ਕਿਸਾਨਾਂ ਲਈ ਬੇਹੱਦ ਲਾਹੇਵੰਦ ਜਾਣਕਾਰੀ, ਕਿਵੇਂ ਵਧਾਈਏ ਪਿਛੇਤੀ ਕਣਕ ਦੀ ਪੈਦਾਵਾਰ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

'ਕਣਕ' ਪੰਜਾਬ ਦੀ ਮੁੱਖ ਅਨਾਜ ਫ਼ਸਲ ਹੈ...

Kissan

ਚੰਡੀਗੜ੍ਹ: 'ਕਣਕ' ਪੰਜਾਬ ਦੀ ਮੁੱਖ ਅਨਾਜ ਫ਼ਸਲ ਹੈ। ਸਾਲ 2018-2019 ਵਿੱਚ 35.02 ਲੱਖ ਹੈਕਟੇਅਰ ਰਕਬਾ ਇਸ ਫ਼ਸਲ ਹੇਠ ਸੀ ਅਤੇ ਪੈਦਾਵਾਰ 150.88 ਲੱਖ ਟਨ ਹੋਈ ਅਤੇ ਇਸ ਦਾ ਔਸਤ ਝਾੜ 43.04 ਕੁਇੰਟਲ ਪ੍ਰਤੀ ਹੈਕਟੇਅਰ (17.22 ਕੁਇੰਟਲ ਪ੍ਰਤੀ ਏਕੜ) ਰਿਹਾ। ਪੱਕਾ ਸਮਰਥਨ ਮੁੱਲ ਮਿਲਨ ਕਰਕੇ ਕਣਕ ਹਾੜ੍ਹੀ ਵਿੱਚ ਕਿਸਾਨਾਂ ਦੀ ਹਰਮਨ ਪਿਆਰੀ ਫ਼ਸਲ ਹੈ। ਪਰ ਵੱਧ ਫ਼ਸਲੀ ਘਣਤਾ ਵਾਲੇ ਫ਼ਸਲੀ ਚੱਕਰ ਜਿਵੇਂ ਕਿ ਮੱਕੀ/ਝੋਨਾ-ਆਲੂ-ਕਣਕ, ਝੋਨਾ-ਮਟਰਕਣਕ, ਗਰਮ ਰੁੱਤ ਦੀ ਮੂੰਗਫਲੀ-ਆਲੂ/ਤੋਰੀਆ/ਮਟਰ/ਪਛੇਤਾ ਸਾਉਣੀ ਦਾ ਚਾਰਾ-ਕਣਕ ਆਦਿ ਵਿੱਚ ਕਣਕ ਦੀ ਬਿਜਾਈ ਅਕਸਰ ਪਛੜ ਜਾਂਦੀ ਹੈ।

ਬਾਸਮਤੀ ਵਾਲੇ ਖੇਤਾਂ ਵਿੱਚ ਵੀ ਕਣਕ ਪਛੇਤੀ ਹੀ ਬੀਜੀ ਜਾਂਦੀ ਹੈ। ਪੰਜਾਬ ਦੇ ਮਾਲਵੇ ਹਿੱਸੇ ਦੇ ਜ਼ਿਲ੍ਹਿਆਂ ਜਿਵੇਂ ਕਿ ਫਰੀਦਕੋਟ, ਫਿਰੋਜ਼ਪੁਰ, ਮਾਨਸਾ, ਬਠਿੰਡਾ ਅਤੇ ਮਕੁਤਸਰ ਵਿਚ ਕਣਕ, ਕਪਾਹ ਤੋਂ ਬਾਅਦ ਅਤੇ ਅੰਮ੍ਰਿਤਸਰ, ਜਲੰਧਰ, ਕਪੂਰਥਲਾ ਜ਼ਿਲ੍ਹਿਆਂ ਵਿਚ ਕਣਕ ਮਟਰ ਅਤੇ ਆਲੂਆਂ ਤੋਂ ਬਾਅਦ ਬੀਜੀ ਜਾਂਦੀ ਹੈ ਜਿਸ ਕਰਕੇ ਕਣਕ ਦੀ ਬਿਜਾਈ ਪਿਛੇਤੀ ਹੋ ਜਾਂਦੀ ਹੈ। ਪੰਜਾਬ ਵਿੱਚ ਮਟਰ ਅਤੇ ਆਲੂਆਂ ਦੀਆਂ ਫ਼ਸਲਾਂ ਹੇਠ 21.46 ਅਤੇ 89.0 ਹਜ਼ਾਰ ਹੈਕਟੇਅਰ (ਬਾਗਬਾਨੀ ਵਿਭਾਗ, ਭਾਰਤ, 2018, ਮੁਤਾਬਿਕ) ਰਕਬਾ ਹੈ ਅਤੇ ਜਿਹੜੇ ਕਿਸਾਨ ਵੀਰ ਇਨ੍ਹਾਂ ਫ਼ਸਲਾਂ ਤੋਂ ਬਾਅਦ ਕਣਕ ਬੀਜਦੇ ਹਨ।

 ਉੱਥੇ ਬਿਜਾਈ ਦਸੰਬਰ ਦੇ ਦੂਸਰੇ ਪੰਦਰਵਾੜੇ ਵਿਚ ਚਲੀ ਜਾਂਦੀ ਹੈ। ਬਿਜਾਈ ਦਾ ਸਮਾਂ ਫ਼ਸਲ ਦੇ ਝਾੜ ਤੇ ਸਿੱਧਾ ਅਸਰ ਕਰਦਾ ਹੈ। ਕਣਕ ਦੀ ਬਿਜਾਈ ਦਾ ਸਹੀ ਸਮਾਂ ਅਖੀਰ ਅਕਤੂਬਰ ਤੋਂ ਨਵੰਬਰ ਦਾ ਪਹਿਲਾ ਪੰਦਰਵਾੜਾ ਹੈ। ਜੇਕਰ ਬਿਜਾਈ ਪੱਛੜ ਕੇ ਕੀਤੀ ਜਾਵੇ ਤਾਂ ਪਛੇਤ ਅਨੁਸਾਰ ਝਾੜ ਲਗਾਤਾਰ ਘੱਟਦਾ ਜਾਂਦਾ ਹੈ। ਢੁੱਕਵੇਂ ਸਮੇਂ ਤੋਂ ਬਿਜਾਈ ਵਿੱਚ ਇੱਕ ਹਫ਼ਤੇ ਦੀ ਪਛੇਤ, ਝਾੜ ਨੂੰ ਤਕਰੀਬਨ 150 ਕਿਲੋ ਪ੍ਰਤੀ ਏਕੜ, ਪ੍ਰਤੀ ਹਫ਼ਤਾ ਘਟਾ ਦਿੰਦੀ ਹੈ। ਨਵੰਬਰ ਦਾ ਪਹਿਲਾ ਪੰਦਰ੍ਹਵਾੜਾ ਇਸ ਦੀ ਬਿਜਾਈ ਲਈ ਬਹੁਤ ਢੁੱਕਵਾਂ ਹੈ।

ਪਿਛੇਤੀ ਕਣਕ ਤੋਂ ਵੱਧ ਝਾੜ ਲੈਣ ਲਈ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖੀਏ

ਕਿਸਮ ਦੀ ਚੋਣ: ਸੇਂਜੂ ਹਾਲਤਾਂ ਵਿੱਚ ਪਛੇਤੀ ਬਿਜਾਈ ਲਈ ਪੀ ਬੀ ਡਬਲਯੂ 658 (ਔਸਤਨ ਝਾੜ 17.6 ਕੁਇੰਟਲ ਪ੍ਰਤੀ ਏਕੜ ਅਤੇ ਪੱਕਣ ਲਈ 133 ਦਿਨ ) ਅਤੇ ਪੀ ਬੀ ਡਬਲਯੂ 590 (ਔਸਤਨ ਝਾੜ 16.4 ਕੁਇੰਟਲ ਪ੍ਰਤੀ ਏਕੜ ਅਤੇ ਪੱਕਣ ਲਈ 128 ਦਿਨ) ਬੀਜੋ। ਜੇਕਰ ਪਛੇਤੀ ਬਿਜਾਈ ਲਈ ਅਗੇਤੀ ਬਿਜਾਈ ਵਾਲੀਆਂ ਕਿਸਮਾਂ ਬੀਜੀਆਂ ਜਾਣ ਤਾਂ ਝਾੜ ਤੇ ਮਾੜਾ ਅਸਰ ਪੈਂਦਾ ਹੈ।

ਬੀਜ ਦੀ ਮਾਤਰਾ: ਚੰਗਾ ਝਾੜ ਲੈਣ ਲਈ 40 ਕਿਲੋ ਬੀਜ ਦੀ ਮਾਤਰਾ ਦੀ ਸਿਫ਼ਾਰਸ਼ ਕੀਤੀ ਗਈ ਹੈ। ਬੀਜਣ ਤੋਂ ਪਹਿਲਾਂ ਬੀਜ ਨੂੰ ਚੰਗੀ ਤਰ੍ਹਾਂ ਸਾਫ਼ ਅਤੇ ਗਰੇਡ ਕਰਨਾ ਚਾਹੀਦਾ ਹੈ। ਛੋਟੇ ਝੁਰੜੇ ਬੀਜ ਅਤੇ ਨਦੀਨਾਂ ਦੇ ਬੀਜ ਪੂਰੀ ਤਰ੍ਹਾਂ ਕੱਢ ਲੈਣੇ ਚਾਹੀਦੇ
ਹਨ।

ਬੀਜ ਦੀ ਸੋਧ: ਸਿਉਂਕ ਦੇ ਹਮਲੇ ਵਾਲੀਆਂ ਜ਼ਮੀਨਾਂ ਵਿੱਚ ਪਹਿਲਾਂ ਬੀਜ ਨੂੰ ਡਰਸਬਾਨ/ਰੂਬਾਨ/ਡਰਮੈਟ 20 ਈ ਸੀ (ਕਲੋਰਪਾਈਰੀਫੋਸ) 4 ਮਿਲੀਲਿਟਰ ਜਾਂ 6 ਮਿਲੀਲਿਟਰ ਰੀਜੈਂਟ 5 ਪ੍ਰਤੀਸ਼ਤ ਐੱਸ ਸੀ (ਫਿਪਰੋਨਿਲ) ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਸੋਧ ਕੇ ਸੁਕਾ ਲਵੋ ਅਤੇ ਫਿਰ ਕਣਕ ਦੇ ਬੀਜ ਨੂੰ ਰੈਕਸਲ ਈਜ਼ੀ/ਰੀਅਸ 6 ਐਫ ਐਸ (ਟੈਬੂਕੋਨਾਜ਼ੋਲ) 13 ਮਿਲੀਲਿਟਰ ਪ੍ਰਤੀ 40 ਕਿੱਲੋ ਬੀਜ (13 ਮਿ.ਲਿ. ਦਵਾਈ ਨੂੰ 400 ਮਿ.ਲਿ. ਪਾਣੀ ਵਿੱਚ ਘੋਲ ਕੇ 40 ਕਿੱਲੋ ਬੀਜ ਨੂੰ ਲਗਾਓ) ਜਾਂ ਵੀਟਾਵੈਕਸ ਪਾਵਰ 75 ਡਬਲਯੂ ਐੱਸ (ਕਾਰਬੋਕਸਿਨ +ਟੈਟਰਾਮੀਥਾਇਲ ਥਾਈਯੂਰਮ ਡਾਈਸਲਫਾਈਡ)120 ਗ੍ਰਾਮ ਜਾਂ ਵੀਟਾਵੈਕਸ 75 ਡਬਲਯੂ ਪੀ (ਕਾਰਬੋਕਸਿਨ) 80 ਗ੍ਰਾਮ ਜਾਂ ਸੀਡੈਕਸ 2 ਡੀ ਐਸ /ਐਕਸਜ਼ੋਲ 2 ਡੀ ਐਸ (ਟੈਬੂਕੋਨਾਜ਼ੋਲ)40 ਗ੍ਰਾਮ ਪ੍ਰਤੀ 40 ਕਿਲੋ ਬੀਜ ਦੇ ਹਿਸਾਬ ਨਾਲ ਸੋਧ ਲਵੋ।

ਇਸ ਨਾਲ ਕਾਂਗਿਆਰੀ ਦੀ ਰੋਕਥਾਮ ਹੋ ਜਾਵੇਗੀ। ਬੀਜ ਵਿਚ ਕਾਲੀ ਨੋਕ ਵਾਲੇ ਦਾਣੇ ਹੋਣ ਤਾਂ ਸਿੱਟੇ ਦੇ ਝੁਲਸ ਰੋਗ ਦੀ ਰੋਕਥਾਮ ਲਈ ਬੀਜ ਨੂੰ ਕੈਪਟਾਨ ਜਾਂ ਥੀਰਮ 3 ਗ੍ਰਾਮ ਪ੍ਰਤੀ ਕਿਲੋ ਬੀਜ (300 ਗ੍ਰਾਮ ਪ੍ਰਤੀ ਕੁਇੰਟਲ) ਦੇ ਹਿਸਾਬ ਨਾਲ ਸੋਧ ਲਵੋ। ਜੇ ਬੀਜ ਵੀਟਾਵੈਕਸ ਪਾਵਰ ਨਾਲ ਸੋਧਿਆ ਹੋਵੇ ਤਾਂ ਕੈਪਟਾਨ ਜਾਂ ਥੀਰਮ ਨਾਲ ਸੋਧਣ ਦੀ ਲੋੜ ਨਹੀਂ। ਧਿਆਨ ਰੱਖਣ ਯੋਗ ਗੱਲ ਇਹ ਹੈ ਕਿ ਬੀਜ ਦੀ ਸੋਧ ਬਿਜਾਈ ਤੋਂ ਕਦੇ ਵੀ ਇੱਕ ਮਹੀਨੇ ਤੋਂ ਪਹਿਲਾਂ ਨਾ ਕਰੋ, ਨਹੀਂ ਤਾਂ ਬੀਜ ਦੀ ਉੱਗਣ ਸ਼ਕਤੀ ਤੇ ਮਾੜਾ ਅਸਰ ਪੈਂਦਾ ਹੈ, ਬੀਜ ਦੀ ਸੋਧ, ਬੀਜ ਸੋਧਕ ਡਰੱਮ ਨਾਲ ਚੰਗੀ ਤਰ੍ਹਾਂ ਕੀਤੀ ਜਾ ਸਕਦੀ ਹੈ।

ਬੀਜ ਨੂੰ ਜੀਵਾਣੂੰ ਖਾਦ ਦਾ ਟੀਕਾ: ਅੱਧਾ ਕਿੱਲੋ ਕਨਸ਼ੋਰਸ਼ੀਅਮ ਜੀਵਾਣੂੰ ਖਾਦ ਨੂੰ ਇਕ ਲਿਟਰ ਪਾਣੀ ਵਿੱਚ ਮਿਲਾ ਕੇ ਕਣਕ ਦੇ ਪ੍ਰਤੀ ਏਕੜ ਬੀਜ ਨਾਲ ਚੰਗੀ ਤਰ੍ਹਾਂ ਮਿਲਾ ਲਓ। ਸੋਧੇ ਬੀਜ ਨੂੰ ਪੱਕੇ ਫਰਸ਼ ਤੇ ਖਿਲਾਰ ਕੇ ਛਾਵੇਂ ਸੁਕਾ ਲਉ ਅਤੇ ਛੇਤੀ ਬੀਜ ਦਿਓ। ਬੀਜ ਨੂੰ ਇਹ ਟੀਕਾ ਲਾਉਣ ਨਾਲ ਝਾੜ ਵੱਧਦਾ ਹੈ। ਇਹ ਟੀਕਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਮਾਇਕ੍ਰੋਬਾਇਓਲੋਜੀ ਵਿਭਾਗ ਕੋਲ ਉਪਲੱਭਧ ਹੈ।

ਇਸੇ ਤਰ੍ਹਾਂ ਫਾਸਫੋਰਸ ਦੀ ਉਪਲੱਬਧਤਾ ਵਧਾਉਣ ਲਈ ਜੀਵਾਣੂੰ ਖਾਦ ਦੇ ਮਿਸ਼ਰਣ (ਆਰਬਸਕੂਲਰ ਮਾਈਕੋਰਹਾਈਜ਼ਲ ਫੰਜਾਈ ਅਤੇ ਪਲਾਂਟ ਗਰੋਥ ਪਰਮੋਟਿੰਗ ਰਾਈਜੋਬੈਕਟੀਰੀਆ) ਦਾ ਟੀਕਾ ਲਗਾਓ। ਇਕ ਏਕੜ ਦੇ ਬੀਜ ਨੂੰ 1 ਲਿਟਰ ਪਾਣੀ ਦਾ ਛੱਟਾ ਦੇ ਕੇ ਸਿੱਲਾ ਕਰ ਲਵੋ ਅਤੇ ਜੀਵਾਣੂੰ ਖਾਦ ਦੇ ਮਿਸ਼ਰਣ ਨੂੰ ਚੰਗੀ ਤਰ੍ਹਾਂ ਬੀਜ ਨਾਲ ਰਲ੍ਹਾ ਲਵੋ ਅਤੇ ਬੀਜ ਨੂੰ ਅੱਧੇ ਘੰਟੇ ਲਈ ਛਾਂ ਵਿਚ ਸੁਕਾ ਲਵੋ।

ਬਿਜਾਈ ਦੇ ਢੰਗ ਅਤੇ ਫ਼ਾਸਲਾ: ਕਣਕ ਦੀ ਬਿਜਾਈ ਬੀਜ-ਖਾਦ ਡਰਿੱਲ ਦੁਆਰਾ 4-6 ਸੈਂਟੀਮੀਟਰ ਡੂੰਘੀ ਕਰੋ ਕਿਉਂਕਿ ਇਸ ਨਾਲ ਬੀਜ ਤੇ ਖਾਦ ਸਾਰੇ ਖੇਤ ਵਿੱਚ ਠੀਕ ਡੂੰਘਾਈ ਤੇ ਇੱਕਸਾਰ ਕਿਰ ਜਾਂਦੇ ਹਨ। ਇਸ ਢੰਗ ਦੁਆਰਾ ਖਾਦ ਅਤੇ ਬੀਜ ਦੀ ਸਿਫ਼ਾਰਸ਼ ਕੀਤੀ ਮਾਤਰਾ ਠੀਕ ਤੌਰ ਤੇ ਪਾਈ ਜਾ ਸਕਦੀ ਹੈ, ਨਾਲ ਹੀ ਬਿਜਾਈ ਲਈ ਸਮਾਂ ਵੀ ਘੱਟ ਲੱਗਦਾ ਹੈ। ਡਰਿੱਲ ਨੂੰ ਵਰਤਣ ਤੋਂ ਪਹਿਲਾਂ ਸੈੱਟ ਕਰ ਲਵੋ ਤਾਂ ਕਿ ਬੀਜ ਅਤੇ ਖਾਦ ਦੀ ਲੋੜੀਂਦੀ ਮਾਤਰਾ ਕੇਰੀ ਜਾ ਸਕੇ। ਸਿਆੜਾਂ ਵਿੱਚ 20 ਤੋਂ 22 ਸੈਂਟੀਮੀਟਰ ਦਾ ਫਾਸਲਾ ਘਟਾ ਕੇ 15 ਸੈਂਟੀਮੀਟਰ ਰੱਖਿਆ ਜਾਵੇ ਤਾਂ ਵੱਧ ਝਾੜ ਮਿਲਦਾ ਹੈ।

ਕਣਕ ਦੀ ਪਛੇਤੀ ਬੀਜਾਈ ਵਿੱਚ ਉੱਗਣ ਸ਼ਕਤੀ ਵਧਾਉਣ ਲਈ, ਕਣਕ ਦੇ ਬੀਜ ਨੂੰ 4 ਤੋਂ 6 ਘੰਟੇ ਭਿਉਂ ਕੇ, ਬਾਅਦ ਵਿੱਚ ਬੀਜ ਨੂੰ 24 ਘੰਟੇ ਸੁਕਾ ਕੇ ਡਰਿੱਲ ਨਾਲ ਬਿਜਾਈ ਕੀਤੀ ਜਾਵੇ। ਬਿਜਾਈ ਦਾ ਦੋ ਤਰਫ਼ਾ ਢੰਗ ਅਪਨਾਉਣ ਨਾਲ ਪ੍ਰਤੀ ਏਕੜ ਦੋ ਕੁਇੰਟਲ ਝਾੜ ਵੱਧ ਜਾਂਦਾ ਹੈ, ਜਦੋਂ ਕਿ ਬੀਜ, ਖਾਦ ਆਦਿ ਦੀ ਸਿਫ਼ਾਰਸ਼ ਕੀਤੀ ਮਾਤਰਾ ਹੀ ਵਰਤੀ ਗਈ ਹੋਵੇ। ਖਾਦ ਅਤੇ ਬੀਜ ਦੀ ਸਿਫ਼ਾਰਸ਼ ਕੀਤੀ ਅੱਧੀ ਮਾਤਰਾ ਇੱਕ ਤਰਫ਼ ਬੀਜਣ ਲਈ ਵਰਤੋ ਅਤੇ ਰਹਿੰਦੀ ਅੱਧੀ ਮਾਤਰਾ ਦੂਜੀ ਤਰਫ਼ ਬਿਜਾਈ ਕਰਨ ਲਈ ਵਰਤੋ। ਬੀਜ 4 ਸੈਂਟੀਮੀਟਰ ਡੂੰਘਾ ਅਤੇ ਸਿਆੜਾਂ ਵਿਚਕਾਰ 20-22 ਸੈਂਟੀਮੀਟਰ ਫ਼ਾਸਲਾ ਰੱਖੋ, ਪਹਿਲਾਂ ਬੀਜੇ ਸਿਆੜਾਂ ਨੂੰ ਦੂਜੀ ਬਿਜਾਈ ਦੇ ਸਿਆੜ 90 ਡਿਗਰੀ ਦੇ ਕੋਨ ਤੇ ਕੱਟਦੇ ਹੋਣ। ਬਿਜਾਈ ਪਿੱਛੋਂ ਹਲਕਾ ਜਿਹਾ ਸੁਹਾਗਾ ਫੇਰੋ।

ਖਾਦਾਂ ਦੀ ਸਹੀ ਵਰਤੋਂ: ਅੱਧ ਦਸੰਬਰ ਤੋਂ ਬਾਅਦ ਬੀਜੀ ਕਣਕ ਨੂੰ ਠੀਕ ਸਮੇਂ ਤੇ ਬੀਜੀ ਕਣਕ ਨਾਲੋਂ 25% ਨਾਈਟ੍ਰੋਜਨ (82 ਕਿੱਲੋ ਯੂਰੀਆ) ਘੱਟ ਪਾਓ। ਜਦੋਂ ਕਣਕ ਆਲੂਆਂ ਪਿੱਛੋਂ ਬੀਜੀ ਜਾਵੇ ਅਤੇ ਆਲੂਆਂ ਨੂੰ 10 ਟਨ ਪ੍ਰਤੀ ਏਕੜ ਰੂੜੀ ਦੀ ਖਾਦ ਪਾਈ ਗਈ ਹੋਵੇ ਤਾਂ ਕਣਕ ਨੂੰ ਫਾਸਫੋਰਸ ਦੀ ਕੋਈ ਲੋੜ ਨਹੀਂ ਅਤੇ ਨਾਈਟ੍ਰੋਜਨ ਵਾਲੀ ਖਾਦ ਦੀ ਮਾਤਰਾ ਵੀ ਘਟਾ ਕੇ ਅੱਧੀ (55 ਕਿੱਲੋ ਯੂਰੀਆ) ਕਰ ਦੇਣੀ ਚਾਹੀਦੀ ਹੈ। ਨਾਈਟ੍ਰੋਜਨ ਲਈ ਯੂਰੀਆ ਜਾਂ ਨੀਮ ਕੋਟਡ ਯੂਰੀਆ ਵਰਤਿਆ ਜਾ ਸਕਦਾ ਹੈ।

ਅੱਧੀ ਨਾਈਟ੍ਰੋਜਨ, ਸਾਰੀ ਫ਼ਾਸਫ਼ੋਰਸ ਤੇ ਪੋਟਾਸ਼ ਬੀਜਾਈ ਵੇਲੇ ਪੋਰ ਦਿਓ ਅਤੇ ਬਾਕੀ ਦੀ ਅੱਧੀ ਨਾਈਟ੍ਰੋਜਨ ਪਹਿਲੇ ਪਾਣੀ ਵੇਲੇ ਛੱਟੇ ਨਾਲ ਪਾਓ। ਜੇਕਰ ਕਣਕ ਨੂੰ ਨਾਈਟ੍ਰੋਜਨ ਯੂਰੀਆ ਖਾਦ ਰਾਹੀਂ ਦੇਣੀ ਹੋਵੇ ਤਾਂ ਯੂਰੀਆ ਦੀ ਅੱਧੀ ਮਿਕਦਾਰ ਰੌਣੀ ਤੋਂ ਪਹਿਲਾਂ ਜਾਂ ਆਖਰੀ ਵਾਹੀ ਸਮੇਂ ਪਾਓ ਅਤੇ ਦੂਸਰੀ ਕਿਸ਼ਤ ਪਹਿਲਾ ਪਾਣੀ ਲਾਉਣ ਤੋਂ 7 ਦਿਨ ਪਹਿਲਾਂ ਜਾਂ 5 ਦਿਨ ਬਾਅਦ ਤੱਕ ਛੱਟੇ ਨਾਲ ਪਾਓ। ਇਸ ਤਰ੍ਹਾਂ ਇੰਨ੍ਹਾਂ ਨੁਕਤਿਆਂ ਦਾ ਧਿਆਨ ਰੱਖਕੇ ਕਿਸਾਨ ਵੀਰ ਪਛੇਤੀ ਕਣਕ ਦਾ ਚੰਗਾ ਝਾੜ ਲੈ ਸਕਦੇ ਹਨ।