ਪਾਕਿਸਤਾਨੀ ਜੰਗਲੀ ਸੂਰ ਇੰਝ ਕਰਦੇ ਹਨ ਸਰਹੱਦੀ ਖੇਤਰੀ ਫ਼ਸਲਾਂ ਦੀ ਬਰਬਾਦੀ
ਪਾਕਿ ਸਰਹੱਦ ਨਜ਼ਦੀਕ ਰਹਿੰਦੇ ਲੋਕਾਂ ਨੂੰ ਹਮੇਸ਼ਾ ਹੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਹੈ, ਭਾਵੇਂ ਉਹ ਜੰਗ ਦੇ ਖਤਰੇ ਦੌਰਾਨ ਪਿੰਡ ਖਾਲੀ ਕਰਨ ਦੌਰਾਨ, ਭਾਵੇਂ...
ਚੰਡੀਗੜ੍ਹ : ਪਾਕਿ ਸਰਹੱਦ ਨਜ਼ਦੀਕ ਰਹਿੰਦੇ ਲੋਕਾਂ ਨੂੰ ਹਮੇਸ਼ਾ ਹੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਹੈ, ਭਾਵੇਂ ਉਹ ਜੰਗ ਦੇ ਖਤਰੇ ਦੌਰਾਨ ਪਿੰਡ ਖਾਲੀ ਕਰਨ ਦੌਰਾਨ, ਭਾਵੇਂ ਸਤਲੁਜ ਦਰਿਆ ਤੋਂ ਪੈਦਾ ਹੋਈ ਹੜ੍ਹ ਜਿਹੀ ਸਥਿਤੀ ਦੌਰਾਨ। ਅੱਤਵਾਦੀਆਂ ਦੀ ਘੁਸਪੈਠ ਕਾਰਨ ਵੀ ਸਰਹੱਦ ਨਜ਼ਦੀਕ ਵੱਸਦੇ ਪਿੰਡਾਂ ਵਿਚ ਖੌਫ ਦੇ ਬੱਦਲ ਮੰਡਰਾਉਂਦੇ ਰਹਿੰਦੇ ਹਨ। ਸਰਹੱਦ ਕਿਨਾਰੇ ਜ਼ਿਆਦਾਤਰ ਛੋਟੇ ਕਿਸਾਨ ਰਹਿੰਦੇ ਹਨ, ਜੋ ਆਪਣੀਆਂ ਥੋੜ੍ਹੀਆਂ ਜ਼ਮੀਨਾਂ ’ਤੇ ਨਿਰਭਰ ਹਨ।
ਜਿਨ੍ਹਾਂ ਉਪਰ ਕਾਸ਼ਤ ਕਰ ਕੇ ਆਪਣਾ ਗੁਜ਼ਾਰਾ ਚਲਾਉਂਦੇ ਹਨ ਪਰ ਇਸ ਵਕਤ ਕੰਡਿਆਲੀ ਤਾਰ ਤੋਂ ਪਾਰ ਜ਼ੀਰੋ ਲਾਈਨ ਨਜ਼ਦੀਕ ਖੇਤੀ ਕਰਦੇ ਕਿਸਾਨ ਜੰਗਲੀ ਸੂਰਾਂ ਤੋਂ ਕਾਫੀ ਪ੍ਰੇਸ਼ਾਨ ਹਨ। ਪਾਕਿਸਤਾਨ ਦੇ ਜੰਗਲੀ ਸੂਰ ਕਣਕ ਦੀਆਂ ਉੱਗ ਰਹੀਆਂ ਫਸਲਾਂ ਦਾ ਉਜਾੜਾ ਕਰ ਰਹੇ ਹਨ, ਜਿਨ੍ਹਾਂ ਦੀ ਕਿਸਾਨ ਪਹਿਰਾ ਦੇ ਕੇ ਵੀ ਰਾਖੀ ਨਹੀਂ ਕਰ ਸਕਦੇ ਕਿਉਂਕਿ ਦਿਨ ਵਿਚ ਕੁਝ ਟਾਈਮ ਹੀ ਸ਼ਾਮ ਢਲਣ ਤੋਂ ਪਹਿਲਾਂ ਹੀ ਕੰਡਿਆਲੀ ਤਾਰ ਤੋਂ ਪਾਰ ਖੇਤੀ ਕਰਦੇ ਛੋਟੇ ਕਿਸਾਨਾਂ ਨੂੰ ਉਨ੍ਹਾਂ ਦੀਆਂ ਜ਼ਮੀਨਾਂ ’ਚੋਂ ਬਾਹਰ ਕੱਢ ਦਿੱਤਾ ਜਾਂਦਾ ਹੈ, ਜਿਸ ਉਪਰੰਤ ਗੇਟ ਬੰਦ ਕਰ ਦਿੱਤੇ ਜਾਂਦੇ ਹਨ।
ਭਾਰਤ-ਪਾਕਿ ਸਰਹੱਦ ਕਿਨਾਰੇ ਵਸੇ ਪਿੰਡਾਂ ਦੇ ਮੁਖਤਿਆਰ ਸਿੰਘ, ਦਰਸ਼ਨ ਸਿੰਘ, ਸ਼ੇਰ ਸਿੰਘ, ਫੁੰਮਣ ਸਿੰਘ, ਗੁਰਨਾਮ ਸਿੰਘ, ਬਲਵੀਰ ਸਿੰਘ, ਰੇਸ਼ਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਜ਼ਮੀਨ ਕੰਡਿਆਲੀ ਤਾਰ ਤੋਂ ਪਾਰ ਜ਼ੀਰੋ ਲਾਈਨ ਦੇ ਨਜ਼ਦੀਕ ਹੈ, ਜਿਸ ਵਿਚ ਇਸ ਵਕਤ ਕਣਕ ਦੀ ਕਾਸ਼ਤ ਕੀਤੀ ਹੋਈ ਹੈ ਪਰ ਜੰਗਲੀ ਸੂਰ ਉਨ੍ਹਾਂ ਵੱਲੋਂ ਬੀਜਾਈ ਕੀਤੀ ਗਈ ਕਣਕ ਦੀ ਫਸਲ ਨੂੰ ਭਾਰੀ ਨੁਕਸਾਨ ਪਹੁੰਚਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਸੂਰਾਂ ਤੋਂ ਆਪਣੀ ਫਸਲ ਬਚਾਉਣ ਵਾਸਤੇ ਆਪਣੇ ਖੇਤਾਂ ਦੇ ਕਿਨਾਰੇ ਕਈ ਵਾਰ ਕੰਡਿਆਲੀ ਤਾਰ ਕੀਤੀ ਗਈ ਪਰ ਸੂਰ ਕੰਡਿਆਲੀ ਤਾਰ ਲੱਗੇ ਹੋਣ ਦੇ ਬਾਵਜੂਦ ਭਾਰੀ ਨੁਕਸਾਨ ਪਹੁੰਚਾ ਰਹੇ ਹਨ। ਭਾਰਤ-ਪਾਕਿ ਜ਼ੀਰੋ ਲਾਈਨ ਨਜ਼ਦੀਕ ਖੇਤੀ ਕਰਦੇ ਕਿਸਾਨਾਂ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਫਸਲ ਉਜਾੜੇ ਦਾ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਉਨ੍ਹਾਂ ਦੇ ਹੁੰਦੇ ਨੁਕਸਾਨ ਦੀ ਭਰਪਾਈ ਹੋ ਸਕੇ।