ਡੇਅਰੀ ਫ਼ਾਰਮ ਦਾ ਡਿੱਗਿਆ ਸ਼ੈੱਡ, 35 ਪਸ਼ੂ ਆਏ ਮਲਬੇ ਹੇਠ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਮਲੇਰਕੋਟਲਾ ‘ਚ ਦੁਲੱਮਾ ਰੋਡ ਉਤੇ ਸਥਿਤ ਬਸਤੀਵਾਲਾ ‘ਚ ਮੁਹੰਮਦ ਸਾਬਕ ਡੇਅਰੀ...

Dairy Farm Shed

ਮਲੇਰਕੋਟਲਾ: ਮਲੇਰਕੋਟਲਾ ‘ਚ ਦੁਲੱਮਾ ਰੋਡ ਉਤੇ ਸਥਿਤ ਬਸਤੀਵਾਲਾ ‘ਚ ਮੁਹੰਮਦ ਸਾਬਕ ਡੇਅਰੀ ਫ਼ਾਰਮ ਦਾ ਸ਼ੈੱਡ ਅਚਾਨਕ ਡਿੱਗ ਜਾਣ ਨਾਲ 35 ਦੇ ਕਰੀਬ ਪਸ਼ੂ ਮਲਬੇ ਹੇਠ ਦਬ ਗਏ ਹਨ। ਘਟਨਾ ਦਾ ਪਤਾ ਲਗਦੇ ਹੀ ਦਬੇ ਪਸ਼ੂਆਂ ਨੂੰ ਕੱਢਣ ਲਈ ਨੇੜਲੇ ਲੋਕਾਂ ਨੇ ਯਤਨ ਕੀਤਾ ਅਤੇ ਜਖ਼ਮੀਆਂ ਪਸ਼ੂਆਂ ਦੇ ਇਲਾਜ ਲਈ ਪਸ਼ੂ ਪਾਲਣ ਵਿਭਾਗ ਦੀ ਟੀਮ ਨੂੰ ਬੁਲਾਇਆ ਗਿਆ।

ਡਾਕਟਰਾਂ ਮੁਤਾਬਿਕ ਮਲਬੇ ਹੇਠ ਦਬਣ ਨਾਲ ਇਕ ਮੱਝ ਦੀ ਮੌਤ ਹੋ ਗਈ ਅਤੇ 33 ਜ਼ਖ਼ਮੀ ਪਸ਼ੂਆਂ ਵਿਚੋਂ 3 ਪਸ਼ੂਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਿਕ ਮੁਹੰਮਦ ਸਾਬਰ ਦੇ ਡੇਅਰੀ ਫਾਰਮ ‘ਤੇ 35 ਦੇ ਕਰੀਬ ਦੁਧਾਰੂ ਪਸ਼ੂ ਰੱਖੇ ਹੋਏ ਹਨ। ਡੇਅਰੀ ਮਾਲਕ ਮੁਹੰਮਦ ਸਾਬਰ ਨੇ ਦੱਸਿਆ ਕਿ ਸਵੇਰੇ ਅਚਾਨਕ ਸਾਰਾ ਸ਼ੈੱਡ ਪਸ਼ੂਆਂ ਉਤੇ ਆ ਡਿੱਗਿਆ।

ਉਸਨੇ ਸ਼ੈੱਡ ਡਿੱਗਣ ਦਾ ਕਾਰਨ ਪਿੱਲਰ ਦਾ ਦਬ ਜਾਣਾ ਦੱਸਿਆ ਹੈ ਜਿਸਦੇ ਨਾਲ ਉਸਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ। ਸ਼ੈੱਡ ਡਿੱਗਣ ਦੀ ਖ਼ਬਰ ਨੇੜੇ ਮਸਜਿਦ ਦੇ ਲਾਉਡ ਸਪੀਕਰ ਤੋਂ ਅਨਾਉਂਸਮੈਂਟ ਸੁਣ ਕੇ ਵੱਡੀ ਗਿਣਤੀ ‘ਚ ਲੋਕ ਮਲਬੇ ਦੇ ਹੇਠ ਦਬੇ ਪਸ਼ੂਆਂ ਨੂੰ ਬਾਹਰ ਕੱਢਣ ਲਈ ਪਹੁੰਚ ਗਏ।  ਭਾਰੀ ਜੱਦੋ-ਜਹਿਦ ਤੋਂ ਬਾਅਦ ਲੋਕਾਂ ਨੇ ਪਸ਼ੂਆਂ ਨੂੰ ਮਲਬੇ ਹੇਠੋਂ ਕੱਢਿਆ।

ਜਖ਼ਮੀ ਪਸ਼ੂਆਂ ਦੇ ਇਲਾਜ ਲਈ ਪਹੁੰਚੀ ਪਸ਼ੂ ਪਾਲਣ ਵਾਗ ਦੇ ਵੈਟਨਰੀ ਪਾਲੀਕਲੀਨਿਕ ਸੰਗਰੂਰ ਤੋਂ ਡਾਕਟਰ ਸੰਜੇ ਕੁਮਾਰ, ਡਾਕਟਰ ਸਵਿੰਦਰਪਾਲ ਅਤੇ ਡਾਕਟਰ ਹਰਦਲਵੀਰ ਸਿੰਘ, ਡਾਕਟਰ ਮੁਹੰਮਦ ਸ਼ਮਸ਼ਾਦ ਅਤੇ ਡਾਕਟਰ ਮੁਹੰਮਦ ਸਲੀਮ ਦੀ ਅਗਵਾਈ ਵਿਚ ਪਸ਼ੂ ਪਾਲਣ ਵਿਭਾਗ ਦੀ ਟੀਮਾਂ ਨੇ ਮੌਕੇ ‘ਤੇ ਪਹੁੰਚ ਕੇ ਜਖ਼ਮੀ ਪਸ਼ੂਆਂ ਦਾ ਇਲਾਜ ਸ਼ੁਰੂ ਕਰ ਦਿੱਤਾ।

ਟਿਪਟੀ ਡਾਇਰੈਕਟਰ ਪਸ਼ੂ ਪਾਲਣ ਸੰਗਰੂਰ ਡਾਕਟਰ ਦੇ ਡੀ. ਗੋਇਲ ਮੁਤਾਬਿਕ ਉਨ੍ਹਾਂ ਨੂੰ ਜਿਵੇਂ ਹੀ ਇਸ ਹਾਦਸੇ ਦਾ ਪਤਾ ਲੱਗਿਆ ਤਾਂ ਉਨ੍ਹਾਂ ਨੇ ਤੁਰੰਤ ਸਬ ਡਿਵੀਜਨ ਮਲੇਰਕੋਟਲਾ ਦੇ ਵੈਟਨਰੀ ਡਾਕਟਰਾਂ ਦੀ ਟੀਮ ਨੂੰ ਨੌਕੇ ਉਤੇ ਭੇਜਿਆ ਉਥੇ ਵੈਟਨਰੀ ਪਾਲੀਕਲੀਨਿਕ ਸੰਗਰੂਰ ਵਿਚੋਂ ਵੀ ਮਾਹਰ ਡਾਕਟਰਾਂ ਦੀ ਇਕ ਟੀਮ ਮੌਕੇ ‘ਤੇ ਪਹੁੰਚ ਗਈ ਹੈ। ਸਥਾਨਕ ਪ੍ਰਸਾਸ਼ਨ ਵੱਲੋਂ ਨਾਇਬ ਤਹਿਸੀਲਦਾਰ ਨਰਿੰਦਰਪਾਲ ਸਿੰਘ ਨੇ ਮੌਕੇ ‘ਤੇ ਪਹੁੰਚ ਕੇ ਜਾਣਕਾਰੀ ਪ੍ਰਾਪਤ ਕੀਤੀ।