ਪੰਜਾਬ ਦੀ ਇਸ ਧੀ ਨੇ ਕੀਤਾ ਕਮਾਲ, ਹੌਂਸਲਾ ਦੇਖ ਉੱਡ ਜਾਣਗੇ ਹੋਸ਼

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਰੂਹ ਕੰਬਾ ਦੇਵੇਗੀ ਇਸ ਧੀ ਦੀ ਕਹਾਣੀ ਪਰ ਹੌਂਸਲਾ ਦੇਖ ਉੱਡ ਜਾਣਗੇ ਹੋਸ਼

Photo

ਮੁਕਤਸਰ ਸਾਹਿਬ: ਕਹਿੰਦੇ ਨੇ ਜ਼ਿੰਦਗੀ ਪੈਰ-ਪੈਰ ‘ਤੇ ਪਰਖ਼ ਕਰਦੀ ਹੈ ਤੇ ਪੈਰ-ਪੈਰ ‘ਤੇ ਤੁਹਾਡਾ ਇਮਤਿਹਾਨ ਲੈਂਦੀ ਹੈ। ਪਰ ਜ਼ਿੰਦਗੀ ਦਾ ਸਿਕੰਦਰ ਉਹ ਹੀ ਅਖਵਾਉਂਦਾ ਹੈ ਜੋ ਹਰ ਮੁਸ਼ਕਿਲ ਇਮਤਿਹਾਨ ਤੇ ਔਖੀ ਘੜੀ ਨੂੰ ਪਾਰ ਕਰਕੇ ਜਿੱਤ ਹਾਸਲ ਕਰਦਾ ਹੈ। ਅਜਿਹਾ ਹੀ ਹੌਂਸਲਾ ਦੇਖਣ ਨੂੰ ਮਿਲਿਆ ਹੈ ਪੰਜਾਬ ਦੇ ਜ਼ਿਲ੍ਹਾ ਮੁਕਤਸਰ ਸਾਹਿਬ ਦੀ ਧੀ ਹਰਜਿੰਦਰ ਕੌਰ ਉੱਪਲ ਵਿਚ।

ਹਰਜਿੰਦਰ ਕੌਰ ਨੇ ਖੇਤੀਬਾੜੀ ਤਾਂ ਕੀਤੀ ਹੈ ਪਰ ਇਸ ਦੇ ਨਾਲ ਹੀ ਉਹਨਾਂ ਨੇ ਪੰਜਾਬ ਹੋਰ ਕੁੜੀਆਂ ਲਈ ਵੀ ਨਵਾਂ ਰਾਹ ਖੋਲ੍ਹਿਆ ਹੈ। ਰੋਜ਼ਾਨਾ ਸਪੋਕਸਮੈਨ ਦੇ ਪੱਤਰਕਾਰ ਸੁਰਖ਼ਾਬ ਚੰਨ ਵੱਲੋਂ ਹਰਜਿੰਦਰ ਕੌਰ ਨਾਲ ਖ਼ਾਸ ਮੁਲਾਕਾਤ ਕੀਤੀ ਗਈ। ਹਰਜਿੰਦਰ ਕੌਰ ਨੇ ਦੱਸਿਆ ਕਿ ਉਸ ਨੇ ਅਪਣੇ ਨਾਂਅ ਨਾਲ ਉੱਪਲ ਇਸ ਕਰਕੇ ਲਗਾਇਆ ਕਿਉਂਕਿ ਉਸ ਦਾ ਗੋਤ ਉੱਪਲ ਹੈ।

ਉਸ ਨੇ ਦੱਸਿਆ ਕਿ ਕਾਫ਼ੀ ਕਿਤਾਬਾਂ ਪੜ੍ਹਨ ਤੋਂ ਬਾਅਦ ਉਸ ਨੂੰ ਪਤਾ ਚੱਲਿਆ ਕਿ ਉਹਨਾਂ ਦੇ ਵੱਡੇ ਵਡੇਰੇ ਯੋਧਾ ਸਨ। ਹਰਜਿੰਦਰ ਨੇ ਦੱਸਿਆ ਕਿ ਜਦੋਂ ਉਹ ਪੈਦਾ ਹੋਈ ਤਾਂ ਇਕ ਹਫ਼ਤੇ ਤੱਕ ਤਾਂ ਕਿਸੇ ਨੇ ਉਸ ਦਾ ਨਾਂਅ ਨਹੀਂ ਸੀ ਰੱਖਿਆ ਕਿਉਂਕਿ ਉਹ ਇਕ ਕੁੜੀ ਸੀ। ਉਹਨਾਂ ਦੱਸਿਆ ਕਿ ਉਸ ਦਾ ਨਾਂਅ ਉਸ ਦੇ ਵੱਡੇ ਭਰਾ ਨੇ ਰੱਖਿਆ ਸੀ ਅਤੇ ਨਾਂਅ ਰੱਖਣ ਸਮੇਂ ਉਸ ਨੇ ਕਿਹਾ ਸੀ ਕਿ ਹੋ ਸਕਦਾ ਹੈ ਕਿ ਸਾਡੀ ਧੀ ਅੱਗੇ ਭਵਿੱਖ ਵਿਚ ਅਪਣਾ ਨਾਂਅ ਰੋਸ਼ਨ ਕਰੇ ਤੇ ਉਸ ਦੀਆਂ ਖ਼ਬਰਾਂ ਆਉਣ।

ਹੁਣ ਹਰਜਿੰਦਰ ਦੇ ਭਰਾ ਦਾ ਸੁਪਨਾ ਪੂਰਾ ਹੋ ਗਿਆ ਹੈ। ਪਰ ਇਸ ਤੋਂ ਬਾਅਦ ਉਹਨਾਂ ਦੇ ਪਰਿਵਾਰ ਵਿਚ ਬਹੁਤ ਕੁਝ ਵਾਪਰਿਆਂ ਇਕ-ਇਕ ਕਰਕੇ ਉਹਨਾਂ ਦੇ ਪਰਿਵਾਰ ਵਿਚੋਂ 4 ਜੀਆਂ ਦੀ ਮੌਤ ਹੋ ਗਈ। ਸਭ ਤੋਂ ਪਹਿਲਾਂ ਉਹਨਾਂ ਦੇ ਇਕ ਭਰਾ ਦੀ ਮੌਤ ਹੋਈ, ਫਿਰ ਉਹਨਾਂ ਦੇ ਤਾਇਆ ਜੀ ਦੀ ਤੇ ਫਿਰ ਵੱਡੇ ਭਰਾ ਦੀ। ਇਸੇ ਸਦਮੇ ਵਿਚ ਉਹਨਾਂ ਦੇ ਪਿਤਾ ਵੀ ਦੁਨੀਆ ਨੂੰ ਅਲਵਿਦਾ ਆਖ ਗਏ।

ਉਹਨਾਂ ਦੱਸਿਆ ਕਿ ਇਸੇ ਦੌਰਾਨ ਘਟੀਆ ਸਿਸਟਮ ਉਹਨਾਂ ਦੇ ਭਰਾ ਦੀਆਂ ਅੱਖਾਂ ਵੀ ਕੱਢ ਲਈਆਂ। ਉਹਨਾਂ ਕਿਹਾ ਕਿ ਘਰ ਵਿਚ 4 ਜੀਆਂ ਦੀ ਮੌਤ ਤੋਂ ਬਾਅਦ ਪਿੰਡ ਦੇ ਲੋਕਾਂ ਦੇ ਹੌਂਸਲੇ ਵੱਡੇ ਹੋ ਗਏ ਅਤੇ ਉਹ ਉਹਨਾਂ ਦੀਆਂ ਜ਼ਮੀਨਾਂ ‘ਤੇ ਨਜ਼ਰ ਰੱਖਣ ਲੱਗੇ। ਇਹਨਾਂ ਹਲਾਤਾਂ ਨਾਲ ਲੜਦਿਆਂ ਹਰਜਿੰਦਰ ਨੇ ਅਜਿਹਾ ਰਾਹ ਤਿਆਰ ਕੀਤਾ ਕਿ ਉਸ ਨੇ ਪੁੱਤਾਂ ਬਰਾਬਰ ਕਮਾਈ ਕਰਕੇ ਅਪਣੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ।

ਉਹਨਾਂ ਦੱਸਿਆ ਕਿ ਉਹਨਾਂ ਦੀ ਮਾਂ ਨੇ ਦੁੱਧ ਵੇਚ ਕੇ ਉਹਨਾਂ ਨੂੰ ਪਾਲਿਆ ਅਤੇ ਪਰਿਵਾਰ ਦਾ ਗੁਜ਼ਾਰਾ ਕੀਤਾ। ਇਸ ਤੋਂ ਬਾਅਦ ਹਰਜਿੰਦਰ ਨੇ ਖੇਤੀ ਸ਼ੁਰੂ ਕੀਤੀ। ਇਸ ਦੌਰਾਨ ਲੋਕਾਂ ਨੇ ਉਸ ਨੂੰ ਬਹੁਤ ਟੋਕਿਆ ਪਰ ਉਸ ਨੇ ਹਾਰ ਨਾ ਮੰਨੀ। ਉਹਨਾਂ ਦੱਸਿਆ ਕਿ ਉਹ ਵੀ ਸਮਾਂ ਸੀ ਜਦੋਂ ਉਹਨਾਂ ਦੇ ਮੋਟਰ ਦਾ ਕਨੈਕਸ਼ਨ ਕੱਟਿਆ ਗਿਆ, ਘਰ ਵਿਚ ਬਿਜਲੀ ਨਹੀਂ ਸੀ, ਇੱਥੋਂ ਤੱਕ ਕਿ ਘਰ ਦੀਆਂ ਛੱਤਾਂ ਵੀ ਚੋਣ ਲੱਗੀਆਂ।

ਉਹਨਾਂ ਦੱਸਿਆ ਕਿ ਪਿੰਡ ਦੇ ਕੁਝ ਭੈਣ-ਭਰਾਵਾਂ ਨੇ ਵੀ ਉਹਨਾਂ ਦੀ ਮਦਦ ਕੀਤੀ। ਇਸ ਤੋਂ ਬਾਅਦ ਸਮਾਂ ਬਦਲਣ ਲੱਗਿਆ ਤੇ ਚੰਗੀ ਫ਼ਸਲ ਹੋਣ ਲੱਗੀ। ਇਸ ਦੇ ਨਾਲ ਹੀ ਉਹਨਾਂ ਦਾ ਹੌਂਸਲਾ ਵਧਦਾ ਗਿਆ। ਹਰਜਿੰਦਰ ਕੌਰ ਨੇ ਦੱਸਿਆ ਕਿ ਹਾਲੇ ਵੀ ਉਹਨਾਂ ਸਿਰ ਕਰਜ਼ਾ ਹੈ। ਉਹਨਾਂ ਦੱਸਿਆ ਕਿ ਉਹਨਾਂ ਨੂੰ ਲਿਖਣ ਦਾ ਬਹੁਤ ਸ਼ੌਂਕ ਹੈ ਤੇ ਉਹਨਾਂ ਨੇ ਸੋਚਿਆ ਹੈ ਕਿ ਉਹਨਾਂ ਨੇ ਅਪਣੇ ਪਿਤਾ ਦੀ ਜ਼ਿੰਦਗੀ ‘ਤੇ ਇਕ ਫ਼ਿਲਮ ਬਣਾਉਣੀ ਹੈ।

ਉਹਨਾਂ ਦੱਸਿਆ ਕਿ ਜੇਕਰ ਕੁੜੀ ਕਿਸੇ ਦੇ ਬਰਾਬਰ ਹੋ ਕੇ ਖੇਤੀ ਕਰੇ ਤਾਂ ਲੋਕਾਂ ਲਈ ਸਹਿਣਾ ਬਹੁਤ ਔਖਾ ਹੁੰਦਾ ਹੈ। ਹਰਜਿੰਦਰ ਨਾਲ ਹੋਈ ਗੱਲਬਾਤ ਤੋਂ ਬਾਅਦ ਇਹ ਕਿਹਾ ਜਾ ਸਕਦਾ ਹੈ ਕਿ ਮੁਸੀਬਤਾਂ ਤੋਂ ਡਰ ਕੇ ਚੁੱਪ ਬੈਠੀਆਂ ਧੀਆਂ-ਭੈਣਾਂ ਨੂੰ ਹਰਜਿੰਦਰ ਕੌਰ ਤੋਂ ਸਿੱਖਿਆ ਲੈਣ ਦੀ ਲੋੜ ਹੈ ਤਾਂ ਜੋ ਇਸ ਸਮਾਜ ਨੂੰ ਇਕ ਨਵੀਂ ਸੇਧ ਦਿੱਤੀ ਜਾ ਸਕੇ।