿਸਾਨ ਯੂਨੀਅਨ (ਕਾਦੀਆਂ) ਦੇ ਜ਼ਿਲ੍ਹਾ ਪ੍ਰਧਾਨ ਜਸਵੀਰ ਸਿੰਘ ਦੀ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿਚ ਉਹ ਪਾਵਰਕਾਮ ਦੇ ਦਫ਼ਤਰ ਵਿਚ ਬਿਜਲੀ ਮੁਲਾਜ਼ਮਾਂ ਨਾਲ ਬਦਸਲੂਕੀ ਕਰਦੇ ਹੋਏ ਨਜ਼ਰ ਆ ਰਹੇ ਨੇ।

ਅਪਣੇ ਕਿਸਾਨ ਸਾਥੀਆਂ ਨਾਲ ਪੁੱਜੇ ਜਸਵੀਰ ਸਿੰਘ ਨੇ ਜਿੱਥੇ ਬਿਜਲੀ ਮੁਲਾਜ਼ਮਾਂ ਪਾਸੋਂ ਕਿਸਾਨ ਜਿੰਦਾਬਾਦ ਦੇ ਨਾਅਰੇ ਲਗਵਾਏ, ਉਥੇ ਹੀ ਉਨ੍ਹਾਂ ਪਾਸੋਂ ਬੈਠਕਾਂ ਵੀ ਕਢਵਾਈਆਂ। ਕਿਸਾਨ ਆਗੂ ਵੱਲੋਂ ਬਿਜਲੀ ਦਫ਼ਤਰ ਵਿਚ ਦਿਖਾਈ ਗੁੰਡਾਗਰਦੀ ਦੀ ਇਹ ਵੀਡੀਓ ਜਲੰਧਰ ਜ਼ਿਲ੍ਹੇ ਦੇ ਕਰਤਾਰਪੁਰ ਫੀਡਰ ਦੀ ਦੱਸੀ ਜਾ ਰਹੀ ਹੈ ਜੋ ਸੋਸ਼ਲ ਮੀਡੀਆ 'ਤੇ ਕਾਫ਼ੀ ਜ਼ਿਆਦਾ ਵਾਇਰਲ ਹੋ ਰਹੀ ਹੈ।

ਇਸ ਮਾਮਲੇ ਨੂੰ ਲੈ ਕੇ ਕਿਸਾਨ ਆਗੂ ਜਸਵੀਰ ਸਿੰਘ ਨੇ ਸਫ਼ਾਈ ਦਿੰਦਿਆਂ ਆਖਿਆ ਹੈ ਕਿ ਉਨ੍ਹਾਂ ਵੱਲੋਂ ਦੁਖੀ ਹੋ ਕੇ ਇਹ ਕਦਮ ਉਠਾਇਆ ਗਿਆ ਕਿਉਂਕਿ ਬਿਜਲੀ ਮੁਲਾਜ਼ਮਾਂ ਨੇ ਕਿਸਾਨਾਂ ਨੂੰ ਗੁੰਡਾ ਅਨਸਰ ਕਿਹਾ ਸੀ ਅਤੇ ਉਹ ਕਿਸਾਨਾਂ ਦੀਆਂ ਸਮੱਸਿਆਵਾਂ ਨਹੀਂ ਸੁਣਦੇ, ਜਿਨ੍ਹਾਂ ਤੋਂ ਕਿਸਾਨ ਕਾਫ਼ੀ ਜ਼ਿਆਦਾ ਪਰੇਸ਼ਾਨ ਹਨ। ਦਸ ਦਈਏ ਕਿ ਕਿਸਾਨਾਂ ਨੂੰ ਖੇਤੀਬਾੜੀ ਸਬੰਧੀ ਭਾਰੀ ਦਿਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਹੁਣ ਝੋਨੇ ਦੀ ਫ਼ਸਲ ਲਗਾਈ ਜਾ ਰਹੀ ਹੈ ਜਿਸ ਦੇ ਚਲਦੇ ਮਜ਼ਦੂਰਾਂ ਦੀ ਭਾਰੀ ਕਮੀ ਹੋ ਗਈ ਹੈ। ਕੋਰੋਨਾ ਵਾਇਰਸ ਦੇ ਚਲਦੇ ਭਾਰਤ ਵਿਚ ਲਾਕਡਾਊਨ ਲਗਾਇਆ ਗਿਆ ਹੈ ਜਿਸ ਕਾਰਨ ਮਜ਼ਦੂਰਾਂ ਦਾ ਕੰਮ ਠੱਪ ਹੋ ਗਿਆ ਤੇ ਉਹਨਾਂ ਨੇ ਘਰ ਜਾਣ ਦਾ ਰੁੱਖ ਕੀਤਾ। ਇਸ ਤੋਂ ਬਾਅਦ ਬਹੁਤ ਸਾਰੇ ਮਜ਼ਦੂਰਾਂ ਨੂੰ ਟ੍ਰੇਨਾਂ ਰਾਹੀਂ ਉਹਨਾਂ ਦੇ ਘਰ ਪਹੁੰਚਾਇਆ ਗਿਆ।

ਹੁਣ ਭਾਰਤ ਪੰਜਾਬ ਵਿਚੋਂ ਬਹੁਤ ਸਾਰੇ ਮਜ਼ਦੂਰ ਅਪਣੇ ਘਰ ਜਾ ਚੁੱਕੇ ਹਨ ਜਿਸ ਕਾਰਨ ਪੰਜਾਬ ਦੇ ਕਿਸਾਨਾਂ ਨੂੰ ਝੋਨੇ ਦੀ ਬਜਾਈ ਲਈ ਭਾਰੀ ਦਿਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਝੋਨਾ ਲਗਾਉਣ ਲਈ ਭਾਰੀ ਮਾਤਰਾ ਵਿਚ ਪਾਣੀ ਦੀ ਜ਼ਰੂਰਤ ਰਹਿੰਦੀ ਹੈ ਤੇ ਉਹਦੇ ਲਈ ਬਿਜਲੀ ਦੀ ਲੋੜ।

ਜਦੋਂ ਕਿਸਾਨਾਂ ਨੂੰ ਬਿਜਲੀ ਨਹੀਂ ਦਿੱਤੀ ਜਾਂਦੀ ਤਾਂ ਉਹ ਪਾਵਰਕਾਮ ਵਿਚ ਕਾਲ ਕਰਦੇ ਹਨ ਪਰ ਉਹਨਾਂ ਦੀ ਕਾਲ ਚੁੱਕੀ ਨਹੀਂ ਜਾਂਦੀ ਜਿਸ ਤੋਂ ਬਾਅਦ ਉਹਨਾਂ ਨੇ ਅਜਿਹਾ ਕਰਨਾ ਠੀਕ ਸਮਝਿਆ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।