ਝੋਨੇ ਦੇ ਨਵੇਂ ਬੀਜਾਂ 'ਚ ਵੱਡਾ ਘੁਟਾਲਾ, ਪੰਜਾਬ ਸਰਕਾਰ 'ਤੇ ਉਠਣ ਲੱਗੇ ਸਵਾਲ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਜਾਬ ਵਿਚ ਝੋਨੇ ਦੀਆਂ ਨਵੀਆਂ ਕਿਸਮਾਂ ਦੇ ਬੀਜਾਂ ਨੂੰ ਲੈ ਕੇ ਕਿਸਾਨਾਂ ਦੀ ਹੋਰ ਰਹੀ ਲੁੱਟ ਕਈ ਸਵਾਲ ਖੜ੍ਹੇ ਕਰ ਰਹੀ ਹੈ।

Photo

ਚੰਡੀਗੜ੍ਹ: ਪੰਜਾਬ ਵਿਚ ਝੋਨੇ ਦੀਆਂ ਨਵੀਆਂ ਕਿਸਮਾਂ ਦੇ ਬੀਜਾਂ ਨੂੰ ਲੈ ਕੇ ਕਿਸਾਨਾਂ ਦੀ ਹੋਰ ਰਹੀ ਲੁੱਟ ਕਈ ਸਵਾਲ ਖੜ੍ਹੇ ਕਰ ਰਹੀ ਹੈ। ਇਹਨਾਂ ਸਵਾਲਾਂ ਨਾਲ ਸੂਬਾ ਸਰਕਾਰ ਦੀ ਸਿਰਦਰਦੀ ਵਧਦੀ ਜਾ ਰਹੀ ਹੈ। ਦੱਸ ਦਈਏ ਕਿ ਵਿਕਰੀ ਦੀ ਮਨਜ਼ੂਰੀ ਤੋਂ ਬਿਨਾਂ ਹੀ ਝੋਨੇ ਦੇ ਬ੍ਰੀਡਰ ਬੀਜ ਤਿਆਰ ਕਰ ਕੇ ਕਿਸਾਨਾਂ ਨੂੰ ਮਹਿੰਗੇ ਭਾਅ 'ਤੇ ਵੇਚੇ ਜਾ ਰਹੇ ਹਨ।

ਇਸ ਦੇ ਚਲਦਿਆਂ ਵਿਰੋਧੀ ਧਿਰਾਂ ਪੰਜਾਬ ਸਰਕਾਰ 'ਤੇ ਇਲਜ਼ਾਮ ਲਗਾ ਰਹੀਆਂ ਹਨ। ਵਿਰੋਧੀਆਂ ਦਾ ਕਹਿਣਾ ਹੈ ਕਿ ਇਸ ਵਿਚ ਸਰਕਾਰ ਦੀ ਮਿਲੀਭੁਗਤ ਹੈ।
ਵਿਰੋਧੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਸਰਕਾਰ ਨੂੰ ਇਸ ਮਾਮਲੇ 'ਤੇ ਘੇਰਿਆ ਹੈ। ਅਕਾਲੀ ਦਲ ਦਾ ਕਹਿਣਾ ਹੈ ਕਿ ਇਹ ਘੁਟਾਲਾ ਕਰੋੜਾਂ ਦਾ ਹੈ ਅਤੇ ਇਸ ਦੀ ਜਾਂਚ ਕੇਂਦਰੀ ਏਜੰਸੀ ਕੋਲ ਦੇਣੀ ਚਾਹੀਦੀ ਹੈ।

ਉਹਨਾਂ ਨੇ ਦਾਅਵਾ ਕੀਤਾ ਕਿ ਇਸ ਘੁਟਾਲੇ ਦੀਆਂ ਕਈ ਪਰਤਾਂ ਹਾਲੇ ਖੁੱਲ੍ਹਣੀਆਂ ਬਾਕੀ ਹਨ। ਦਰਅਸਲ ਇਸ ਮਾਮਲੇ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਹਮਣੇ ਬੀਜ ਵਿਕਰੇਤਾ ਦੋ ਕਿਸਮਾਂ ਦੇ ਨਾਂਅ 'ਤੇ ਬੀਜ ਵੇਚਦਾ ਫੜਿਆ ਗਿਆ। ਇਸ ਤੋਂ ਬਾਅਦ ਖੇਤੀਬਾੜੀ ਵਿਭਾਗ ਨੇ ਮਾਮਲਾ ਦਰਜ ਕਰ ਕੇ ਪੁੱਛਗਿੱਛ ਸ਼ੁਰੂ ਕੀਤੀ ਹੈ।

ਦੱਸਿਆ ਜਾ ਰਿਹਾ ਹੈ ਕਿ ਬੀਜ ਵਿਕਰੇਤਾ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਦੇ ਵਿਧਾਨ ਸਭਾ ਹਲਕੇ ਨਾਲ ਸਬੰਧਤ ਹੈ। ਇਸ ਦੇ ਚਲਦਿਆਂ ਅਕਾਲੀ ਆਗੂ ਬਿਕਰਮ ਮਜੀਠੀਆ ਨੇ ਸੁਖਜਿੰਦਰ ਰੰਧਾਵਾ ਨੂੰ ਨਿਸ਼ਾਨੇ 'ਤੇ ਲਿਆ ਹੈ। ਉਹਨਾਂ ਇਲਜ਼ਮ ਲਗਾਇਆ ਕਿ ਬੀਜ ਵੇਚਣ ਵਾਲੀ ਫਰਮ ਦਾ ਮਾਲਕ ਰੰਧਾਵਾ ਦਾ ਕੋਈ ਕਰੀਬੀ ਹੈ। ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਹੋਣੀ ਚਾਹਦੀ ਹੈ।

ਇਸ ਤੋਂ ਬਾਅਦ ਸੁੱਖਜਿੰਦਰ ਰੰਧਾਵਾ ਨੇ ਕਿਹਾ ਕਿ ਨਾ ਤਾਂ ਉਹ ਖੇਤੀਬਾੜੀ ਵਿਭਾਗ ਦੇ ਮੰਤਰੀ ਹਨ ਤੇ ਨਾ ਹੀ ਉਹ ਬੀਜ ਵਿਕਰੇਤਾ ਦੁਕਾਨ ਦੇ ਸਾਥੀ ਜਾਂ ਮਾਲਕ ਹਨ। ਉਹਨਾਂ ਕਿਹਾ ਕਿ ਅਕਾਲੀ ਆਗੂ ਸਿਆਸਤ ਨੂੰ ਚਮਕਾਉਣਾ ਚਾਹੁੰਦੇ ਹਨ ਪਰ ਲੋਕ ਉਹਨਾਂ ਨੂੰ ਮਾਫ ਨਹੀਂ ਕਰਨਗੇ।

ਇਸ ਸਬੰਧੀ ਪੀਏਯੂ ਦੇ ਨਿਰਦੇਸ਼ਕ ਡਾਕਟਰ ਨਵਜੋਤ ਬੈਂਸ ਦਾ ਕਹਿਣਾ ਹੈ ਕਿ ਜਦੋਂ ਵੀ ਪੀਏਯੂ ਵੱਲੋਂ ਕਿਸੇ ਨਵੀਂ ਕਿਸਮ ਦਾ ਬੀਜ ਤਿਆਰ ਕੀਤਾ ਜਾਂਦਾ ਹੈ ਤਾਂ ਉਸ ਦਾ ਪਰੀਖਣ ਕੀਤਾ ਜਾਂਦਾ ਹੈ। ਜਦੋਂ ਪੀਆਰ-128 ਤੇ ਪੀਆਰ-129 ਕਿਸਮਾਂ ਤਿਆਰ ਕੀਤੀਆਂ ਗਈਆਂ, ਫਿਰ ਵੱਡੇ ਪੱਧਰ ‘ਤੇ ਟਰਾਇਲ ਕੀਤੇ ਗਏ ਸੀ।
ਇਸ ਤਰ੍ਹਾਂ ਨਵੀਂਆਂ ਕਿਸਮਾਂ ਦੇ ਬੀਜ ਕਿਸਾਨਾਂ ਤੱਕ ਪਹੁੰਚਾਏ ਜਾਂਦੇ ਹਨ। ਉਹਨਾਂ ਕਿਹਾ ਕਿ ਵੇਚੇ ਜਾ ਰਹੇ ਬੀਜ ਪ੍ਰਮਣਿਤ ਨਹੀਂ ਹਨ।