ਝੋਨੇ ਦੀ ਖੇਤੀ ਪੰਜਾਬ ਦੇ ਮੌਸਮੀ ਹਾਲਾਤ, ਪੌਣ ਪਾਣੀ ਅਤੇ ਆਬੋ-ਹਵਾ ਮੁਤਾਬਕ ਬਿਲਕੁਲ ਗ਼ੈਰ ਕੁਦਰਤੀ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

 ਪੰਜਾਬ ਵਿਚ ਧਰਤੀ ਹੇਠਲਾ ਪਾਣੀ ਦਿਨੋ ਦਿਨ ਹੇਠਾਂ ਜਾ ਰਿਹਾ ਹੈ।

paddy

ਸੰਗਰੂਰ:  ਪੰਜਾਬ ਵਿਚ ਧਰਤੀ ਹੇਠਲਾ ਪਾਣੀ ਦਿਨੋ ਦਿਨ ਹੇਠਾਂ ਜਾ ਰਿਹਾ ਹੈ। ਇਸ ਸਭੰਧੀ ਭੂ-ਵਿਗਿਆਨੀ ਲਗਾਤਾਰ ਭਵਿੱਖ ਬਾਣੀ ਕਰ ਰਹੇ ਹਨ ਕਿ ਪੰਜ ਦਰਿਆਵਾਂ ਦੀ ਧਰਤੀ ਅਗਲੇ ਕੁੱਝ ਹੀ ਸਾਲਾਂ ਵਿਚ ਬੰਜਰ ਹੋ ਜਾਵੇਗੀ ਤੇ ਇਥੇ ਕਈ ਅਰਬ ਦੇਸ਼ਾਂ ਵਾਂਗ ਨਹਾਉਣ, ਧੋਣ ਅਤੇ ਪੀਣ ਲਈ ਪਾਣੀ ਪਟਰੌਲ ਪੰਪ ਵਰਗੇ ਸਟੇਸ਼ਨਾਂ ਤੋਂ ਰੋਜ਼ਾਨਾ ਮੁਲ ਲਿਆਉਣਾ ਪਿਆ ਕਰੇਗਾ।

ਵਗਦੇ ਦਰਿਆਵਾਂ ਦੀ ਧਰਤੀ ਪੰਜਾਬ ਵਿਚ ਬੋਤਲ ਬੰਦ ਪਾਣੀ ਤਾਂ ਹੁਣ ਵੀ 10 ਤੋਂ ਲੈ ਕੇ 25-30 ਰੁਪਏ ਪ੍ਰਤੀ ਲਿਟਰ ਵਿਕ ਰਿਹਾ ਹੈ ਜਦਕਿ ਦੇਸ਼ ਦੇ ਕਈ ਬੰਜਰ ਇਲਾਕਿਆਂ ਵਿਚ ਪਾਣੀ ਦਾ ਰੇਟ ਦੁੱਧ ਦੇ ਰੇਟ ਬਰਾਬਰ ਪਹੁੰਚਣ ਵਾਲਾ ਹੈ।

ਇਕ ਮੋਟੇ ਜਿਹੇ ਅਨੁਮਾਨ ਅਨੁਸਾਰ ਪੰਜਾਬ ਵਿਚ ਇਸ ਸਮੇਂ 13 ਲੱਖ 60 ਹਜ਼ਾਰ ਦੇ ਕਰੀਬ ਬਿਜਲੀ ਦੇ ਟਿਊਬਵੈੱਲ ਲੱਗੇ ਹੋਏ ਹਨ। ਇਨ੍ਹਾਂ ਟਿਊਬਵੈੱਲਾਂ 'ਤੇ ਸਾਢੇ 7 ਹਾਰਸ ਪਾਵਰ ਤੋਂ ਲੈ ਕੇ 15 ਹਾਰਸ ਪਾਵਰ ਤਕ ਦੀਆਂ ਮੋਟਰਾਂ ਲੱਗੀਆਂ ਹੋਈਆਂ ਹਨ।

ਝੋਨੇ ਦੀ ਬੀਜਾਈ ਸਮੇਂ 10 ਜੂਨ ਤੋਂ 30 ਸਤੰਬਰ ਤਕ 8 ਘੰਟੇ ਚਲਦੀਆਂ ਮੋਟਰਾਂ ਧਰਤੀ ਹੇਠਲੇ ਪਾਣੀ ਨੂੰ ਲਗਾਤਾਰ ਬਾਹਰ ਖਿੱਚ ਰਹੀਆਂ ਹਨ ਜਿਸ ਕਾਰਨ ਜਿਥੇ ਇਕੱਲੀਆਂ ਮੋਟਰਾਂ 8 ਹਜ਼ਾਰ ਤੋਂ 12 ਹਜ਼ਾਰ ਯੂਨਿਟ ਤਕ ਬਿਜਲੀ ਫੂਕ ਜਾਂਦੀਆਂ ਹਨ, ਉਥੇ ਧਰਤੀ ਦੇ ਉਨ੍ਹਾਂ ਗਹਿਰੇ ਪੱਤਣਾਂ ਵਿਚੋਂ ਪਾਣੀ ਕੱਢ ਰਹੀਆਂ ਹਨ ਜਿਹੜੇ ਕਈ ਸਦੀਆਂ ਦੌਰਾਨ ਭਰਦੇ ਹਨ।

ਦੁਆਬਾ ਇਲਾਕੇ ਵਿਚ ਪ੍ਰਮੁੱਖ ਜਲੰਧਰ ਜ਼ਿਲ੍ਹੇ ਦੇ ਪਿੰਡ ਬੀਣੇਵਾਲ ਵਿਚ ਇਕ ਬੋਰ 1200 ਫੁੱਟ ਤਕ ਡੂੰਘਾ ਕੀਤਾ ਗਿਆ ਹੈ। ਇਸ ਟਿਊਬਵੈੱਲ 'ਚ 120 ਹਾਰਸ ਪਾਵਰ ਦੀ ਮੋਟਰ 766 ਫੁੱਟ ਗਹਿਰੀ ਪਾਈ ਗਈ ਹੈ ਜਿਹੜੀ ਇਕ ਮਿੰਟ ਵਿਚ 1200 ਲਿਟਰ ਤੇ ਇਕ ਘੰਟੇ ਵਿਚ 72 ਹਜ਼ਾਰ ਲਿਟਰ ਪਾਣੀ ਬਾਹਰ ਕਢਦੀ ਹੈ।

ਇਸ ਸਰਕਾਰੀ ਮੋਟਰ 'ਤੇ 72 ਲੱਖ ਰੁਪਏ ਖ਼ਰਚ ਆਇਆ ਤੇ ਇਹ ਨਾਬਾਰਡ (ਨੈਸ਼ਨਲ ਬੈਂਕ ਆਫ਼ ਰੂਰਲ ਡਿਵਲਪਮੈਂਟ) ਦੀ ਸਹਾਇਤਾ ਨਾਲ ਜੁਲਾਈ 2016 ਵਿਚ ਲਗਾਈ ਗਈ ਸੀ ਜਿਸ ਨਾਲ ਕਿਸਾਨਾਂ ਦਾ ਤਕਰੀਬਨ 100 ਏਕੜ ਰਕਬਾ ਸਿੰਜਿਆ ਜਾਂਦਾ ਹੈ।

ਇਸੇ ਤਰ੍ਹਾਂ ਪਟਿਆਲਾ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਕਰਹਾਲੀ ਸਾਹਿਬ ਨੇੜਲੇ ਇਲਾਕੇ ਵਿਚ ਵੀ 1200 ਫੁੱਟ ਤਕ ਡੂੰਘਾ ਬੋਰ ਕੀਤਾ ਗਿਆ ਹੈ। ਸ਼ਾਇਦ ਇਹ ਦੋਵੇਂ ਬੋਰ ਪੰਜਾਬ ਦੇ ਸੱਭ ਤੋਂ ਡੂੰਘੇ ਬੋਰ ਹੋਣਗੇ ਜਿਨ੍ਹਾਂ ਦੁਆਰਾ ਅਰਬਾਂ ਲਿਟਰ ਪਾਣੀ ਸਿੰਚਾਈ ਲਈ ਧਰਤੀ ਹੇਠੋਂ ਬਾਹਰ ਕਢਿਆ ਜਾਵੇਗਾ।

ਪੰਜਾਬ ਅੰਦਰ ਪਾਣੀ ਦੀ ਹੋਣ ਵਾਲੀ ਘਾਟ ਲਈ ਮੁੱਖ ਤੌਰ 'ਤੇ ਝੋਨੇ ਦੀ ਖੇਤੀ ਨੂੰ ਜ਼ਿੰਮੇਵਾਰ ਦਸਿਆ ਗਿਆ ਹੈ। ਪੰਜਾਬ ਦੇ ਖੇਤੀ ਵਿਗਿਆਨੀਆਂ ਨੇ ਦਸਿਆ ਹੈ ਕਿ ਝੋਨੇ ਦੀ ਖੇਤੀ ਪੰਜਾਬ ਦੇ ਹਾਲਾਤ, ਮੌਸਮ, ਖ਼ੁਰਾਕ ਅਤੇ ਵਾਤਾਵਰਣ ਮੁਤਾਬਕ ਬਿਲਕੁਲ ਗ਼ੈਰ ਕੁਦਰਤੀ ਹੈ ਤੇ ਇਹ ਕਣਕ ਦੀ ਖੇਤੀ ਵਾਂਗ ਪੰਜਾਬ ਦੀ ਆਬੋ-ਹਵਾ ਤੇ ਪੌਣ ਪਾਣੀ ਨਾਲ ਕਦੇ ਇਕ ਮਿੱਕ ਨਹੀਂ ਹੋ ਸਕਦੀ ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ