ਫਗਵਾੜਾ ਵਿਚ ਖੁੱਲ੍ਹੇਗਾ ਪੰਜਾਬ ਦਾ ਤੀਜਾ ਮੈਗਾ ਫੂਡ ਪਾਰਕ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਫਾਜ਼ਿਲਕਾ ਅਤੇ ਲੁਧਿਆਣਾ ਤੋਂ ਬਾਅਦ ਪੰਜਾਬ ਵਿਚ ਹੁਣ ਤੀਜਾ ਮੈਗਾ ਫੂਡ ਪਾਰਕ ਫਗਵਾੜਾ ਵਿਚ ਖੁੱਲਣ ਵਾਲਾ ਹੈ।

Mega Food Park

ਚੰਡੀਗੜ੍ਹ: ਫਾਜ਼ਿਲਕਾ ਅਤੇ ਲੁਧਿਆਣਾ ਤੋਂ ਬਾਅਦ ਪੰਜਾਬ ਵਿਚ ਹੁਣ ਤੀਜਾ ਮੈਗਾ ਫੂਡ ਪਾਰਕ ਫਗਵਾੜਾ ਵਿਚ ਖੁੱਲਣ ਵਾਲਾ ਹੈ। ਇਹ ਫੂਡ ਪਾਰਕ ਇਸੇ ਸਾਲ ਅਕਤੂਬਰ ਵਿਚ ਚਾਲੂ ਹੋ ਜਾਵੇਗਾ। ਸੂਬੇ ਵਿਚ ਫੂਡ ਪ੍ਰੋਸੈਸਿੰਗ ਸੈਕਟਰ ਵਿਚ ਵਾਧਾ ਕਰਨ ਲਈ 125 ਕਰੋੜ ਦੀ ਲਾਗਤ ਨਾਲ ਇਸ ਨੂੰ ਸਥਾਪਿਤ ਕੀਤਾ ਜਾਵੇਗਾ। ਇਸ ਫੂਡ ਪਾਰਕ ਦੇ ਚਾਲੂ ਹੋਣ ਤੋਂ ਬਾਅਦ ਪੰਜਾਬ ਦੇ ਕਿਸਾਨਾਂ ਦੀ ਆਮਦਨ ਅਤੇ ਖੇਤੀ ਵਿਭਿੰਨਤਾ ਵਿਚ ਵਾਧਾ ਹੋਵੇਗਾ।

ਮੌਜੂਦਾ ਸਮੇਂ ਵਿਚ ਸੂਬੇ ਕੋਲ ਫਾਜ਼ਿਲਕਾ ਫੂਡ ਪਾਰਕ ਹੈ, ਜਿਸ ਦੀ ਉਸਾਰੀ ਅੰਤਰਰਾਸ਼ਟਰੀ ਮੈਗਾ ਫੂਡ ਪਾਰਕ ਲਿਮਟਡ ਵੱਲੋਂ 140 ਕਰੋੜ ਦੀ ਲਾਗਤ ਨਾਲ ਕੀਤੀ ਗਈ। ਦੂਜਾ ਫੂਡ ਪਾਰਕ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਲਿਮਟਡ ਵੱਲੋਂ 120 ਕਰੋੜ ਦੀ ਲਾਗਤ ਨਾਲ ਬਣਾਇਆ ਗਿਆ ਹੈ ਤੇ ਇਸਦੀ ਉਸਾਰੀ ਦਾ ਕੰਮ ਅਜੇ ਵੀ ਚੱਲ ਰਿਹਾ ਹੈ। ਇਹਨਾਂ ਸਹੂਲਤਾਂ ਨਾਲ ਫੂਡ ਪ੍ਰੋਸੈਸਿੰਗ ਸੈਕਟਰ ਵਿਚ ਵਾਧਾ ਹੋਣ ਦੇ ਨਾਲ ਨਾਲ ਉੱਤਰੀ ਖੇਤਰ ਦੇ ਕਿਸਾਨਾਂ ਨੂੰ ਵੀ ਫਾਇਦਾ ਹੋਵੇਗਾ।

ਸੁਖਜੀਤ ਸਟਾਰਚ ਐਂਡ ਕੈਮੀਕਲਸ ਲਿਮਟਡ ਦੇ ਸੀਈਓ ਭਵਦੇਵ ਸਰਦਾਨਾ ਨੇ ਕਿਹਾ ਕਿ ਇਸ ਫੂਡ ਪਾਰਕ ਦੀ ਸਹਾਇਤਾ ਨਾਲ ਫੂਡ ਪਾਰਕ ਦਾ ਵਧੀਆ ਢਾਂਚਾ ਤਿਆਰ ਕੀਤਾ ਜਾਵੇਗਾ ਅਤੇ ਵਧੀਆ ਸਪਲਾਈ ਚੇਨ ਬਣਾਈ ਜਾਵੇਗੀ ਤਾਂ ਜੋ ਕਿਸਾਨਾਂ ਨੂੰ ਸਿੱਧੇ ਤੌਰ ‘ਤੇ ਫਾਇਦਾ ਹੋ ਸਕੇ। ਫਗਵਾੜਾ ‘ਚ ਬਣ ਰਹੇ ਫੂਡ ਪਾਰਕ ‘ਚ ਕੰਪਨੀ ਮੱਕਾ ਪ੍ਰੋਸੈਸਿੰਗ ਸੁਵਿਧਾ ਵੀ ਸਥਾਪਤ ਕਰ ਰਹੀ ਹੈ, ਜਿਸ ਦੀ ਰੋਜ਼ਾਨਾ ਪੀਹਣ ਸਮਰੱਥਾ 600 ਟਨ ਹੋਵੇਗੀ।

ਵਧੀਆ ਢਾਂਚੇ, ਸੜਕਾਂ, ਬਿਜਲੀ ਅਤੇ ਪਾਵਰ ਦੇ ਨਾਲ-ਨਾਲ ਮੈਗਾ ਫੂਡ ਪਾਰਕ ਵੱਲੋਂ ਕੋਲਡ ਸਟੋਰੇਜ, ਡੀਪ ਫਰੀਜ਼ਰ, ਕੈਪਟਿਵ ਪਾਵਰ, ਪਾਣੀ ਦਾ ਨਿਕਾਸ ਕਰਨ ਲਈ ਪਲਾਂਟ ਆਦਿ ਸਹੂਲਤਾਂ ਦਾ ਵੀ ਦਾਅਵਾ ਕੀਤਾ ਗਿਆ ਹੈ। ਇਸ ਨਾਲ ਫੂਡ ਪ੍ਰੋਸੈਸਿੰਗ ਖੇਤਰ ਵਿਚ ਨਿਵੇਸ਼ ਵਧਣ ਅਤੇ ਰੁਜ਼ਗਾਰ ਦੀ ਕਾਫੀ ਸੰਭਾਵਨਾ ਦਿਖਾਈ ਦੇ ਰਹੀ ਹੈ।

ਸੂਤਰਾਂ ਮੁਤਾਬਿਕ ਪੰਜਾਬ ਐਗਰੇ ਇੰਡਸਟਰੀਜ਼ ਫੂਡ ਪਾਰਕ ਵਿਚ ਹੁਣ ਤੱਕ ਗੋਦਰੇਜ ਟਾਇਸਨ, ਮੀਟ ਮਾਸਟਰਜ਼ ਅਤੇ ਇਸਕੌਨ ਬਾਲਾਜੀ ਆਦਿ ਕਾਰਪੋਰੇਟਰਾਂ ਨੇ ਲਗਭਗ 130 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ।