ਧਰਤੀ ਹੇਠਲਾ ਪਾਣੀ ਖੇਤੀ ਯੋਗ ਵੀ ਨਹੀਂ ਰਿਹਾ, 8 ਫ਼ੀਸਦੀ ਸੈਂਪਲ ਫ਼ੇਲ੍ਹ

ਏਜੰਸੀ

ਖੇਤੀਬਾੜੀ, ਕਿਸਾਨੀ ਮੁੱਦੇ

ਪੰਜਾਬ ਵਿੱਚ ਜਿੱਥੇ ਪੀਣ ਵਾਲੇ ਪਾਣੀ ਦਾ ਪੱਧਰ ਦਿਨੋਂ ਦਿਨ ਡਿੱਗਦਾ ਜਾ ਰਿਹਾ ਹੈ...

Save Water

ਬਰਨਾਲਾ: ਪੰਜਾਬ ਵਿੱਚ ਜਿੱਥੇ ਪੀਣ ਵਾਲੇ ਪਾਣੀ ਦਾ ਪੱਧਰ ਦਿਨੋਂ ਦਿਨ ਡਿੱਗਦਾ ਜਾ ਰਿਹਾ ਹੈ, ਉੱਥੇ ਪਾਣੀ ਦੀ ਗੁਣਵੱਤਾ ਵੀ ਘੱਟਦੀ ਜਾ ਰਹੀ ਹੈ। ਪੰਜਾਬ ਦਾ ਪਾਣੀ ਹੁਣ ਖ਼ੇਤੀ ਕਰਨ ਦੇ ਯੋਗ ਵੀ ਨਹੀਂ ਰਿਹਾ। ਬਰਨਾਲਾ ਜ਼ਿਲ੍ਹੇ ਵਿੱਚ ਖੇਤੀਬਾੜੀ ਵਿਭਾਗ ਵਲੋਂ ਪਾਣੀ ਦੀ ਗੁਣਵੱਤਾ ਚੈਕ ਕੀਤੀ ਜਾਂਦੀ ਹੈ। ਜਿਸ ਅਨੁਸਾਰ ਪਿਛਲੇ ਵਰ੍ਹੇ ਵਾਂਗ ਇਸ ਵਾਰ ਵੀ ਖੇਤੀਯੋਗ ਪਾਣੀ ਦੀ ਗੁਣਵੱਤਾ ਘਟੀਆ ਰਹੀ ਹੈ। ਜ਼ਿਲ੍ਹੇ ਵਿੱਚ ਇਸ ਵਰ੍ਹੇ ਵਿਭਾਗ ਵਲੋਂ ਹੁਣ ਤੱਕ 217 ਪਾਣੀ ਦੇ ਵੱਖ ਵੱਖ ਸੈਂਪਲਾਂ ਦੀ ਜਾਂਚ ਕੀਤੀ ਗਈ ਹੈ ਜਿਸ ਅਨੁਸਾਰ ਸਿਰਫ਼ 59 ਸੈਂਪਲ ਭਾਵ 29 ਫ਼ੀਸਦੀ ਪਾਣੀ ਦੇ ਸੈਂਪਲ ਹੀ ਖ਼ੇਤੀਯੋਗ ਸਹੀ ਪਾਏ ਗਏ ਹਨ।

 ਵਿਭਾਗ ਵਲੋਂ ਪਾਣੀ ਦੇ ਲੈਵਲ ਨੂੰ ਚਾਰ ਭਾਗਾਂ ਵਿੱਚ ਵੰਡਿਆ ਗਿਆ ਹੈ, ਜਿਸ ਅਨੁਸਾਰ 59 ਸੈਂਪਲ ਪਹਿਲੇ ਲੈਵਲ ‘ਚ ਆਏ ਹਨ। ਇਸ ਪਹਿਲੇ ਦਰਜੇ ਦਾ ਪਾਣੀ ਖ਼ੇਤੀਯੋਗ ਸਹੀ ਪਾਇਆ ਗਿਆ ਹੈ। ਇਸ ਤੋਂ ਇਲਾਵਾ 77 ਸੈਂਪਲ (36 ਫ਼ੀਸਦੀ) ਦੂਜੇ ਦਰਜੇ ‘ਚ ਅਤੇ 64 ਸੈਂਪਲ (29 ਫ਼ੀਸਦੀ) ਤੀਜੇ ਦਰਜੇ ਵਿੱਚ ਆਏ ਹਨ। ਦੂਜੇ ਅਤੇ ਤੀਜੇ ਦਰਜੇ ਦੇ ਪਾਣੀ ਨੂੰ ਵਿਭਾਗ ਵਲੋਂ ਕਿਸਾਨਾਂ ਨੂੰ ਰੂੜੀ ਖ਼ਾਦ ਅਤੇ ਜਿਪਸਮ ਮਿਲਾ ਕੇ ਵਰਤਣ ਦੀ ਸਿਫ਼ਾਰਿਸ਼ ਕੀਤੀ ਗਈ ਹੈ। ਇਸ ਤੋਂ ਇਲਾਵਾ 17 ਸੈਂਪਲ (8 ਫ਼ੀਸਦੀ) ਖ਼ੇਤੀਯੋਗ ਸਹੀ ਨਹੀਂ ਹਨ, ਭਾਵ ਇਹ ਸੈਂਪਲ ਫ਼ੇਲ੍ਹ ਸਾਬਤ ਹੋਏ ਹਨ।

 ਫ਼ੇਲ੍ਹ ਹੋਏ ਸੈਂਪਲਾਂ ਵਾਲਾ ਪਾਣੀ ਫ਼ਸਲਾਂ ਨੂੰ ਉਗਾਉਣ ਦੇ ਯੋਗ ਨਹੀਂ ਰਿਹਾ। ਇਨ੍ਹਾਂ ਸੈਂਪਲਾਂ ਦੀ ਜਾਂਚ ਕਰਨ ਵਾਲੇ ਖੇਤੀਬਾੜੀ ਅਧਿਕਾਰੀ ਸਰਬਜੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਪਾਣੀ ਦੇ ਸੈਂਪਲਾਂ ਵਿੱਚ ਵੱਖ ਵੱਖ ਡੂੰਘੇ ਬੋਰਾਂ ਦੇ ਪਾਣੀ ਦੇ ਸੈਂਪਲ ਲਏ ਗਏ ਹਨ। ਇਨ੍ਹਾਂ ਵਿੱਚੋਂ 400 ਫ਼ੁੱਟ ਤੋਂ ਡੂੰਘੇ ਬੋਰਾਂ ਦਾ ਪਾਣੀ ਵੀ ਪਹਿਲੇ ਦਰਜੇ ਵਿੱਚ ਨਹੀਂ ਆਇਆ ਹੈ। ਇਸ ਵਿੱਚ 200 ਫੁੱਟ ਕੇ ਬੋਰਾਂ ਦਾ ਪਾਣੀ ਵੀ ਪਹਿਲੇ ਦਰਜੇ ਵਿੱਚ ਸ਼ਾਮਲ ਹੈ। ਵੱਖ ਵੱਖ ਥਾਵਾਂ ‘ਤੇ ਪਾਣੀ ਦੀ ਗੁਣਵੱਤਾ ਵੱਖ ਵੱਖ ਹੀ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਜਿਸ ਪਾਣੀ ਵਿੱਚ ਸੋਡੀਅਮ ਦੀ ਮਾਤਰਾ ਹੱਦ ਤੋਂ ਵੱਧ ਹੋ ਜਾਂਦੀ ਹੈ, ਉਹ ਪਾਣੀ ਵਰਤੋਂ ਯੋਗ ਨਹੀਂ ਰਹਿੰਦਾ।

ਘੱਟ ਸੋਡੀਅਮ ਵਾਲੇ ਪਾਣੀ ਵਿੱਚ ਜਿਪਸਮ ਅਤੇ ਹੋਰ ਖ਼ਾਦ ਦਾ ਪ੍ਰਯੋਗ ਕਰਕੇ ਖ਼ੇਤੀਯੋਗ ਕੀਤਾ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਵਰ੍ਹੇ ਵਿਭਾਗ ਵਲੋਂ 243 ਸੈਂਪਲਾਂ ਦੀ ਰਿਪੋਰਟ ਜਾਰੀ ਕੀਤੀ ਗਈ ਸੀ, ਜਿਸ ਵਿੱਚ 82 ਫ਼ੀਸਦੀ ਸੈਂਪਲ ਖ਼ੇਤੀਯੋਗ ਸਹੀ ਨਹੀਂ ਆਏ ਸਨ ਅਤੇ ਸਿਰਫ਼ 18 ਫ਼ੀਸਦੀ ਪਾਣੀ ਹੀ ਖ਼ੇਤੀਯੋਗ ਸਹੀ ਪਾਇਆ ਗਿਆ ਸੀ। ਐਂਤਕੀਂ ਵੀ ਵਿਭਾਗ ਕੋਲ ਪਹਿਲੀ ਅਪਰੈਲ ਤੋਂ ਲੈ ਕੇ ਹੁਣ ਤੱਕ 217 ਵਿੱਚੋਂ 27 ਸੈਂਪਲਾਂ ਦਾ ਪਾਣੀ ਸਹੀ ਪਾਇਆ ਗਿਆ ਹੈ।