ਅਗਲੇ ਹਫ਼ਤੇ ਕਿਸਾਨਾਂ ਲਈ ਸ਼ੁਰੂ ਹੋਵੇਗੀ ਨਵੀਂ ਸੁਵਿਧਾ

ਏਜੰਸੀ

ਖੇਤੀਬਾੜੀ, ਕਿਸਾਨੀ ਮੁੱਦੇ

ਸਰਕਾਰ ਤੋਂ ਸਾਲਾਨਾ 6000 ਰੁਪਏ ਲੈਣ ਲਈ ਕਿਸਾਨ ਖ਼ੁਦ ਕਰਵਾ ਸਕਣਗੇ ਰਜਿਸਟ੍ਰੇਸ਼ਨ

Farmers can now directly enrol on PM Kisan portal

ਨਵੀਂ ਦਿੱਲੀ : ਕੇਂਦਰ ਸਰਕਾਰ ਕਿਸਾਨਾਂ ਨੂੰ ਇਕ ਹੋਰ ਤੋਹਫ਼ਾ ਦੇਣ ਦੀ ਤਿਆਰੀ ਕਰ ਰਹੀ ਹੈ। ਖੇਤੀ ਮੰਤਰਾਲਾ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਹੈ ਕਿ ਕਿਸਾਨ ਹੁਣ 6000 ਰੁਪਏ ਸਾਲਾਨਾ ਦੀ ਵਿੱਦੀ ਮਦਦ ਲੈਣ ਲਈ ਖੁਦ ਰਜਿਸਟ੍ਰੇਸ਼ਨ ਕਰਵਾ ਸਕਣਗੇ। ਇਸ ਰਜਿਸਟ੍ਰੇਸ਼ਨ ਪੀਐਮ ਕਿਸਾਨ ਪੋਰਟਲ 'ਤੇ ਕਰਵਾਇਆ ਜਾਵੇਗਾ। ਇਹ ਨਵੀਂ ਸੁਵਿਧਾ ਅਗਲੇ ਹਫ਼ਤੇ ਤੋਂ ਸ਼ੁਰੂ ਹੋ ਜਾਵੇਗੀ। ਇਸ ਤੋਂ ਇਲਾਵਾ ਕਿਸਾਨ ਇਸ ਪੋਰਟਲ 'ਤੇ ਭੁਗਤਾਨ ਦਾ ਸਟੇਟਸ ਵੀ ਚੈਕ ਕਰ ਸਕਦੇ ਹਨ।

ਖੇਤੀਬਾੜੀ ਮੰਤਰਾਲੇ ਦੇ ਸੰਯੁਕਤ ਸਕੱਤਰ ਵਿਵੇਕ ਅਗਰਵਾਲ ਨੇ ਦਸਿਆ ਕਿ ਸਰਕਾਰ ਨੇ ਹੁਣ ਤਕ 6.55 ਲੱਖ ਕਿਸਾਨਾਂ ਨੂੰ ਇਕ ਤੋਂ ਦੋ ਕਿਸ਼ਤਾਂ ਜਾਰੀ ਕੀਤੀਆਂ ਹਨ। ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਵੱਖ-ਵੱਖ ਸੂਬਿਆਂ ਵਿਚ ਕਿਸਾਨਾਂ ਨੂੰ ਅਦਾਇਗੀ ਮਿਲੀ ਹੈ ਜਾਂ ਨਹੀਂ। ਸੂਬਾ ਸਰਕਾਰਾਂ ਨੂੰ ਵੀ ਕਰਾਸ ਚੈੱਕ ਕਰਨ ਲਈ ਕਿਹਾ ਗਿਆ ਹੈ। ਕੇਂਦਰ ਸਰਕਾਰ ਦੀ ਪ੍ਰਧਾਨ ਮੰਤਰੀ ਪ੍ਰਧਾਨ ਕਿਸਾਨ ਸਨਮਾਨ ਸਿੱਧੀ (ਪੀਐਮਕੇਐਸਐਸ) ਸਕੀਮ ਤਹਿਤ ਕਿਸਾਨਾਂ ਨੂੰ ਹਰ ਸਾਲ ਤਿੰਨ ਕਿਸ਼ਤਾਂ ਵਿਚ 6000 ਰੁਪਏ ਦਿੱਤੇ ਜਾਣਗੇ। ਇਹ 87,000 ਕਰੋੜ ਰੁਪਏ ਦੀ ਯੋਜਨਾ ਹੈ। ਇਸ ਦਾ ਐਲਾਨ ਅੰਤਰਿਮ ਬਜਟ ਵਿਚ ਕੀਤਾ ਗਿਆ ਸੀ। ਪਹਿਲਾਂ 2 ਹੈਕਟੇਅਰ ਰਕਬੇ ਤਕ ਜ਼ਮੀਨ ਦੇ ਮਾਲਕਾਂ ਨੂੰ ਸਕੀਮ ਦਾ ਲਾਭ ਦੇਣ ਦੀ ਸ਼ਰਤ ਰੱਖੀ ਗਈ ਸੀ। ਮਈ ਵਿਚ ਸਾਰੇ ਕਿਸਾਨਾਂ ਨੂੰ ਇਸ ਵਿਚ ਸ਼ਾਮਲ ਕਰ ਲਿਆ ਗਿਆ ਸੀ।

ਅਗਰਵਾਲ ਨੇ ਦੱਸਿਆ ਕਿ ਇਹ ਨਵੀਂ ਸਹੂਲਤ ਪੀਐਮ ਕਿਸਾਨ ਪੋਰਟਲ 'ਤੇ ਅਗਲੇ ਹਫ਼ਤੇ ਤੋਂ ਉਪਲੱਬਧ ਕਰਵਾਈ ਜਾ ਸਕਦੀ ਹੈ। ਸਰਕਾਹ ਹੁਣ ਤਕ 6.55 ਲੱਖ ਕਿਸਾਨਾਂ ਦੇ ਖਾਤਿਆਂ 'ਚ ਇਕ ਤੋਂ ਵੱਧ ਕਿਸ਼ਤ ਟਰਾਂਸਫ਼ਰ ਕਰ ਚੁੱਕੀ ਹੈ। ਇਸ 'ਤੇ 24 ਹਜ਼ਾਰ ਕਰੋੜ ਰੁਪਏ ਦਾ ਖ਼ਰਚਾ ਆਇਆ ਹੈ। ਸਰਕਾਰ ਕੁਝ ਸੂਬਿਆਂ 'ਚ ਕਿਸਾਨਾਂ ਨੂੰ ਕੀਤੇ ਭੁਗਤਾਨ ਦੀ ਜਾਣਕਾਰੀ ਦੀ ਜਾਂਚ ਗੁਪਤ ਤਰੀਕੇ ਨਾਲ ਕਰ ਰਹੀ ਹੈ। ਇਸ ਤੋਂ ਇਲਾਵਾ ਸੂਬਿਆਂ ਨੂੰ ਵੀ ਕਿਹਾ ਗਿਆ ਹੈ ਕਿ ਉਹ ਘੱਟੋ-ਘੱਟ 5 ਫ਼ੀਸਦੀ ਕਿਸਾਨਾਂ ਨੂੰ ਰਾਹਤ ਰਕਮ ਟਰਾਂਸਫ਼ਰ ਹੋਣ ਦੀ ਪੁਸ਼ਟੀ ਕਰਨ।