ਮਾਲਵੇ ਵਿਚ ਐਮਐਸਪੀ ਨਾਲੋਂ ਕਿਤੇ ਘੱਟ ਮਿਲ ਰਿਹਾ ਹੈ ਨਰਮੇ ਦਾ ਭਾਅ
ਕਪਾਹ ਕਾਰਪੋਰੇਸ਼ਨ ਆਫ ਇੰਡੀਆ ਨੇ ਹੁਣ ਤੱਕ ਨਹੀ ਸ਼ੁਰੂ ਕੀਤੀ ਖਰੀਦ
ਬਠਿੰਡਾ: ਪੰਜਾਬ ਦੇ ਮਾਲਵਾ ਖੇਤਰ ਵਿਚ ਕਪਾਹ ਨੂੰ ਘੱਟੋ ਘੱਟ ਸਮਰਥਨ ਮੁੱਲ ਤੋਂ ਘੱਟ ਭਾਅ 'ਤੇ ਵੇਚਿਆ ਜਾ ਰਿਹਾ ਹੈ। ਇਸ ਦਾ ਕਾਰਨ ਇਹ ਹੈ ਕਿ ਕਪਾਹ ਕਾਰਪੋਰੇਸ਼ਨ ਆਫ ਇੰਡੀਆ ਨੇ ਹੁਣ ਤੱਕ ਇਸ ਦੀ ਖਰੀਦ ਸ਼ੁਰੂ ਨਹੀਂ ਕੀਤੀ। ਕਪਾਹ ਲਈ ਘੱਟੋ ਘੱਟ ਸਮਰਥਨ ਮੁੱਲ 5515 ਅਤੇ 5725 ਪ੍ਰਤੀ ਕੁਇੰਟਲ ਦੇ ਵਿਚਕਾਰ ਤੈਅ ਕੀਤਾ ਗਿਆ ਹੈ ਪਰ ਇਸ ਨੂੰ 4600 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਖਰੀਦਿਆ ਜਾ ਰਿਹਾ ਹੈ।
ਵਪਾਰੀਆਂ ਵੱਲੋਂ ਫਸਲ ਵਿਚ ਨਮੀ ਦੀ ਮਾਤਰਾ ਜ਼ਿਆਦਾ ਹੋਣ ਦਾ ਹਵਾਲਾ ਦੇ ਕੇ ਘੱਟ ਭੁਗਤਾਨ ਕੀਤਾ ਜਾ ਰਿਹਾ ਹੈ। ਬਠਿੰਡਾ ਜ਼ਿਲ੍ਹੇ ਦੇ ਇਕ ਕਿਸਾਨ ਨੇ ਦੱਸਿਆ ਕਿ 'ਅਸੀਂ ਕਈ ਸਾਲਾਂ ਤੋਂ ਆੜ੍ਹਤੀਆਂ ਨਾਲ ਸਮਝੌਤੇ ਕਰਦੇ ਆ ਰਹੇ ਹਾਂ ਤੇ ਅਸੀਂ ਉਹਨਾਂ ਨਾਲੋਂ ਅਪਣਾ ਸਬੰਧ ਖਤਮ ਕਰਨ ਬਾਰੇ ਸੋਚ ਵੀ ਨਹੀਂ ਸਕਦੇ। ਸਿਰਫ਼ ਉਹੀ ਹਨ, ਜਿਨ੍ਹਾਂ ਨੇ ਮੰਦੀ ਦੇ ਦੌਰ ਵਿਚ ਵੀ ਸਾਡਾ ਹੱਥ ਫੜ੍ਹ ਕੇ ਰੱਖਿਆ। ਐਡਵਾਂਸ ਭੁਗਤਾਨ ਕਰਨ ਬਾਰੇ ਉਹ ਕਦੀ ਦੁਬਾਰਾ ਨਹੀਂ ਸੋਚਦੇ'।
ਮਾਨਸਾ ਦੇ ਇਕ ਕਿਸਾਨ ਨੇ ਦੱਸਿਆ, 'ਮੈਂ 6 ਕੁਇੰਟਲ ਕਪਾਹ ਦੀ ਫਸਲ ਨੂੰ 4,960 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵੇਚਿਆ, ਜੋ ਕਿ ਐਮਐਸਪੀ ਨਾਲੋਂ ਬਹੁਤ ਘੱਟ ਹੈ। ਕਪਾਹ ਦੀ ਗੁਣਵੱਤਾ ਵਧੀਆ ਸੀ ਪਰ ਕਪਾਹ ਕਾਰਪੋਰੇਸ਼ਨ ਨੇ ਖਰੀਦ ਸ਼ੁਰੂ ਨਹੀਂ ਕੀਤੀ, ਇਸ ਲਈ ਇਸ ਨੂੰ ਘੱਟ ਕੀਮਤ 'ਤੇ ਵੇਚਣ ਤੋਂ ਇਲਾਵਾ ਕੋਈ ਚਾਰਾ ਨਹੀਂ ਸੀ'।
ਅੱਗੇ ਕਿਸਾਨ ਨੇ ਕਿਹਾ ਕਿ ਜੇਕਰ ਉਹ ਪ੍ਰਾਈਵੇਟ ਖਰੀਦਦਾਰ ਨੂੰ ਘੱਟ ਕੀਮਤ 'ਤੇ ਫਸਲ ਨਹੀਂ ਵੇਚਣਗੇ ਤਾਂ ਅਗਲੀ ਬਿਜਾਈ ਲਈ ਉਹਨਾਂ ਨੂੰ ਪੈਸੇ ਕੌਣ ਦੇਵੇਗਾ। ਦੱਸ ਦਈਏ ਕਿ ਇਸ ਵੇਲੇ ਨਰਮੇ ਦੀ ਫਸਲ ਮੰਡੀਆਂ ਵਿਚ ਆ ਚੁੱਕੀ ਹੈ।