ਲੂਥੜ ਨਹਿਰ ਵਿਚ ਪਿਆ ਪਾੜ, ਵੱਡੇ ਪੱਧਰ 'ਤੇ ਕਿਸਾਨਾਂ ਦੀ ਝੋਨੇ ਦੀ ਫ਼ਸਲ ਦਾ ਹੋਇਆ ਨੁਕਸਾਨ
ਕਈ ਪਿੰਡ ਪਾਣੀ ਵਿਚ ਘਿਰੇ ਤੇ ਸੈਂਕੜੇ ਏਕੜ ਫਸਲ ਡੁੱਬੀ
ਫ਼ਿਰੋਜ਼ਪੁਰ (ਬਲਬੀਰ ਸਿੰਘ ਜੋਸਨ)-: ਅੱਜ ਸਵੇਰੇ ਲੂਥੜ ਫੀਡਰ ਤੋਂ ਨਿਕਲੀ ਨਹਿਰ ਵਿਚ ਪਾੜ ਪੈ ਗਿਆ, ਜਿਸ ਦੇ ਕਾਰਨ ਸੈਂਕੜੇ ਏਕੜ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਹੋ ਗਿਆ। ਕਈ ਪਿੰਡ ਪਾਣੀ ਵਿਚ ਘਿਰੇ ਹੋਏ ਹਨ ਦੱਸਿਆ ਜਾ ਰਿਹਾ ਹੈ ਕਿ ਹਰੀਕੇ ਹੈੱਡ ਵਰਕਸ ਤੋਂ ਬੀਤੇ ਦਿਨ ਨਹਿਰੀ ਵਿਭਾਗ ਵਲੋਂ ਪਾਣੀ ਛੱਡਿਆ ਗਿਆ ਸੀ, ਜਿਸ ਦੇ ਚੱਲਦਿਆਂ ਹੁਸੈਨੀਵਾਲਾ ਹੈੱਡ 'ਤੇ ਪਾਣੀ ਦਾ ਪੱਧਰ ਵੱਧ ਗਿਆ ਸੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਵਾਲੇ ਪਾਸਿਓਂ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਹੁਸੈਨੀਵਾਲਾ ਵਿਚ ਪਾਣੀ ਦਾ ਪੱਧਰ ਵਧਿਆ ਹੈ।
ਦੱਸ ਦਈਏ ਕਿ ਹੁਸੈਨੀਵਾਲਾ ਹੈੱਡ ਵਰਕਸ ਤੋਂ ਵਧੇ ਪਾਣੀ ਦੇ ਪੱਧਰ ਕਾਰਨ, ਨਹਿਰੀ ਵਿਭਾਗ ਵਲੋਂ ਲੂਥੜ ਫੀਡਰ ਅਤੇ ਹੋਰ ਫੀਡਰਾਂ ਵਿਚ ਪਾਣੀ ਛੱਡ ਦਿੱਤਾ ਗਿਆ। ਵਿਸੇਸ਼ ਤੌਰ 'ਤੇ ਦੱਸ ਦਈਏ ਕਿ ਨਹਿਰਾਂ ਦੀ ਸਫ਼ਾਈ ਨਾ ਹੋਣ ਦੇ ਕਾਰਨ ਪਾਣੀ ਉਵਰਫਲੋਅ ਹੋ ਗਿਆ ਜਿਸ ਦੇ ਕਾਰਨ ਕਈ ਥਾਵਾਂ ਤੋਂ ਨਹਿਰਾਂ ਦੇ ਕੰਡੇ ਭੁਰਨੇ ਸ਼ੁਰੂ ਹੋ ਗਏ। ਲੂਥੜ ਨਹਿਰ ਵਿਚ ਵਧੇ ਪਾਣੀ ਦੇ ਪੱਧਰ ਕਾਰਨ, ਲੂਥੜ ਨਹਿਰ ਪਾਣੀ ਨਾ ਸਹਾਰਦੀ ਹੋਈ ਟੁੱਟ ਗਈ, ਜਿਸ ਦੇ ਕਾਰਨ ਕਿਸਾਨਾਂ ਦੇ ਖੇਤ ਪਾਣੀ ਦੇ ਨਾਲ ਪੂਰੀ ਤਰ੍ਹਾਂ ਨਾਲ ਭਰ ਗਏ।
ਕਿਸਾਨਾਂ ਦਾ ਇਲਜ਼ਾਮ ਸੀ ਕਿ ਉਨ੍ਹਾਂ ਨੂੰ ਹੜ੍ਹਾਂ ਨੇ ਤਾਂ ਨਹੀਂ ਮਾਰਿਆ, ਪਰ ਨਹਿਰੀ ਵਿਭਾਗ ਅਤੇ ਪ੍ਰਸਾਸ਼ਨ ਦੀ ਗਲਤੀ ਦੇ ਕਾਰਨ ਨਹਿਰ ਜਰੂਰ ਟੁੱਟ ਗਈ ਹੈ, ਜਿਸ ਦੇ ਕਾਰਨ ਉਨ੍ਹਾਂ ਦਾ ਵੱਡੇ ਪੱਧਰ 'ਤੇ ਝੋਨੇ ਦੀ ਫ਼ਸਲ ਦਾ ਨੁਕਸਾਨ ਹੋ ਗਿਆ ਹੈ । ਕਿਸਾਨਾਂ ਨੇ ਕਿਹਾ ਕਿ ਜੇਕਰ ਨਹਿਰੀ ਵਿਭਾਗ ਦੇ ਵਲੋਂ ਹੜ੍ਹ ਆਉਣ ਤੋਂ ਪਹਿਲਾਂ ਨਹਿਰਾਂ ਦੀ ਸਫ਼ਾਈ ਆਦਿ ਕਰਵਾਈ ਹੁੰਦੀ ਤਾਂ ਸ਼ਾਇਦ ਨਹਿਰਾਂ ਨਾ ਟੁੱਟਦੀਆਂ, ਪਰ ਨਹਿਰੀ ਵਿਭਾਗ ਤਾਂ ਸਫ਼ਾਈ ਲਈ ਆਏ ਕਰੋੜਾਂ ਰੁਪਏ ਡਕਾਰ ਗਿਆ। ਖ਼ਬਰ ਲਿਖੇ ਜਾਣ ਤੱਕ ਟੁੱਟੀ ਨਹਿਰ ਨੂੰ ਬੰਨ੍ਹਣ ਦਾ ਕੰਮ ਵੱਡੇ ਪੱਧਰ 'ਤੇ ਜਾਰੀ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।