'ਮੋਦੀ ਜੀ ਘਬਰਾ ਕੇ ਕਿਸਾਨ ਅੰਦੋਲਨ ਲਈ ਕੁੱਝ ਵੀ ਬੋਲ ਰਹੇ ਹਨ'

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਕਿਸਾਨਾਂ ਦੀਆਂ ਮੰਗਾਂ ਮੰਨ ਕੇ ਚਿੰਤਾ ਮੁਕਤ ਕਿਉਂ ਨਹੀਂ ਹੁੰਦੇ : ਰਾਜੇਵਾਲ

Balbir Singh Rajewal

ਚੰਡੀਗੜ੍ਹ  : ਹੁਣ ਤੱਕ ਤਾਂ ਭਾਜਪਾ ਦੇ ਪੰਜਾਬ ਦੇ ਆਗੂ ਹੀ ਕਿਸਾਨ ਅੰਦੋਲਨ ਤੋਂ ਘਬਰਾ ਕੇ ਉਲਟੇ ਸਿੱਧੇ ਬਿਆਨ ਦਿੰਦੇ ਸਨ ਪਰ ਹੁਣ ਲਗਦਾ ਹੈ ਕਿ ਇਸ ਅੰਦੋਲਨ ਨੇ ਮੋਦੀ ਜੀ ਦੀ ਨੀਂਦ ਵੀ ਹਰਾਮ ਕਰ ਦਿੱਤੀ ਹੈ। ਇਹ ਗੱਲ ਇਥੋਂ ਜਾਰੀ ਇਕ ਬਿਆਨ ਵਿਚ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਜੇ. ਪੀ. ਨੱਢਾ ਪ੍ਰਧਾਨ ਭਾਜਪਾ ਦੇ ਕਿਸਾਨ ਅੰਦੋਲਨ ਵਿਰੁਧ ਦਿਤੇ ਬਿਆਨਾਂ ਉਤੇ ਅਪਣੀ ਪ੍ਰਤੀਕਿਰਿਆ ਜਾਰੀ ਕਰਦਿਆਂ ਕਹੀ।

ਰਾਜੇਵਾਲ ਨੇ ਕਿਹਾ ਕਿ ਮੋਦੀ ਅਤੇ ਨੱਢਾ ਦਾ ਕਹਿਣਾ ਹੈ ਕਿ ਕਿਸਾਨ ਅੰਦੋਲਨ ਨੂੰ ਵਿਚੋਲੀਏ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਮੈਂ ਤਾਂ ਸਮਝਦਾ ਸੀ ਕਿ ਭਾਜਪਾ ਪ੍ਰਧਾਨ ਜੇ. ਪੀ. ਨੱਢਾ ਨੂੰ ਹੀ ਖੇਤੀ ਮੰਡੀਕਰਨ ਢਾਂਚੇ ਦਾ ਗਿਆਨ ਨਹੀਂ, ਪਰ ਹੁਣ ਜਦੋਂ ਪ੍ਰਧਾਨ ਮੰਤਰੀ ਮੋਦੀ ਨੇ ਵੀ ਅਪਣੇ ਬਿਆਨ ਵਿਚ ਇਹੋ ਗੱਲ ਕਹੀ ਹੈ, ਇਸ ਤੋਂ ਸਾਫ਼ ਹੋ ਗਿਆ ਹੈ ਕਿ ਪ੍ਰਧਾਨ ਮੰਤਰੀ ਅਤੇ ਭਾਜਪਾ ਦੀ ਰਾਸ਼ਟਰੀ ਲੀਡਰਸ਼ਿਪ ਨੂੰ ਕਿਸਾਨ ਅੰਦੋਲਨ ਨੇ ਮਾਨਸਕ ਪੱਖੋਂ ਪੈਰਾਂ ਤੋਂ ਉਖਾੜ ਦਿਤਾ ਹੈ।

ਉਨ੍ਹਾਂ ਦੀ ਭਾਸ਼ਾ ਤੋਂ ਲਗਦਾ ਹੈ ਕਿ ਉਹ ਇਸ ਅੰਦੋਲਨ ਤੋਂ ਡਰਨ ਲੱਗੇ ਹਨ। ਰਾਜੇਵਾਲ ਨੇ ਕਿਹਾ ਕਿ ਕਿਸਾਨ ਅੰਦੋਲਨ ਦੀ ਇਹ ਖੂਬੀ ਹੈ ਕਿ ਇਸ ਨੇ ਹੁਣ ਤਕ ਕਿਸੇ ਵੀ ਰਾਜਨੀਤਕ ਪਾਰਟੀ ਨੂੰ ਅਪਣਾ ਪਲੇਟਫ਼ਾਰਮ ਵਰਤਣ ਦੀ ਆਗਿਆ ਨਹੀਂ ਦਿਤੀ। ਇਹ ਪੂਰਨ ਸ਼ਾਂਤਮਈ ਨਾਲ ਅੱਗੇ ਹੀ ਅੱਗੇ ਵੱਧਦਾ ਜਾ ਰਿਹਾ ਹੈ।

ਉਨ੍ਹਾਂ ਪ੍ਰਧਾਨ ਮੰਤਰੀ ਜੀ ਨੂੰ ਸਲਾਹ ਦਿਤੀ ਕਿ ਜੇਕਰ ਕਿਸਾਨ ਅੰਦੋਲਨ ਕਾਰਨ ਉਨ੍ਹਾਂ ਨੂੰ ਬੇਚੈਨੀ ਹੋਣ ਕਰ ਕੇ ਨੀਂਦ ਨਹੀਂ ਆਉਂਦੀ ਤਾਂ ਉਹ ਜ਼ਿੱਦ ਅਤੇ ਹਉਮੇ ਦਾ ਤਿਆਗ ਕਰ ਕੇ ਉਸ ਦੀ ਸਰਕਾਰ ਵਲੋਂ ਗਲਤੀ ਨਾਲ ਖੇਤੀ ਵਿਰੋਧੀ ਬਣਾਏ ਤਿੰਨੋਂ ਕਾਨੂੰਨ ਵਾਪਸ ਲੈ ਕੇ ਚੈਨ ਦੀ ਨੀਂਦ ਸੌਣ। ਕਿਸਾਨ ਅੰਦੋਲਨ ਕਿਸੇ ਰਾਜਸੀ ਪਾਰਟੀ ਦਾ ਨਹੀਂ, ਕੇਵਲ ਕਿਸਾਨਾਂ ਦਾ ਸਰਕਾਰ ਵਿਰੁਧ ਰੋਸ ਦਾ ਅੰਦੋਲਨ ਹੈ।

ਰਾਜੇਵਾਲ ਨੇ ਕਿਹਾ ਕਿ ਭਾਜਪਾ ਦੇ ਆਗੂ ਕਿਸਾਨਾਂ ਨੂੰ ਹਿੰਸਕ ਹੋਣ ਲਈ ਉਕਸਾਉਣ ਵਾਲੇ ਬਿਆਨ ਦਿੰਦੇ ਹਨ। ਕਦੀ ਦਲਿਤਾਂ ਦੀ ਹਮਦਰਦੀ ਦੀ ਡਰਾਮੇਬਾਜ਼ੀ ਕਰਦੇ ਹਨ, ਜਦਕਿ ਦਲਿਤ ਸਮਾਜ ਚਟਾਨ ਵਾਂਗ ਅੰਦੋਲਨ ਨਾਲ ਖੜਾ ਰਹਿ ਕੇ ਅਪਣੀ ਭਾਈਵਾਲੀ ਦਾ ਪ੍ਰਤੱਖ ਸਬੂਤ ਪੇਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਆਗੂ ਕਿਸਾਨਾਂ ਨੂੰ ਉਕਸਾਉਣ ਲਈ ਜਿੰਨੇ ਮਰਜ਼ੀ ਭੜਕਾਊ ਬਿਆਨ ਦੇ ਲੈਣ, ਕਿਸਾਨ ਕਿਸੇ ਵੀ ਕੀਮਤ ਉਤੇ ਸ਼ਾਂਤੀ ਦਾ ਰਸਤਾ ਨਹੀਂ ਛੱਡਣਗੇ।

ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਨਾਲ ਵੀ ਤਾਨਾਸ਼ਾਹੀ ਵਤੀਰਾ ਅਪਣਾਈ ਬੈਠੀ ਹੈ। ਜਿਸ ਤੋਂ ਉਲਟਾ ਬਲ ਲੈ ਕੇ ਅੰਦੋਲਨ ਹੋਰ ਤੇਜ਼ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜ ਨਵੰਬਰ ਦਾ ਦੇਸ਼ ਭਰ ਦਾ ਚੱਕਾ ਜਾਮ ਸਰਕਾਰ ਦੀਆਂ ਅੱਖਾਂ ਖੋਲ੍ਹ ਦੇਵੇਗਾ। ਇਸ ਤੋਂ ਇਲਾਵਾ ਇਸ ਅੰਦੋਲਨ ਨੂੰ ਵੱਡੇ ਪੱਧਰ ਉਤੇ ਸਾਰੇ ਦੇਸ਼ ਵਿਚ ਉਭਾਰਨ ਲਈ ਦੇਸ਼ ਦੀਆਂ ਸਾਰੀਆਂ ਕਿਸਾਨ-ਮਜ਼ਦੂਰ ਜਥੇਬੰਦੀਆਂ 27 ਅਕਤੂਬਰ ਨੂੰ ਇਸ ਦੇ ਦੇਸ਼ ਵਿਆਪੀ ਅੰਦੋਲਨ ਦੀ ਨਵੀਂ ਦਿੱਲੀ ਵਿੱਚ ਹੋ ਰਹੀ ਮੀਟਿੰਗ ਵਿੱਚ ਦਿਸ਼ਾ ਨਿਰਧਾਰਤ ਕਰਨਗੀਆਂ।

ਉਨ੍ਹਾਂ ਕਿਹਾ ਕਿ ਕਿਸਾਨ ਅਪਣੇ ਪ੍ਰਧਾਨ ਮੰਤਰੀ ਨੂੰ ਸਤੁੰਲਿਤ ਮਜ਼ਾਜ ਵਿਚ ਦੇਖਣਾ ਚਹੁੰਦੇ ਹਨ, ਇਸ ਲਈ ਸ੍ਰੀ ਮੋਦੀ ਨੂੰ ਉਨ੍ਹਾਂ ਦੀ ਸਰਕਾਰ ਵਲੋਂ ਜਾਰੀ ਕੀਤੇ ਕਿਸਾਨ ਵਿਰੋਧੀ ਕਾਨੂੰਨ ਵਾਪਸ ਲੈ ਕੇ ਅਪਣੀ ਮਾਨਸਿਕਤਾ ਨੂੰ ਅਜ਼ਾਦ ਕਰ ਦੇਣਾ ਚਾਹੀਦਾ ਹੈ।