ਸਰਕਾਰ ਨੂੰ ਨਹੀਂ ਪਤਾ ਤਿੰਨ ਸਾਲਾਂ ਦੌਰਾਨ ਕਿੰਨੇ ਕਿਸਾਨਾਂ ਨੇ ਕੀਤੀ ਖ਼ੁਦਕੁਸ਼ੀ : ਖੇਤੀ ਮੰਤਰੀ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਐਨਸੀਆਰਬੀ ਦੀ ਵੈਬਸਾਈਟ 'ਤੇ 2015 ਤੱਕ ਦੇ ਅੰਕੜੇ ਮੌਜੂਦ ਹਨ, ਜਦਕਿ 2016 ਅਤੇ ਉਸ ਤੋਂ ਬਾਅਦ ਦੇ ਅੰਕੜੇ ਹੁਣ ਤੱਕ ਜ਼ਾਰੀ ਨਹੀਂ ਕੀਤੇ ਗਏ।

Indian farmer

ਨਵੀਂ ਦਿੱਲੀ, (ਪੀਟੀਆਈ) : ਕੇਂਦਰੀ ਮੰਤਰੀ ਰਾਧਾਮੋਹਨ ਸਿੰਘ ਨੇ ਸੰਸਦ ਵਿਚ ਦੱਸਿਆ ਕਿ ਸਾਲ 2016 ਤੋਂ ਹੁਣ ਤੱਕ ਕਿੰਨੇ ਕਿਸਾਨਾਂ ਨੇ ਖ਼ੁਦਕੁਸ਼ੀ ਕੀਤੀ ਹੈ ਇਸ ਸਬੰਧੀ  ਸਰਕਾਰ ਕੋਲ ਕੋਈ ਡਾਟਾ ਮੌਜੂਦ ਨਹੀਂ ਹੈ। ਉਹਨਾਂ ਦੱਸਿਆ ਕਿ ਨੈਸ਼ਨਲ ਕ੍ਰਾਈਮ ਬਿਓਰੋ ਜੋ ਕਿ ਅਜਿਹੇ ਮਾਮਲਿਆਂ ਵਿਚ ਡਾਟਾ ਇਕੱਠਾ ਕਰਦਾ ਹੈ, ਉਸ ਨੇ 2016 ਤੋਂ ਖ਼ੁਦਕੁਸ਼ੀ ਕਰਨ ਵਾਲੇ ਕਿਸਾਨਾਂ ਦਾ ਕੋਈ ਡਾਟਾ ਜ਼ਾਰੀ ਨਹੀਂ ਕੀਤਾ।

ਤ੍ਰਣਮੂਲ ਕਾਂਗਰਸ ਦੇ ਸੰਸਦ ਮੰਤਰੀ ਦਿਨੇਸ਼ ਤ੍ਰਿਵੇਦੀ ਨੇ ਸਵਾਲ ਪੁੱਛਿਆ ਸੀ ਕਿ 2016 ਤੋਂ ਹੁਣ ਤੱਕ ਕਿੰਨੇ ਕਿਸਾਨਾਂ ਨੇ ਖ਼ੁਦਕੁਸ਼ੀ ਕੀਤੀ ਅਤੇ ਸਰਕਾਰ ਨੇ ਉਹਨਾਂ ਲਈ ਕੀ ਕੀਤਾ ? ਰਾਧਾਮੋਹਨ ਸਿੰਘ ਨੇ ਇਸ ਸਵਾਲ ਦੇ ਲਿਖਤੀ ਜਵਾਬ ਵਿਚ ਦੱਸਿਆ ਕਿ ਗ੍ਰਹਿ ਮਤੰਰਾਲੇ ਅਧੀਨ ਐਨਸੀਆਰਬੀ ਖ਼ੁਦਕੁਸ਼ੀ ਦੇ ਮਾਮਲੇ ਵਿਚ ਜਾਣਕਾਰੀ ਇਕੱਠੀ ਕਰ ਕੇ ਉਸ ਨੂੰ ਪ੍ਰਸਾਰਤ ਕਰਦਾ ਹੈ। ਐਨਸੀਆਰਬੀ ਦੀ ਵੈਬਸਾਈਟ 'ਤੇ 2015 ਤੱਕ ਦੇ ਅੰਕੜੇ ਮੌਜੂਦ ਹਨ,

ਜਦਕਿ 2016 ਅਤੇ ਉਸ ਤੋਂ ਬਾਅਦ ਦੇ ਅੰਕੜੇ ਹੁਣ ਤੱਕ ਜ਼ਾਰੀ ਨਹੀਂ ਕੀਤੇ ਗਏ।ਮੰਤਰਾਲੇ ਦੇ ਸੂਤਰਾਂ ਮੁਤਾਬਕ ਰਾਜ ਸਰਕਾਰਾਂ ਐਨਸੀਆਰਬੀ ਨੂੰ ਇਸ ਨਾਲ ਸਬੰਧਤ ਡਾਟਾ ਭੇਜਦੀਆਂ ਹਨ। ਇਹਨਾਂ ਅੰਕੜਿਆਂ ਨੂੰ ਇਕੱਠਾ ਕਰ ਕੇ ਉਸ ਨੂੰ ਜ਼ਾਰੀ ਕੀਤਾ ਜਾਂਦਾ ਹੈ। ਐਨਸੀਆਰਬੀ ਮੁਤਾਬਕ 2015 ਵਿਚ 8 ਹਜ਼ਾਰ ਕਿਸਾਨਾਂ ਨੇ ਖ਼ੁਦਕੁਸ਼ੀ ਕੀਤੀ। ਸੱਭ ਤੋਂ ਜਿਆਦਾ ਖ਼ੁਦਕੁਸ਼ੀ ਦੇ ਮਾਮਲੇ ਮਹਾਰਾਸ਼ਟਰਾ ਵਿਚ ਹੋਏ । ਮਹਾਰਾਸ਼ਟਰਾ ਵਿਚ 3000, ਤੇਲੰਗਾਨਾ ਵਿਚ 1358, ਕਰਨਾਟਕਾ ਵਿਚ 1197 ਕਿਸਾਨਾਂ ਨੇ ਖ਼ੁਦਕੁਸ਼ੀ ਕੀਤੀ।

ਸਾਲ 2015 ਵਿਚ ਖੇਤੀ ਨਾਲ ਜੁੜੇ  4500 ਮਜ਼ਦੂਰਾਂ ਨੇ ਵੀ ਖ਼ੁਦਕੁਸ਼ੀ ਕੀਤੀ।ਰੀਪੋਰਟ ਮੁਤਾਬਕ ਜਿਆਦਾਤਰ ਖ਼ੁਦਕੁਸ਼ੀ ਦੇ ਮਾਮਲੇ ਕਰਜ ਜਾਂ ਫਿਰ ਦੀਵਾਲੀਆ ਹੋਣ ਕਾਰਨ ਹੋਏ। ਇਸ ਤੋਂ ਪਹਿਲਾਂ ਸਾਲ 2014 ਵਿਚ 5650 ਕਿਸਾਨਾਂ ਨੇ ਖ਼ੁਦਕੁਸ਼ੀ ਕੀਤੀ ਸੀ। ਜ਼ਿਕਰਯੋਗ ਹੈ ਕਿ ਕਿਸਾਨੀ ਦੌਰਾਨ ਆਉਣ ਵਾਲੀਆਂ ਮੁਸ਼ਕਲਾਂ ਕਾਰਨ ਭਾਰਤ ਵਿਚ ਅੱਜ ਵੀ ਕਿਸਾਨ ਨਿਰਾਸ਼ ਹੋ ਕੇ ਖ਼ੁਦਕੁਸ਼ੀ ਦਾ ਰਾਹ ਅਪਣਾ ਰਹੇ ਹਨ।