ਰੇਲ ਮਾਰਗ 'ਤੇ ਲਗਾਤਾਰ ਡਟੇ ਕਿਸਾਨ, ਰੇਲ ਰੋਕੋ ਅੰਦੋਲਨ 31ਵੇਂ ਦਿਨ ਵੀ ਜਾਰੀ
ਕਾਰਪੋਰੇਟ ਘਰਾਣਿਆਂ ਅਤੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਖਿਲਾਫ ਜੰਮ ਕੇ ਕੀਤੀ ਜਾ ਰਹੀ ਨਾਅਰੇਬਾਜੀ
ਅੰਮ੍ਰਿਤਸਰ: ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਲਗਾਤਾਰ ਰੇਲ ਮਾਰਗ 'ਤੇ ਡਟੇ ਹੋਏ ਹਨ। ਇਸ ਦੇ ਚਲਦਿਆਂ ਕਿਸਾਨਾਂ ਦਾ ਰੇਲ ਰੋਕੋ ਅੰਦੋਲਨ ਅੱਜ 31ਵੇਂ ਦਿਨ ਵਿਚ ਦਾਖਲ ਹੋ ਗਿਆ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਕਿਸਾਨਾਂ ਅਤੇ ਮਜ਼ਦੂਰਾਂ ਵੱਲੋਂ ਸਾਂਝੇ ਤੌਰ 'ਤੇ ਧਰਨਾ ਲਗਾਇਆ ਗਿਆ ਹੈ।
ਜੰਡਿਆਲਾ ਗੁਰੂ ਨਜਦੀਕ ਰੇਲਵੇ ਲਾਈਨ ਪਿੰਡ ਦੇਵੀਦਾਸਪੁਰਾ 'ਤੇ ਚੱਲ ਰਹੇ ਇਸ ਧਰਨੇ ਦੀ ਅਗਵਾਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਆਗੂ ਸੁਖਵਿੰਦਰ ਸਿੰਘ ਸਭਰਾ ਵੱਲੋਂ ਕੀਤੀ ਜਾ ਰਹੀ ਹੈ। ਇਸ ਅੰਦੋਲਨ ਦੌਰਾਨ ਕਿਸਾਨਾਂ ਵੱਲੋਂ ਕਾਰਪੋਰੇਟ ਘਰਾਣਿਆਂ ਅਤੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ ਜਾ ਰਹੀ ਹੈ।
ਕਿਸਾਨਾਂ ਵੱਲੋਂ ਲਗਾਤਾਰ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਇਸ ਦੇ ਚਲਦਿਆਂ ਕਿਸਾਨਾਂ ਵੱਲੋਂ ਪ੍ਰਧਾਨ ਮੰਤਰੀ ਮੋਦੀ ਦੇ ਪੁਤਲੇ ਵੀ ਫੂਕੇ ਜਾ ਰਹੇ ਹਨ। ਬੀਤੇ ਦਿਨ ਸਥਾਨਕ ਰਣਜੀਤ ਅੇਵਨਿਊ ਗਰਾਊਂਡ 'ਚ ਹੋਏ ਇਸ ਵਿਸ਼ਾਲ ਇਕੱਠ ਵਿਚ ਵੱਡੀ ਗਿਣਤੀ ਔਰਤਾਂ ਨੇ ਕੇਂਦਰ ਸਰਕਾਰ ਖਿਲਾਫ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ। ਰੈਲੀ ‘ਚ ਪਹੁੰਚੀਆਂ ਵੱਡੀ ਗਿਣਤੀ ਔਰਤਾਂ ਨੇ ਇਕੋ ਜਿਹੀਆਂ ਕੇਸਰੀ ਚੁੰਨੀਆਂ ਲਈਆਂ ਹੋਈਆਂ ਸਨ।
ਅੰਮ੍ਰਿਤਸਰ ‘ਚ ਇਸ ਪ੍ਰਦਰਸ਼ਨ ਦੌਰਾਨ ਕਿਸਾਨ ਮਜਦੂਰ ਸੰਘਰਸ਼ ਕਮੇਟੀ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਡਾਨੀ ਤੇ ਅੰਬਾਨੀ ਦਾ ਪੁੱਤਲਾ ਵੀ ਸਾੜਿਆ ਗਿਆ। ਵੱਡੀ ਗਿਣਤੀ ਪੁੱਜੀਆਂ ਔਰਤਾਂ ਨੇ ਕਿਹਾ ਕਿ ਪੰਜਾਬ ਦੀਆਂ ਔਰਤਾਂ ਹੁਣ ਕੇਂਦਰ ਸਰਕਾਰ ਦੇ ਖਿਲਾਫ ਲੜਾਈ 'ਚ ਕੁਦ ਗਈਆਂ ਹਨ ਅਤੇ ਇਸ ਲੜਾਈ ਨੂੰ ਹੁਣ ਅਖੀਰ ਤਕ ਝਾਂਸੀ ਦੀ ਰਾਣੀ ਵਾਂਗ ਲੜਨਗੀਆਂ।