ਜ਼ਮੀਨਦੋਜ਼ ਪਾਣੀ ਦੇ ਪੱਧਰ 'ਚ ਵਾਧੇ ਲਈ ਰੀਚਾਰਜਿੰਗ ਤਕਨੀਕਾਂ

ਏਜੰਸੀ

ਖੇਤੀਬਾੜੀ, ਕਿਸਾਨੀ ਮੁੱਦੇ

ਦੇਸ਼ ਦੇ ਕੁੱਲ ਭੂਗੋਲਿਕ ਖੇਤਰ ਦੇ ਕੇਵਲ 1.53 ਫ਼ੀਸਦੀ ਖੇਤਰ ਵਾਲਾ ਪੰਜਾਬ ਪੰਜ ਦਹਾਕਿਆਂ ਤੋਂ ਕੇਂਦਰੀ ਪੂਲ 'ਚ 27-40 ਫ਼ੀਸਦੀ ਚੌਲ ਤੇ 43-75 ਫ਼ੀਸਦੀ ਕਣਕ ਦਾ ਯੋਗਦਾਨ....

Raising Groundwater

ਦੇਸ਼ ਦੇ ਕੁੱਲ ਭੂਗੋਲਿਕ ਖੇਤਰ ਦੇ ਕੇਵਲ 1.53 ਫ਼ੀਸਦੀ ਖੇਤਰ ਵਾਲਾ ਪੰਜਾਬ ਪੰਜ ਦਹਾਕਿਆਂ ਤੋਂ ਕੇਂਦਰੀ ਪੂਲ 'ਚ 27-40 ਫ਼ੀਸਦੀ ਚੌਲ ਤੇ 43-75 ਫ਼ੀਸਦੀ ਕਣਕ ਦਾ ਯੋਗਦਾਨ ਪਾ ਰਿਹਾ ਹੈ। ਸਿੰਜਾਈ ਅਧੀਨ ਕੁੱਲ ਖੇਤਰ 'ਚੋਂ 72 ਫ਼ੀਸਦੀ ਰਕਬਾ ਜ਼ਮੀਨਦੋਜ਼ ਪਾਣੀ ਨਾਲ ਤੇ 28 ਫ਼ੀਸਦੀ ਨਹਿਰੀ ਪਾਣੀ ਨਾਲ ਸਿੰਜਿਆ ਜਾਂਦਾ ਹੈ। ਝੋਨੇ-ਕਣਕ ਲਈ ਜ਼ਮੀਨਦੋਜ਼ ਪਾਣੀ ਦਾ ਵਧੇਰੇ ਇਸਤੇਮਾਲ ਕੀਤਾ ਜਾਂਦਾ ਹੈ ਟਿਊਬਵੈੱਲਾਂ ਦੀ ਗਿਣਤੀ ਮੌਜੂਦਾ ਸਮੇਂ ਵਧ ਕੇ 14.76 ਲੱਖ ਹੋ ਗਈ ਹੈ ਜੋ 1970-71 ਵਿਚ 1.92 ਲੱਖ ਸੀ।

109 ਬਲਾਕ ਡਾਰਕ ਜ਼ੋਨ 'ਚ- ਪਾਣੀ ਦੀ ਬੇਲੋੜੀ ਵਰਤੋਂ ਕਾਰਨ ਪੰਜਾਬ ਦੇ 109 ਬਲਾਕ ਅਤਿ-ਸ਼ੋਸ਼ਿਤ ਹਨ ਤੇ ਸਿਰਫ਼ 22 ਬਲਾਕ ਸੁਰੱਖਿਅਤ ਹਨ। ਇਨ੍ਹਾਂ ਬਲਾਕਾਂ 'ਚ ਵੀ ਜਾਂ ਤਾਂ ਪਾਣੀ ਮਾੜਾ ਹੈ ਜਾਂ ਬਹੁਤ ਡੂੰਘਾ ਹੈ। ਦੋ ਦਹਾਕਿਆਂ ਦੌਰਾਨ ਸੂਬੇ 'ਚ ਹਰ ਸਾਲ ਜ਼ਮੀਨਦੋਜ਼ ਪਾਣੀ ਔਸਤ 50 ਸੈਂਟੀਮੀਟਰ ਦੀ ਦਰ ਨਾਲ ਹੇਠਾਂ ਜਾ ਰਿਹਾ ਹੈ। ਇਹ ਸਮੱਸਿਆ ਅੰਮ੍ਰਿਤਸਰ, ਲੁਧਿਆਣਾ, ਪਟਿਆਲਾ, ਜਲੰਧਰ, ਮੋਗਾ, ਸੰਗਰੂਰ, ਫ਼ਤਹਿਗੜ੍ਹ ਸਾਹਿਬ, ਕਪੂਰਥਲਾ, ਬਰਨਾਲਾ ਆਦਿ ਜ਼ਿਲ੍ਹਿਆਂ 'ਚ ਹੋਰ ਵੀ ਗੰਭੀਰ ਹੈ, ਜਿੱਥੇ ਇਹ ਦਰ ਇਕ ਮੀਟਰ ਤੋਂ ਵੀ ਵੱਧ ਹੈ। ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਵਧਾਉਣ ਦੀ ਸਖ਼ਤ ਲੋੜ ਹੈ।

ਮੀਂਹ ਦੇ ਪਾਣੀ ਦੀ ਸੰਭਾਲ- ਛੱਤਾਂ ਰਾਹੀਂ ਮੀਂਹ ਦੇ ਪਾਣੀ ਦੀ ਸੰਭਾਲ ਲਈ ਬਹੁਤ ਹੀ ਸਰਲ ਤੇ ਸਸਤੀ ਇਕਾਈ ਪੀਏਯੂ ਨੇ ਤਿਆਰ ਕੀਤੀ ਹੈ। ਇਹ ਇਕਾਈ ਵਿੱਦਿਅਕ ਸੰਸਥਾਵਾਂ, ਧਾਰਮਿਕ ਸਥਾਨਾਂ, ਮੈਰਿਜ ਪੈਲਸਾਂ, ਸ਼ਾਪਿੰਗ ਕੰਪਲੈਕਸਾਂ, ਕਮਿਊਨਿਟੀ ਸੈਂਟਰਾਂ ਤੇ ਉਦਯੋਗਿਕ ਕੰਪਲੈਕਸਾਂ ਵਿਚ ਆਸਾਨੀ ਨਾਲ ਅਪਣਾਈ ਜਾ ਸਕਦੀ ਹੈ। ਪੰਜਾਬ ਦੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿਚ ਕ੍ਰਮਵਾਰ 13 ਅਤੇ 27 ਲੱਖ ਰਿਹਾਇਸ਼ੀ ਮਕਾਨ ਹਨ। ਮੰਨਿਆ ਜਾਵੇ ਕਿ ਹਰ ਘਰ ਦਾ ਔਸਤ ਬਾਰਿਸ਼ ਵਾਲਾ ਖੇਤਰ 100 ਮੀਟਰ ਹੋਵੇ ਤਾਂ 13,500 ਕਰੋੜ ਲੀਟਰ ਪਾਣੀ ਦੀ ਬੱਚਤ ਹੋ ਸਕਦੀ ਹੈ। ਇਸ ਨਾਲ ਨਾ-ਸਿਰਫ਼ ਜ਼ਮੀਨਦੋਜ਼ ਪਾਣੀ ਦੀ ਗੁਣਵੱਤਾ 'ਚ ਸੁਧਾਰ ਹੋਵੇਗਾ ਸਗੋਂ ਜ਼ਮੀਨੀ ਪਾਣੀ ਦਾ ਪੱਧਰ ਵੀ ਉੱਚਾ ਹੋਵੇਗਾ। ਪੀਏਯੂ ਦੇ ਭੂਮੀ ਅਤੇ ਪਾਣੀ ਇੰਜੀਨੀਅਰਿੰਗ ਵਿਭਾਗ ਨੇ ਫਿਲਟਰੇਸ਼ਨ ਇਕਾਈ ਤਿਆਰ ਕੀਤੀ ਹੈ। ਇਸ ਇਕਾਈ ਨੂੰ ਤਿੰਨ ਹਿੱਸਿਆਂ 'ਚ ਵੰਡਿਆ ਗਿਆ ਹੈ। ਪਹਿਲਾ ਭਾਗ ਪਾਣੀ ਨੂੰ ਨਿਤਾਰਣ ਦਾ ਕੰਮ ਕਰਦਾ ਹੈਂ। ਪਾਣੀ ਵਿੱਚੋ ਮਿੱਟੀ ਤੇ ਗਾਰ ਹੇਠਾਂ ਬੈਠ ਜਾਂਦੀ ਹੈ। ਇਸ ਤੋਂ ਬਾਅਦ ਪਾਣੀ ਫਿਲੇਟਰੇਸ਼ਨ ਇਕਾਈ ਚੋਂ ਨਿਕਲ ਕੇ ਰੀਚਾਰਜ ਬੋਰ 'ਚ ਚਲਾ ਜਾਂਦਾ ਹੈ। ਇਸ ਇਕਾਈ ਦਾ ਖ਼ਰਚਾ ਛੱਤ ਦੇ ਖੇਤਰਫਲ, ਬਾਰਿਸ਼ ਤੇ ਭੂਮੀਗਤ ਹਾਲਾਤ 'ਤੇ ਨਿਰਭਰ ਕਰਦਾ ਹੈ। ਪਰ ਆਮ ਤੌਰ ਤੇ ਇਸ ਦਾ ਖ਼ਰਚਾ, ਕਰੀਬ 30 ਤੋਂ 70 ਹਜ਼ਾਰ ਤਕ ਹੈ।

ਖੂਹਾਂ ਜ਼ਰੀਏ ਰੀਚਾਰਜ- ਭਾਰੀ ਮੀਂਹ ਦੌਰਾਨ ਖੇਤਾਂ 'ਚ ਬਹੁਤ ਸਾਰਾ ਪਾਣੀ ਖੜ੍ਹਾ ਹੋ ਜਾਂਦਾ ਹੈ। ਜਿਸ ਨਾਲ ਫ਼ਸਲਾਂ ਪ੍ਰਭਾਵਿਤ ਹੁੰਦੀਆਂ ਹਨ। ਮੀਂਹ ਨੂੰ ਸੰਭਾਲ ਕੇ ਅਸੀਂ ਜ਼ਮੀਨਦੋਜ਼ ਪਾਣੀ ਦੇ ਪੱਧਰ ਨੂੰ ਵਧਾ ਸਕਦੇ ਹਾਂ ਤੇ ਫ਼ਸਲਾਂ ਨੂੰ ਬਰਬਾਦ ਹੋਣ ਤੋਂ ਰੋਕਿਆ ਜਾ ਸਕਦਾ ਹੈ। ਖੇਤਾਂ 'ਚ ਖੜ੍ਹੇ ਮੀਂਹ ਦੇ ਵਾਧੂ ਪਾਣੀ ਨੂੰ ਸੰਭਾਲਣ ਦਾ ਸਭ ਤੋਂ ਆਸਾਨ ਤਰੀਕਾ ਹੈ ਕਿ ਪੁਰਾਣੇ ਖੂਹਾਂ ਰਾਹੀਂ ਇਸ ਨੂੰ ਜ਼ਮੀਨ ਵਿਚ ਰੀਚਾਰਜ ਕੀਤਾ ਜਾਵੇ। ਆਮ ਤੌਰ 'ਤੇ ਇਹ ਖੂਹ 15-35 ਫੁੱਟ ਡੂੰਘੇ ਤੇ 5-6 ਫੁੱਟ ਵਿਆਸ ਦੇ ਹੁੰਦੇ ਹਨ। ਨਹਿਰਾਂ ਦਾ ਵਾਧੂ ਪਾਣੀ ਵੀ ਇਨ੍ਹਾਂ ਰਾਹੀਂ ਰੀਚਾਰਜ ਕੀਤਾ ਜਾ ਸਕਦਾ ਹੈ। ਇਨ੍ਹਾਂ ਖੂਹਾਂ ਨੂੰ ਵਰਤੋਂ 'ਚ ਲਿਆਉਣ ਲਈ ਇਨ੍ਹਾਂ ਸਫ਼ਾਈ ਬਹੁਤ ਜ਼ਰੂਰੀ ਹੈ। ਵਰਖਾ ਰੁੱਤ ਸਮੇਂ ਖੂਹ 'ਚ ਜ਼ਹਿਰੀਲੀਆਂ ਗੈਸਾਂ ਹੁੰਦੀਆਂ ਹਨ ਜੋ ਜਾਨਲੇਵਾ ਹੋ ਸਕਦੀਆਂ ਹਨ। ਇਸ ਲਈ ਅਹਿਤਿਆਤ ਜ਼ਰੂਰੀ ਹੈ। ਖੂਹ ਦੀ ਸਫ਼ਾਈ ਤੋਂ ਬਾਅਦ ਤਲ ਦੇ 15 ਸੈਂਟੀਮੀਟਰ ਉੱਪਰਲੀ ਮਿੱਟੀ ਨੂੰ, ਸ਼ਿਲਿੰਗ ਪ੍ਰਭਾਵ ਤੋਂ ਬਚਾਉਣ ਲਈ ਹਟਾ ਦੇਵੋ। ਖੂਹ ਤੋਂ ਥੋੜ੍ਹਾ ਪਹਿਲਾਂ ਪਾਣੀ ਨੂੰ ਟੋਏ ਵਿਚ ਪਾ ਦੇਣਾ ਚਾਹੀਦਾ ਹੈ ਤਾਂ ਜੋ ਪਾਣੀ ਵਿਚਲੀ ਗਾਰ ਹੇਠਾਂ ਰਹਿ ਜਾਵੇ ਤੇ ਨਿੱਤਰਿਆ ਹੋਇਆ ਪਾਣੀ ਹੀ ਖੂਹ ਵਿਚ ਜਾਵੇ।

ਛੱਪੜਾਂ ਦਾ ਨਵੀਨੀਕਰਨ- ਪੰਜਾਬ 'ਚ ਕਰੀਬ 18 ਹਜ਼ਾਰ ਤੋਂ ਜ਼ਿਆਦਾ ਛੱਪੜ ਹਨ। ਇਨ੍ਹਾਂ ਛੱਪੜਾਂ ਦੀ ਪਾਣੀ ਨੂੰ ਸੰਭਾਲਣ ਦੀ ਸਮਰਥਾ ਵਧਾਉਣ ਤੇ ਪਾਣੀ ਦੀ ਕੁਆਲਿਟੀ ਨੂੰ ਠੀਕ ਰੱਖਣ ਲਈ ਛੱਪੜਾਂ ਦਾ ਨਵੀਨੀਕਰਨ ਕਰ ਲਿਆ ਜਾਵੇ। ਇਸ ਨਾਲ ਨਾ ਕੇਵਲ ਜ਼ਮੀਨਦੋਜ਼ ਪਾਣੀ ਦਾ ਪੱਧਰ ਉੱਪਰ ਆਏਗਾ ਬਲਕਿ ਪੇਂਡੂ ਵਤਾਵਰਨਅਤੇ ਆਰਥਿਕ ਹਾਲਾਤ 'ਚ ਵੀ ਸੁਧਾਰ ਆਵੇਗਾ। ਪਾਣੀ ਨੂੰ ਖੇਤਾਂ 'ਚ ਲਿਜਾਣ ਲਈ ਜ਼ਮੀਨਦੋਜ਼ ਪਾਈਪ ਲਗਾਏ ਜਾਣੇ ਚਾਹੀਦੇ ਹਨ। ਸਿੰਜਾਈ ਲਈ ਛੱਪੜ ਦੇ ਪਾਣੀ ਦੀ ਵਰਤੋਂ ਨਾਲ ਧਰਤੀ ਹੇਠਲੇ ਪਾਣੀ ਦੀ ਨਿਕਾਸੀ ਪ੍ਰਤੀ ਸਾਲ 6 ਸੈਂਟੀਮੀਟਰ ਤਕ ਘਟ ਜਾਵੇਗੀ।

ਸਾਵਧਾਨੀਆਂ- ਜ਼ਮੀਨਦੋਜ਼ ਪਾਣੀ ਦੀ ਰੀਚਾਰਜਿੰਗ ਲਈ ਕਿਸਾਨਾਂ 'ਚ ਭਾਰੀ ਉਤਸ਼ਾਹ ਹੈ। ਉਹ ਸਿੱਧੇ ਤੌਰ 'ਤੇ ਖੇਤ ਦੇ ਰੇੜੂ ਪਾਣੀ ਨੂੰ ਖੂਹ ਜਾਂ ਸਬਮਰਸੀਬਲ ਬੋਰਾਂ ਵੱਲ ਮੋੜ ਰਹੇ ਹਨ। ਇਸ ਨਾਲ ਧਰਤੀ ਹੇਠਲੇ ਪਾਣੀ ਦੇ ਦੂਸ਼ਿਤ ਹੋਣ ਦਾ ਖ਼ਤਰਾ ਰਹਿੰਦਾ ਹੈ। ਝੋਨੇ 'ਚ ਕਈ ਖੇਤੀ ਰਸਾਇਣ, ਖਾਦਾਂ ਤੇ ਸੂਖ਼ਮ ਜੀਵ ਹੁੰਦੇ ਹਨ। ਜੇ ਅਜਿਹੇ ਪਾਣੀ ਨੂੰੰ ਸਿੱਧਾ ਰੀਚਾਰਜ ਕਰਦਾ ਹਾਂ ਤਾਂ ਇਹ ਅਸ਼ੁੱਧਆਂ ਜ਼ਮੀਨਦੋਜ਼ ਪਾਣੀ 'ਚ ਰਲ ਜਾਣਗੀਆਂ। ਇਸ ਲਈ ਪਾਣੀ ਨੂੰ ਨਿਤਾਰ ਕੇ ਹੀ ਰੀਚਾਰਜ ਕੀਤਾ ਜਾਵੇ। ਖੇਤਾਂ ਦਾ ਰੇੜੂ ਪਾਣੀ ਸਬਮਰਸੀਬਲ ਪੰਪ ਦੀ ਕਾਰਜ ਸਮਰਥਾ 'ਤੇ ਵੀ ਮਾੜਾ ਅਸਰ ਪਾਉਂਦਾ ਹੈ ਤੇ ਉਹ ਲੰਬੇ ਸਮੇਂ ਤਕ ਸਹੀ ਕੰਮ ਨਹੀਂ ਕਰ ਸਕੇਗਾ। ਇਸ ਲਈ ਧਰਤੀ ਹੇਠਲੇ ਪਾਣੀ ਦੇ ਰੀਚਾਰਜਿੰਗ ਤਕਨੀਕ ਅਪਣਾਉਂਦੇ ਸਮੇਂ ਸਾਨੂੰ ਵਧੇਰੇ ਜ਼ਿੰਮੇਵਾਰ ਹੋਣਾ ਪਵੇਗਾ ਤੇ ਧਰਤੀ ਹੇਠਲੇ ਪਾਣੀ ਦੀ ਗੁਣਵੱਤਾ ਨੂੰ ਕਇਮ ਰੱਖਣਾ ਪਵੇਗਾ। ਇਸ ਦੇ ਲਈ ਮਾਹਿਰਾਂ ਦੀ ਸਲਾਹ ਤੇ ਸਿਫ਼ਾਰਸ਼ਾਂ ਨੂੰ ਜ਼ਰੂਰ ਅਪਣਾਓ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।