ਮਥੁਰਾ 'ਚ ਗੰਦਾ ਪਾਣੀ ਪੀਣ ਕਾਰਨ 100 ਤੋਂ ਵੱਧ ਬੀਮਾਰ, 1 ਬੱਚੀ ਦੀ ਮੌਤ
ਬੀਮਾਰੀ ਦੇ ਕਾਰਨਾਂ ਦਾ ਸਹੀ ਪਤਾ ਲਗਾਉਣ ਲਈ ਪਾਣੀ ਦੇ ਨਮੂਨੇ ਲੈ ਕੇ ਜਾਂਚ ਲਈ ਭੇਜੇ ਗਏ
ਮਥੁਰਾ : ਉੱਤਰ ਪ੍ਰਦੇਸ਼ ਦੇ ਮਥੁਰਾ ਦੇ ਇਕ ਪਿੰਡ ਵਿਚ ਕੁਝ ਦਿਨਾਂ ਤੋਂ ਦੂਸ਼ਿਤ ਪਾਣੀ ਪੀਣ ਕਾਰਨ 100 ਤੋਂ ਜ਼ਿਆਦਾ ਲੋਕ ਡਾਇਰੀਆ ਦਾ ਸ਼ਿਕਾਰ ਹੋ ਗਏ ਹਨ ਅਤੇ ਢੇਡ ਸਾਲ ਦੀ ਬੱਚੀ ਦੀ ਮੌਤ ਹੋ ਗਈ। ਘਟਨਾ ਦੀ ਜਾਣਕਾਰੀ ਤੋਂ ਬਾਅਦ ਸਿਹਤ ਵਿਭਾਗ ਹਰਕਤ ਵਿਚ ਆਇਆ ਅਤੇ ਹੁਣ ਪੀੜਤਾਂ ਦਾ ਸਰਕਾਰੀ ਅਤੇ ਨਿਜੀ ਹਸਪਤਾਲਾਂ ਵਿਚ ਇਲਾਜ ਕਰਵਾਇਟਾ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਗੋਵਰਧਨ ਪਰਿਕਰਮਾ ਮਾਰਗ 'ਤੇ ਸਥਿਤ ਪਿੰਡ ਆਨਿਯੌਰ 'ਚ ਪਿਛਲੇ ਕੁਝ ਦਿਨਾਂ ਤੋਂ ਲੋਕਾਂ ਨੂੰ ਪੇਟ ਸਬੰਧੀ ਸ਼ਿਕਾਇਤਾਂ ਹੋ ਰਹੀਆਂ ਸਨ ਪਰ ਇਸ ਦੇ ਪਿਛੇ ਦੀ ਵਜ੍ਹਾ ਦਾ ਪਤਾ ਨਹੀਂ ਲੱਗ ਰਿਹਾ ਸੀ। ਇਸ ਦੌਰਾਨ ਕਈ ਲੋਕਾਂ ਦੇ ਬੀਮਾਰ ਹੋਣ ਕਾਰਨ ਸਿਹਤ ਵਿਭਾਗ ਨੂੰ ਇਸ ਬਾਬਤ ਸੂਚਤ ਕੀਤਾ ਗਿਆ।ਮੁੱਖ ਸਿਹਤ ਅਧਿਕਾਰੀ ਡਾ. ਸ਼ੇਰ ਸਿੰਘ ਨੇ ਦਸਿਆ ਕਿ, ''ਗੋਵਰਧਨ ਦੇ ਆਨਿਯੌਰ ਪਿੰਡ ਵਿਚ ਇਕੱਠੇ ਹੀ ਵੱਡੀ ਗਿਣਤੀ ਵਿਚ ਲੋਕਾਂ ਨੂੰ ਉਲਟੀਆਂ-ਦਸਤ, ਪੇਟ ਦਰਦ ਅਤੇ ਬੁਖ਼ਾਰ ਹੋਣ ਦੀ ਜਾਣਕੀ ਮਿਲੀ ਸੀ। ਜਾਣਕਾਰੀ ਮਿਲਦੇ ਹੀ ਡਾਕਟਰਾਂ ਦੀ ਇਕ ਵਿਸ਼ੇਸ਼ ਟੀਮ ਬਣਾਈ ਗਈ ਹੈ। ਸਥਿਤੀ ਦਾ ਜਾਇਜ਼ਾ ਲੈਣ 'ਤੇ ਪਤਾ ਲਗਾ ਕਿ ਅਜਿਹਾ ਪੀਣ ਵਾਲੇ ਦੂਸ਼ਿਤ ਪਾਣੀ ਕਾਰਨ ਹੋ ਰਿਹਾ ਹੈ।''
ਉਨ੍ਹਾਂ ਦਸਿਆ ਕਿ ਮਾਹਰ ਡਾਕਟਰਾਂ ਦੀ ਟੀਮ ਪਿੰਡ ਵਿਚ ਮੌਜੂਦ ਹੈ ਅਤੇ ਲਗਾਤਾਰ ਸਥਿਤੀ ਦਾ ਜਾਇਜ਼ਾ ਲੈ ਰਹੀ ਹੈ। ਬੀਮਾਰੀ ਦੇ ਕਾਰਨਾਂ ਦਾ ਸਹੀ ਪਤਾ ਲਗਾਉਣ ਲਈ ਪਾਣੀ ਦੇ ਨਮੂਨੇ ਲੈ ਕੇ ਜਾਂਚ ਲਈ ਭੇਜੇ ਗਏ ਹਨ। ਲਗਭਗ ਹਰ ਘਰ ਵਿਚ ਕੋਈ ਨਾ ਕੋਈ ਵਿਅਕਤੀ ਡਾਇਰੀਆ ਦਾ ਸ਼ਿਕਾਰ ਹੋਇਆ ਹੈ। ਗੋਵਰਧਨ ਦੇ ਉਪ ਜ਼ਿਲ੍ਹਾ ਅਧਿਕਾਰੀ ਨਾਗੇਂਦਰ ਪ੍ਰਤਾਪ ਨੇ ਦਸਿਆ, ''ਸਾਰੇ ਪਿੰਡ ਵਾਲਿਆਂ ਦੇ ਇਲਾਜ ਦੇ ਨਾਲ-ਨਾਲ ਪਿੰਡ ਵਿਚ ਸਫ਼ਾਈ ਮੁਹਿੰਮ ਵੀ ਚਲਾਈ ਜਾ ਰਹੀ ਹੈ ਅਤੇ ਜਲ ਨਿਗਮ ਨੂੰ ਪਾਣੀ ਦੀ ਟੈਂਕੀ ਦੀ ਸਫ਼ਾਈ ਲਈ ਵੀ ਹੁਕਮ ਦਿਤਾ ਗਿਆ ਹੈ।''