ਰਿਵਾਇਤੀ ਫਸਲੀ ਚੱਕਰਾਂ ਤੋਂ ਹੱਟ ਕੇ ਖੇੜੀ ਮੱਲਾ 'ਚ ਫੁੱਲਾਂ ਦੀ ਖੇਤੀ  

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਪਿੰਡ ਖੇੜੀ ਮੱਲਾ 'ਚ ਹੁੰਦੀ ਫੁੱਲਾਂ ਦੀ ਖੇਤੀ ਨੇ ਆਪਣੀ ਖੁਸ਼ਬੂ  ਪੂਰੇ ਪੰਜਾਬ 'ਚ ਫੈਲਾਈ ਹੋਈ ਹੈ ।

Bharpoor Singh

ਪਟਿਆਲਾ, ( ਭਰਭੂਰ ਸਿੰਘ ਨਿਰਮਾਣ ) :  ਜ਼ਿਲ੍ਹਾ ਪਟਿਆਲਾ ਦੇ ਪਿੰਡ ਖੇੜੀ ਮੱਲਾ ਦੇ ਅਗਾਂਹਵਧੂ ਕਿਸਾਨਾਂ ਵੱਲੋਂ ਰਿਵਾਇਤੀ ਫਸਲੀ ਚੱਕਰ ਤੋਂ  ਬਾਹਰ ਨਿਕਲ ਕੇ ਫੁੱਲਾਂ ਦੀ ਖੇਤੀ ਨੂੰ ਪਹਿਲ ਦਿੱਤੀ ਜਾ ਰਹੀ ਹੈ। ਪਿੰਡ ਖੇੜੀ ਮੱਲਾ 'ਚ ਹੁੰਦੀ ਫੁੱਲਾਂ ਦੀ ਖੇਤੀ ਨੇ ਆਪਣੀ ਖੁਸ਼ਬੂ  ਪੂਰੇ ਪੰਜਾਬ 'ਚ ਫੈਲਾਈ ਹੋਈ ਹੈ । ਅਗਾਂਹਵਧੂ ਕਿਸਾਨ ਭਰਭੂਰ ਸਿੰਘ ਨਿਰਮਾਣ ਨੇ 18 ਸਾਲ ਪਹਿਲਾਂ ਫੁੱਲਾਂ ਦੀ ਖੇਤੀ ਸੁਰੂ ਕੀਤੀ ਤੇ ਅੱਜ ਪਿੰਡ ਖੇੜੀ ਮੱਲਾ ਵਿਚ ਹੋਰ ਬਹੁਤ ਅਗਾਂਹਵਧੂ ਕਿਸਾਨਾਂ ਨੇ ਫੁੱਲਾਂ ਦੀ ਖੇਤੀ ਸੁਰੂ ਕੀਤੀ ।

ਅੱਜ ਉਨ੍ਹਾਂ ਦੀ ਮਿਹਨਤ ਰੰਗ ਲਿਆਈ ਤੇ ਅੱਜ ਪਿੰਡ ਖੇੜੀ ਮੱਲਾ ਵਿਚ 50 ਏਕੜ ਤੋ ਵੀ ਵੱਧ ਰਕਬੇ 'ਚ ਫੁੱਲਾਂ ਦੀ ਖੇਤੀ ਕੀਤੀ ਜਾ ਰਹੀ ਹੈ। ਕਿਸਾਨ ਫੁੱਲਾਂ ਦੀ ਖੇਤੀ ਕਰਕੇ ਬੇਹੱਦ ਖੁਸ਼ ਹਨ । ਇਸ ਬਾਰੇ ਭਰਭੂਰ ਸਿੰਘ ਕਹਿੰਦੇ ਹਨ ਕਿ 1998 ਵਿੱਚ ਫੁੱਲਾਂ ਦੀ ਖੇਤੀ ਬਾਰੇ ਜਾਣਕਾਰੀ ਹਾਸਲ ਕਰਨ ਲਈ ਲੁਧਿਆਣਾ ਸਥਿਤ ਖੇਤੀਬਾੜੀ ਯੂਨੀਵਰਸਿਟੀ ਸਮੇਤ ਕਈ ਥਾਵਾਂ ਤੇ ਗਏ । ਅੱਜ ਪਿੰਡ ਖੇੜੀ ਮੱਲਾ ਵਿਚ 50 ਏਕੜ ਤੋ ਵੀ ਵੱਧ ਰਕਬੇ 'ਚ ਕਈ ਪ੍ਰਕਾਰ ਦੇ ਫੁੱਲਾਂ ਦੀ ਖੇਤੀ ਕੀਤੀ ਜਾ ਰਹੀ ਹੈ ।

ਪਹਿਲਾਂ ਪਹਿਲਾਂ ਮੰਡੀ ਕਰਨ ਦੀ ਵੀ ਸਮੱਸਿਆ ਆਈ ਪਰ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ ਤੇ ਅੱਜ ਚੰਗੀ ਕਮਾਈ ਕਰ ਰਹੇ ਹਨ । ਉਹ ਕਹਿੰਦੇ ਹਨ ਕਿ ਇਸ ਦੇ ਨਾਲ ਪਿੰਡ ਵਿੱਚ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਵੀ ਮਿਲਿਆ । ਫੁੱਲਾਂ ਦੀ ਖੇਤੀ ਨੂੰ ਅੱਜ ਮੁੱਖ ਖੇਤੀ ਵਜੋਂ ਕਰ ਰਹੇ ਅਗਾਂਹਵਧੂ ਕਿਸਾਨ ਭਰਭੂਰ ਸਿੰਘ ਦਾ ਕਹਿਣਾ ਹੈ ਕਿ ਜੋ ਫੁੱਲਾਂ ਦੀ ਖੇਤੀ ਉਨ੍ਹਾਂ ਵੱਲੋਂ ਕੀਤੀ ਜਾ ਰਹੀ ਹੈ ਉਸ ਨੂੰ ਸਜਾਵਟ ਲਈ ਵਰਤਿਆ ਜਾਂਦਾ ਹੈ ।

ਪਿੰਡ ਖੇੜੀ ਮੱਲਾ ਵਿਚ ਹੋਣ ਵਾਲੀ ਫੁੱਲਾਂ ਦੀ ਖੇਤੀ ਨੂੰ ਵੇਖਣ ਲਈ ਕਿਸਾਨ ਅਤੇ ਵਿਦਿਆਰਥੀ ਵੀ ਆਉਦੇ ਹਨ । ਭਰਭੂਰ ਸਿੰਘ ਨੇ  ਸਾਰੇ ਨੌਜਵਾਨ ਕਿਸਾਨਾਂ ਨੂੰ ਅਪੀਲ ਕੀਤੀ ਕਿ ਆਪਣੇ ਸੂਬੇ ਵਿਚ ਰਹਿ ਕੇ ਹੀ ਖੇਤੀਬਾੜੀ ਨੂੰ ਸੰਭਾਲ ਕੇ ਸੂਬੇ ਦੀ ਖੇਤੀ ਨੂੰ ਬਚਾ ਸਕਦੇ ਹਨ ਅਤੇ ਰਿਵਾਇਤੀ ਫਸਲੀ ਚੱਕਰ ਚੋ ਬਾਹਰ ਨਿਕਲ ਕੇ ਫੁੱਲਾਂ ਦੀ ਖੇਤੀ ਕਰਕੇ ਵੱਧ ਮੁਨਾਫ਼ਾ ਵੀ ਕਮਾ ਸਕਦੇ ਹਨ, ਤਾਂ ਜੋ ਕਿਸਾਨੀ ਦੇ ਡਿਗਦੇ ਪੱਧਰ ਨੂੰ ਉੱਚਾ ਚੁੱਕਿਆ ਜਾ ਸਕੇ।