ਬੁਰਾੜੀ ਦੇ ਨਿਰੰਕਾਰੀ ਮੈਦਾਨ ਵਿਚ ਨਹੀਂ ਜਾਵੇਗੀ ਉਗਰਾਹਾਂ ਯੂਨੀਅਨ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਜੀਂਦ ਅਤੇ ਰੋਹਤਕ ਰਾਹੀਂ ਦਿੱਲੀ ਨੂੰ ਕੂਚ ਕਰ ਰਹੇ ਯੂਨੀਅਨ ਦੇ ਕਾਫ਼ਲੇ 

Kisan Union Ugrahan

ਨਵੀਂ ਦਿੱਲੀ: ਕੇਂਦਰ ਸਰਕਾਰ ਵਿਰੁੱਧ ਪ੍ਰਦਰਸ਼ਨ ਕਰਨ ਲਈ ਕਿਸਾਨ ਦਿੱਲੀ ਪਹੁੰਚ ਚੁੱਕੇ ਹਨ। ਕਿਸਾਨਾਂ ਨੂੰ ਦਿੱਲੀ ਦੇ ਬਾਹਰਵਾਰ ਪੈਂਦੇ ਬੁਰਾੜੀ ਦੇ ਨਿਰੰਕਾਰੀ ਮੈਦਾਨ 'ਚ ਸ਼ਾਂਤਮਈ ਪ੍ਰਦਰਸ਼ਨ ਕਰਨ ਲਈ ਕਿਹਾ ਗਿਆ ਹੈ। ਇਸ ਦੇ ਚਲਦਿਆਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਕਾਫ਼ਲੇ ਜੀਂਦ ਅਤੇ ਰੋਹਤਕ ਰਾਹੀਂ ਦਿੱਲੀ ਨੂੰ ਕੂਚ ਕਰ ਰਹੇ ਹਨ।

ਇਸ ਵਿਚ ਖਨੌਰੀ ਅਤੇ ਡੱਬਵਾਲੀ ਤੋਂ ਆ ਰਹੇ ਕਿਸਾਨ ਸ਼ਾਮਲ ਹਨ। ਯੂਨੀਅਨ ਦਾ ਕਹਿਣਾ ਹੈ ਕਿ ਉਹ ਦਿੱਲੀ ਦੇ ਬਾਹਰਵਾਰ ਪੈਂਦੇ ਬੁਰਾੜੀ ਦੇ ਨਿਰੰਕਾਰੀ ਮੈਦਾਨ ਵਿਚ ਨਹੀਂ ਜਾਣਗੇ। 

ਕਿਸਾਨ ਯੂਨੀਅਨ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀਕਲਾਂ ਅਨੁਸਾਰ ਯੂਨੀਅਨ ਦੇ ਇਹ ਕਾਫ਼ਲੇ ਰੋਹਤਕ ਹੁੰਦੇ ਹੋਏ ਭਰਤਪੁਰ ਰਾਹੀਂ ਦਿੱਲੀ ਜਾਣਗੇ ਤੇ ਉਹਨਾਂ ਵੱਲੋਂ ਰਾਮ ਲੀਲਾ ਗਰਾਊਂਡ ਜਾਂ ਜੰਤਰ-ਮੰਤਰ ਜਾਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਉਹਨਾਂ ਦਾ ਕਹਿਣਾ ਹੈ ਕਿ ਜੇਕਰ ਉਹਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਗਿਆ ਤਾਂ ਉਹ ਮੌਕੇ 'ਤੇ ਹੀ ਅਗਲਾ ਫੈਸਲਾ ਕਰਨਗੇ।