ਕਿਸਾਨ ਅੰਦੋਲਨ ਨੂੰ ਪੂਰਾ ਹੋਏ 2 ਸਾਲ, ਹਰਿਆਣਾ ਦੇ ਕਿਸਾਨਾਂ ਨੇ ਅੱਜ ਦੇ ਦਿਨ ਕੀਤਾ ਸੀ ਦਿੱਲੀ ਵੱਲ ਕੂਚ 

ਏਜੰਸੀ

ਖੇਤੀਬਾੜੀ, ਕਿਸਾਨੀ ਮੁੱਦੇ

ਹਜ਼ਾਰਾਂ ਕਿਸਾਨ ਦਿੱਲੀ ਦੇ ਸਿੰਘੂ ਅਤੇ ਟਿੱਕਰੀ ਬਾਰਡਰ 'ਤੇ ਬੈਠ ਗਏ।

Farmers Protest

 

ਚੰਡੀਗੜ੍ਹ - ਕੇਂਦਰ ਦੇ 3 ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਅੰਬਾਲਾ ਤੋਂ ਦਿੱਲੀ ਤੱਕ ਕਿਸਾਨਾਂ ਦੇ ਮਾਰਚ ਨੂੰ ਅੱਜ 2 ਸਾਲ ਪੂਰੇ ਹੋ ਗਏ ਹਨ। 378 ਦਿਨਾਂ ਦੇ ਕਿਸਾਨ ਅੰਦੋਲਨ ਤੋਂ ਬਾਅਦ ਕੇਂਦਰ ਸਰਕਾਰ ਨੇ ਤਿੰਨੋਂ ਕਾਨੂੰਨ ਵਾਪਸ ਲੈ ਲਏ ਸਨ ਹਾਲਾਂਕਿ ਅੰਦੋਲਨ ਖ਼ਤਮ ਕਰਨ ਸਮੇਂ ਕੀਤਾ ਗਿਆ ਸਮਝੌਤਾ ਪੂਰਾ ਨਹੀਂ ਹੋਇਆ। 
ਕਿਸਾਨ ਅੱਜ ਵੀ ਘੱਟੋ-ਘੱਟ ਸਮਰਥਨ ਮੁੱਲ 'ਤੇ ਕਾਨੂੰਨੀ ਗਾਰੰਟੀ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ। ਦੂਜੇ ਪਾਸੇ ਹਰਿਆਣਾ ਦੇ ਕਿਸਾਨ ਅਜੇ ਵੀ ਅੰਦੋਲਨ ਦੌਰਾਨ ਦਰਜ ਹੋਏ ਕੇਸ ਵਾਪਸ ਲੈਣ ਲਈ ਸੰਘਰਸ਼ ਕਰ ਰਹੇ ਹਨ। 

ਕੇਂਦਰ ਸਰਕਾਰ ਨੇ 3 ਖੇਤੀ ਕਾਨੂੰਨ ਬਣਾਏ ਸਨ। ਇਸ ਦੇ ਵਿਰੋਧ ਵਿਚ 24 ਨਵੰਬਰ 2020 ਨੂੰ ਹਰਿਆਣਾ ਦੇ ਕਿਸਾਨਾਂ ਨੇ ਦਿੱਲੀ ਵੱਲ ਕੂਚ ਕੀਤਾ ਸੀ। ਜਿਸ ਤੋਂ ਬਾਅਦ ਹਜ਼ਾਰਾਂ ਕਿਸਾਨ ਦਿੱਲੀ ਦੇ ਸਿੰਘੂ ਅਤੇ ਟਿੱਕਰੀ ਬਾਰਡਰ 'ਤੇ ਬੈਠ ਗਏ। ਉੱਥੋਂ ਕਿਸਾਨ 11 ਦਸੰਬਰ 2021 ਨੂੰ ਵਾਪਸ ਪਰਤੇ, ਜਦੋਂ ਕੇਂਦਰ ਸਰਕਾਰ ਨੇ ਕਾਨੂੰਨ ਵਾਪਸ ਲੈ ਲਏ।  

ਹਰਿਆਣਾ ਸਰਕਾਰ ਨੇ ਅੰਬਾਲਾ ਵਿਚ ਦਿੱਲੀ ਜਾ ਰਹੇ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਕਿਸਾਨਾਂ ਨੂੰ ਰੋਕਣ ਲਈ ਲਾਠੀਚਾਰਜ, ਬੈਰੀਕੇਡਿੰਗ ਅਤੇ ਜਲ ਤੋਪਾਂ ਦੀ ਵਰਤੋਂ ਕੀਤੀ ਗਈ। ਇਸ ਦੇ ਬਾਵਜੂਦ ਕਿਸਾਨ ਨਾ ਰੁਕੇ ਅਤੇ ਦਿੱਲੀ ਬਾਰਡਰ 'ਤੇ ਪਹੁੰਚ ਗਏ।
ਦਿੱਲੀ ਵਿਚ ਕਿਸਾਨਾਂ ਦਾ ਧਰਨਾ 378 ਦਿਨ ਚੱਲਿਆ, ਕਿਸਾਨਾਂ ਨੇ ਬਹੁਤ ਔਕੜਾਂ ਵੀ ਸਹੀਆਂ ਪਰ ਜਿੱਤ ਹਾਸਲ ਕਰ ਲਈ ਤੇ 3 ਖੇਤੀ ਕਾਨੂੰਨ ਵਾਪਸ ਕਰਵਾ ਕੇ ਘਰਾਂ ਨੂੰ ਪਰਤ ਆਏ।