ਇਸ ਕਿਸਾਨ ਨੇ ਡੇਅਰੀ ਫਾਰਮ ਸ਼ੁਰੂ ਕਰਨ ਲਈ ਲਿਆ ਸੀ 6 ਲੱਖ ਕਰਜ਼ਾ ਅੱਜ ਕਮਾ ਰਿਹੈ ਲੱਖਾਂ ਰੁਪਏ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਕੰਮ ਅੱਜ ਜਦੋਂ ਕਿ ਖੇਤੀ ਲਾਗਤਾਂ ਵੱਧਣ ਕਾਰਨ ਖੇਤੀਬਾੜੀ ਲਾਹੇਵੰਦ ਧੰਦਾ ਨਹੀਂ ਰਹੀ ਤਾਂ ਉਸ ਸਮੇਂ ਕਿਸਾਨਾਂ ਲਈ ਸਹਾਇਕ ਧੰਦੇ ਹੀ ਕਾਫੀ ਲਾਹੇਵੰਦ ਸਾਬਤ ਹੋ ਸਕਦੇ ਹਨ...

Harinder Kang Farm's Owner

ਸ਼੍ਰੀ ਫ਼ਤਿਹਗੜ੍ਹ ਸਾਹਿਬ : ਕੰਮ ਅੱਜ ਜਦੋਂ ਕਿ ਖੇਤੀ ਲਾਗਤਾਂ ਵੱਧਣ ਕਾਰਨ ਖੇਤੀਬਾੜੀ ਲਾਹੇਵੰਦ ਧੰਦਾ ਨਹੀਂ ਰਹੀ ਤਾਂ ਉਸ ਸਮੇਂ ਕਿਸਾਨਾਂ ਲਈ ਸਹਾਇਕ ਧੰਦੇ ਹੀ ਕਾਫੀ ਲਾਹੇਵੰਦ ਸਾਬਤ ਹੋ ਸਕਦੇ ਹਨ। ਜਿਨ੍ਹਾਂ ਨੂੰ ਅਪਣਾ ਕੇ ਕਿਸਾਨ ਆਪਣਾ ਆਰਥਿਕ ਪੱਧਰ ਉਚਾ ਚੁੱਕ ਸਕਦੇ ਹਨ। ਸ਼੍ਰੀ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਕਈ ਕਿਸਾਨ ਡੇਅਰੀ ਦੇ ਧੰਦੇ ਨੂੰ ਸਹਾਇਕ ਧੰਦੇ ਵਜੋਂ ਅਪਣਾ ਕੇ ਚੰਗਾ ਮੁਨਾਫਾ ਲੈ ਰਹੇ ਹਨ।

ਜਿਨ੍ਹਾਂ ਵਿੱਚੋਂ ਪਿੰਡ ਮਾਰਵਾ ਦਾ ਅਗਾਂਹਵਧੂ ਕਿਸਾਨ ਹਰਿੰਦਰ ਸਿੰਘ ਕੰਗ ਐਚ.ਐਫ. ਨਸਲ ਦੀਆਂ ਗਊਆਂ ਪਾਲ ਕੇ ਚੰਗਾ ਮੁਨਾਫਾ ਲੈ ਰਿਹਾ ਹੈ। ਅਗਾਂਹਵਧੂ ਡੇਅਰੀ ਫਾਰਮਰ ਹਰਿੰਦਰ ਸਿੰਘ ਕੰਗ ਦੇ ਦੱਸਣ ਅਨੁਸਾਰ ਉਸ ਨੇ ਡੇਅਰੀ ਵਿਕਾਸ ਵਿਭਾਗ ਰਾਹੀਂ ਬੈਂਕ ਤੋਂ 20 ਗਾਵਾਂ ਦਾ ਕੈਟਲ ਸ਼ੈਡ ਬਣਾਉਣ ਲਈ 6 ਲੱਖ ਰੁਪਏ ਦਾ ਕਰਜ਼ਾ ਲਿਆ ਸੀ ਜਿਸ 'ਤੇ ਉਸ ਨੂੰ ਵਿਭਾਗ ਵੱਲੋਂ 1 ਲੱਖ 50 ਹਜ਼ਾਰ ਦੀ ਸਬਸਿਡੀ ਦਿੱਤੀ ਗਈ ਸੀ।

ਇਸ ਤੋਂ ਇਲਾਵਾ ਇਸ ਪਸ਼ੂ ਪਾਲਕ ਨੇ ਡੇਅਰੀ ਵਿਕਾਸ ਵਿਭਾਗ ਰਾਹੀਂ ਬੈਂਕ ਤੋਂ 20 ਗਊਆਂ ਲਈ 10 ਲੱਖ ਦਾ ਕਰਜ਼ਾ ਵੀ ਲਿਆ ਅਤੇ ਇਸ ਨੂੰ ਪਸ਼ੂਆਂ ਦੇ ਬੀਮੇ ਵਜੋਂ 62 ਹਜ਼ਾਰ 250 ਰੁਪਏ ਦੀ ਸਬਸਿਡੀ ਦਿੱਤੀ ਗਈ।20 ਗਊਆਂ ਨਾਲ ਡੇਅਰੀ ਦਾ ਧੰਦਾ ਸ਼ੁਰੂ ਕਰਕੇ ਅੱਜ ਇਸ ਪਸ਼ੂ ਪਾਲਕ ਕੋਲ ਐਚ.ਐਫ. ਨਸਲ ਦੀਆਂ 70 ਗਾਵਾਂ ਹਨ ਜੋ ਕਿ ਔਸਤਨ 28 ਕਿਲੋ ਤੋਂ 30 ਕਿਲੋ ਤੱਕ ਦੁੱਧ ਦਿੰਦੀਆਂ ਹਨ ਜਿਨ੍ਹਾਂ ਵਿੱਚੋਂ ਸਭ ਤੋਂ ਵੱਧ ਦੁੱਧ ਦੇਣ ਵਾਲੀ ਗਾਂ 45 ਕਿਲੋ ਤੱਕ ਦੁੱਧ ਵੀ ਦਿੰਦੀ ਹੈ।

ਇਸ ਡੇਅਰੀ ਫਾਰਮਰ ਕੋਲ 8 ਲੱਖ ਦੀ ਲਾਗਤ ਵਾਲੀ ਮਿਲਕ ਵੈਂਡਿੰਗ ਮਸ਼ੀਨ ਅਤੇ ਬਲਕ ਮਿਲਕਿੰਗ ਕੂਲਰ ਵੀ ਹੈ । ਇਸ ਮਸ਼ੀਨ 'ਤੇ ਵੀ ਉਸ ਨੂੰ ਵਿਭਾਗ ਵੱਲੋਂ 3 ਲੱਖ 19 ਹਜ਼ਾਰ ਦੀ ਸਬਸਿਡੀ ਦਿੱਤੀ ਗਈ ਸੀ। ਸਫਲ ਪਸ਼ੂ ਪਾਲਕ ਹਰਿੰਦਰ ਸਿੰਘ ਕੰਗ ਪਸ਼ੂਆਂ ਲਈ ਸਾਈਲੇਜ ਵੀ ਆਪ ਤਿਆਰ ਕਰਦਾ ਹੈ।ਇਹ ਅਗਾਂਹਵਧੂ ਡੇਅਰੀ ਫਾਰਮਰ ਐਚ.ਐਫ. ਨਸਲ ਦੀਆਂ ਗਊਆਂ ਤੋਂ ਮਿਲਦਾ 60 ਫੀਸਦੀ ਦੁੱਧ ਵੇਰਕਾ ਨੂੰ ਪਾਉਂਦਾ ਹੈ।

ਜਦੋਂ ਕਿ ਬਾਕੀ ਦੇ 40 ਫੀਸਦੀ ਦੁੱਧ ਦੀ ਮਾਰਕੀਟਿੰਗ ਇਹ ਆਪ ਖੁਦ ਮੋਹਾਲੀ ਵਿਖੇ ਕਰਦਾ ਹੈ। ਇਸ ਕਿਸਾਨ ਦਾ ਕਹਿਣਾ ਹੈ ਕਿ ਕਿਸਾਨ ਜੇਕਰ ਆਪਣੀ ਜਿਣਸ ਦੀ ਮਾਰਕੀਟਿੰਗ ਖੁਦ ਕਰਨ ਤਾਂ ਉਹ ਚੰਗਾ ਮੁਨਾਫਾ ਲੈ ਸਕਦੇ ਹਨ ਅਤੇ ਬਜਾਰ ਦੀ ਲੋੜ ਅਨੁਸਾਰ ਹੀ ਫਸਲਾਂ ਦੀ ਕਾਸ਼ਤ ਕਰਕੇ ਕਿਸਾਨੀ ਨੂੰ ਆਰਥਿਕ ਮੰਦਹਾਲੀ ਵਿੱਚੋਂ ਬਾਹਰ ਕੱਢਿਆ ਜਾ ਸਕਦਾ ਹੈ। ਉਸ ਦਾ ਇਹ ਵੀ ਕਹਿਣਾ ਹੈ ਕਿ ਅੱਜ ਦੇ ਸਮੇਂ ਅੰਦਰ ਕਿਸਾਨਾਂ ਲਈ ਸਹਾਇਕ ਧੰਦੇ ਅਪਣਾਉਣਾ ਬਹੁਤ ਜਰੂਰੀ ਹੈ

ਕਿਉਂਕਿ ਰਵਾਇਤੀ ਫਸਲਾਂ ਜਿਆਦਾ ਲਾਹੇਵੰਦ ਨਹੀਂ ਰਹੀਆਂ ਜਿਸ ਕਾਰਨ ਸਹਾਇਕ ਧੰਦੇ ਅਪਣਾ ਕੇ ਹੀ ਕਿਸਾਨ ਚੰਗੀ ਕਮਾਈ ਕਰ ਸਕਦੇ ਹਨ।ਅਗਾਂਹਵਧੂ ਕਿਸਾਨ ਕੰਗ ਨੇ ਇਹ ਵੀ ਕਿਹਾ ਕਿ ਖੇਤੀ ਦੇ ਸਹਾਇਕ ਧੰਦੇ ਵਜੋਂ ਡੇਅਰੀ ਦਾ ਧੰਦਾ ਸਭ ਤੋਂ ਵਧੇਰੇ ਲਾਹੇਵੰਦ ਸਾਬਤ ਹੋ ਸਕਦਾ ਹੈ ਅਤੇ ਇਹ ਧੰਦਾ ਸ਼ੁਰੂ ਕਰਨ ਲਈ ਡੇਅਰੀ ਵਿਕਾਸ ਵਿਭਾਗ ਵੱਲੋਂ ਸਬਸਿਡੀ ਵੀ ਦਿੱਤੀ ਜਾਂਦੀ ਹੈ।

ਉਨ੍ਹਾਂ ਕਿਹਾ ਕਿ ਡੇਅਰੀ ਦਾ ਧੰਦਾ ਇੱਕ ਅਜਿਹਾ ਧੰਦਾ ਹੈ ਜਿਸ 'ਤੇ ਘੱਟ ਮਿਹਨਤ ਨਾਲ ਵਧੇਰੇ ਮੁਨਾਫਾ ਕਮਾਇਆ ਜਾ ਸਕਦਾ ਹੈ ਅਤੇ ਆਉਣ ਵਾਲੇ ਸਮੇਂ ਅੰਦਰ ਇਸ ਧੰਦੇ ਦਾ ਹੋਰ ਵੀ ਵਿਸਤਾਰ ਹੋਵੇਗਾ।