ਘੱਟ ਮੀਂਹ ਅਤੇ ਸੋਕੇ ਦੀ ਸਮੱਸਿਆ ਕਾਰਨ ਪਸ਼ੂਧਨ ਦੀਆਂ ਕੀਮਤਾਂ 'ਚ ਆਈ ਭਾਰੀ ਗਿਰਾਵਟ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਮਹਾਰਾਸ਼ਟਰ ਦੇ ਕਈ ਹਿਸਿਆਂ ਵਿਚ ਘੱਟ ਮੀਂਹ ਦੇ ਕਾਰਨ ਕਿਸਾਨਾਂ ਨੂੰ ਬਹੁਤ ਸਾਰੀ ਸਮਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਸਮਸਿਆਵਾਂ ਵਿਚੋਂ ਇਕ ਹੈ ਪਸ਼ੂਧਨ ...

Livestock

ਨਾਂਦੇੜ (ਪੀਟੀਆਈ) :- ਮਹਾਰਾਸ਼ਟਰ ਦੇ ਕਈ ਹਿਸਿਆਂ ਵਿਚ ਘੱਟ ਮੀਂਹ ਦੇ ਕਾਰਨ ਕਿਸਾਨਾਂ ਨੂੰ ਬਹੁਤ ਸਾਰੀ ਸਮਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਸਮਸਿਆਵਾਂ ਵਿਚੋਂ ਇਕ ਹੈ ਪਸ਼ੂਧਨ ਦੀ ਮਾਤਰਾ ਵਿਚ ਕਮੀ ਹੋਣਾ। ਜੋ ਕਿ ਆਮ ਤੋਂ ਵੀ ਅੱਧੀ ਹੋ ਗਈ ਹੈ। ਜਲਗਾਂਵ ਦੇ ਨਾਂਦੇੜ ਤੋਂ ਫਸਲ ਪ੍ਰੋਟੈਕਸ਼ਨ ਕਮੇਟੀ ਦੇ ਪ੍ਰਧਾਨ ਰਾਜੇਂਦਰ ਅਤਾਰਦੇ ਦਾ ਕਹਿਣਾ ਹੈ ਕਿ ਜੋ ਗਾਂ ਪਹਿਲਾਂ 20 - 22 ਹਜਾਰ ਰੁਪਏ ਵਿਚ ਵਿਕਦੀ ਸੀ ਉਹ ਹੁਣ 8 - 10 ਹਜਾਰ ਵਿਚ ਵਿਕ ਰਹੀ ਹੈ। ਨਾਂਦੇੜ ਨੂੰ ਰਾਜ ਵਿਚ ਇਕ ਵੱਡਾ ਪਸ਼ੂ ਬਾਜ਼ਾਰ ਮੰਨਿਆ ਜਾਂਦਾ ਹੈ।

ਉਥੇ ਹੀ ਇਕ ਹਾਈਬਰਿਡ ਅਤੇ ਜਰਸੀ ਗਾਂ ਹੁਣ ਕੇਵਲ 30 - 35 ਹਜਾਰ ਰੁਪਏ ਵਿਚ ਵਿਕ ਰਹੀ ਹੈ। ਜਦੋਂ ਕਿ ਪਹਿਲਾਂ ਇਹ 55 - 70 ਹਜਾਰ ਰੁਪਏ ਵਿਚ ਵਿਕਦੀ ਸੀ। ਅਜਿਹਾ ਨਹੀਂ ਹੈ ਕਿ ਗਾਂ ਦੇ ਮੁੱਲ ਵਿਚ ਹੀ ਕਮੀ ਆਈ ਹੈ। ਮੱਝ ਦੀਆਂ ਕੀਮਤਾਂ ਉੱਤੇ ਵੀ ਪ੍ਰਭਾਵ ਪਿਆ ਹੈ। ਜੋ ਮੱਝ ਪਹਿਲਾਂ 1 - 1.25 ਲੱਖ ਰੁਪਏ ਦੇ ਵਿਚ ਵਿਕਦੀ ਸੀ, ਉਹ ਹੁਣ 55 - 70 ਹਜਾਰ ਰੁਪਏ ਵਿਚ ਵਿਕ ਰਹੀ ਹੈ। ਅਤਾਰਦੇ ਦਾ ਕਹਿਣਾ ਹੈ ਕਿ ਅਜਿਹਾ ਇਸ ਲਈ ਹੋ ਰਿਹਾ ਹੈ ਕਿਉਂਕਿ ਰਾਜ ਦੇ ਵੱਡੇ ਹਿੱਸੇ ਵਿਚ ਇਸ ਵਾਰ ਘੱਟ ਮੀਂਹ ਪਿਆ ਹੈ।

ਪਸ਼ੂ ਡਾਕਟਰਾਂ ਅਤੇ ਪਸ਼ੂ ਵਿਗਿਆਨ ਕਾਲਜ ਦੇ ਪ੍ਰੋਫੈਸਰ ਦਾ ਕਹਿਣਾ ਹੈ ਕਿ ਪਸ਼ੂਧਨ ਦੀਆਂ ਕੀਮਤਾਂ ਬਹੁਤ ਘੱਟ ਹੋ ਗਈਆਂ ਹਨ ਅਤੇ ਅਜਿਹਾ ਰਾਤੋ ਰਾਤ ਹੋਇਆ ਹੈ। ਰਾਜ ਖੇਤੀਬਾੜੀ ਵਿਭਾਗ ਦੇ ਮੁਤਾਬਕ ਮਰਾਠਵਾੜਾ, ਉੱਤਰੀ ਮਹਾਰਾਸ਼ਟਰ ਅਤੇ ਵਿਦਰਭ ਦੇ ਕਈ ਭਾਗ ਸੋਕੇ ਦਾ ਸਾਹਮਣਾ ਕਰ ਰਹੇ ਹਨ। ਇੱਥੇ ਆਮ ਤੋਂ 23 ਫੀਸਦੀ ਤੱਕ ਘੱਟ ਮੀਂਹ ਪਿਆ ਹੈ। ਅਜੇ ਤੱਕ ਰਾਜ ਸਰਕਾਰ ਨੇ ਰਸਮੀ ਰੂਪ ਨਾਲ ਸੋਕੇ ਦਾ ਐਲਾਨ ਨਹੀਂ ਕੀਤਾ ਹੈ ਅਤੇ ਮੁੱਖ ਮੰਤਰੀ ਦੇਵਿੰਦਰ ਫਡਣਵੀਸ ਦਾ ਕਹਿਣਾ ਹੈ ਕਿ ਫੈਸਲਾ ਇਸ ਮਹੀਨੇ ਦੇ ਅਖੀਰ ਤੱਕ ਲੈ ਲਿਆ ਜਾਵੇਗਾ।

ਖੇਤੀਬਾੜੀ ਵਿਕਾਸ ਦਾ ਕੰਮ ਵੇਖਣ ਵਾਲੇ ਅਤੁੱਲ ਨੇਮਾਦੇ ਦਾ ਕਹਿਣਾ ਹੈ ਕਿ ਪਸ਼ੂ ਹੁਣ ਜ਼ਿਆਦਾ ਮਹਿੰਗੇ ਨਹੀਂ ਰਹੇ। ਖਰੀਫ ਦੀ ਫਸਲ ਵੀ ਇਸ ਸਾਲ ਤਬਾਹ ਹੋਈ ਹੈ। ਕਿਸਾਨਾਂ ਨੂੰ ਖੇਤੀ ਦਾ ਸਿਰਫ਼ 60 ਫੀ ਸਦੀ ਹੀ ਪ੍ਰਾਪਤ ਹੋਇਆ ਹੈ। ਰਬੀ ਦੀ ਫਸਲ ਲਈ ਵੀ ਹੁਣ ਕੋਈ ਆਸ ਨਹੀਂ ਹੈ ਕਿਉਂਕਿ ਸਿੰਚਾਈ ਲਈ ਪਾਣੀ ਹੀ ਨਹੀਂ ਹੈ। ਕਿਸਾਨਾਂ ਦੇ ਕੋਲ ਬਾਜ਼ਾਰ ਤੋਂ ਚਾਰਾ ਖਰੀਦਣ ਤੱਕ ਦੇ ਪੈਸੇ ਨਹੀਂ ਹਨ। ਕਿਉਂਕਿ ਉਹ ਕਾਫ਼ੀ ਮਹਿੰਗਾ ਹੈ। ਇਨਸਾਨਾਂ ਨੂੰ ਹੀ ਹਫਤੇ ਵਿਚ ਇਕ ਵਾਰ ਪਾਣੀ ਮਿਲ ਰਿਹਾ ਹੈ ਤਾਂ ਫਿਰ ਜਾਨਵਰਾਂ ਦਾ ਕੀ ਹਾਲ ਹੋਵੇਗਾ।

ਇਸ ਕਾਰਨ ਬਹੁਤ ਸਾਰੇ ਕਿਸਾਨ ਆਪਣੇ ਪਸ਼ੂਆਂ ਨੂੰ ਵੇਚ ਰਹੇ ਹੈ ਕਿਉਂਕਿ ਉਹ ਉਨ੍ਹਾਂ ਨੂੰ ਬੁਰੀ ਹਾਲਤ ਵਿਚ ਨਹੀਂ ਵੇਖ ਸਕਦੇ। ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਵੀ ਦੁੱਧ ਦੇ ਮੁੱਲ ਨਹੀਂ ਵਧਾ ਰਹੀ ਹੈ। ਜਦੋਂ ਕਿ ਚਾਰਿਆਂ ਦੇ ਮੁੱਲ ਅਸਮਾਨ ਛੂ ਰਹੇ ਹਨ। ਕਿਸਾਨਾਂ ਨੂੰ ਕਿਹਾ ਜਾ ਰਿਹਾ ਹੈ ਕਿ ਉਹ 27 ਰੁਪਏ ਪ੍ਰਤੀ ਲਿਟਰ ਦੁੱਧ ਵੇਚੇ ਜਦੋਂ ਕਿ ਉਹ 37 ਰੁਪਏ ਪ੍ਰਤੀ ਲਿਟਰ ਵੇਚਣਾ ਚਾਹੁੰਦੇ ਹਨ। ਕਿਸਾਨ ਇਸ ਸਮੇਂ ਬੇਹੱਦ ਚਿੰਤਾ ਵਿਚ ਹਨ। ਪਹਿਲਾਂ ਇਕ ਦਿਨ ਵਿਚ 300 - 500 ਪਸ਼ੂ ਵਿਕਿਆ ਕਰਦੇ ਸਨ ਪਰ ਹੁਣ 3 ਹਜ਼ਾਰ ਪਸ਼ੂ ਵਿਕ ਰਹੇ ਹਨ।