ਕਿਸਾਨਾਂ ਤੇ ਮਜ਼ਦੂਰਾਂ ਦੇ ਅੰਦੋਲਨ ਅੱਗੇ ਝੁਕੀ ਸਰਕਾਰ : ਗੱਲਬਾਤ ਮਗਰੋਂ ਮੰਨੀਆਂ 14 ਮੰਗਾਂ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਰੇਲ ਰੋਕੋ ਅੰਦੋਲਨ ਮੁਲਤਵੀ

Farmers protest

ਅੰਮ੍ਰਿਤਸਰ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਅੱਜ ਪੰਜਾਬ ਦੇ 5 ਡੀਸੀ ਦਫ਼ਤਰਾਂ ਅੰਮ੍ਰਿਤਸਰ, ਤਰਨ ਤਾਰਨ, ਫ਼ਿਰੋਜ਼ਪੁਰ, ਜਲੰਧਰ, ਗੁਰਦਾਸਪੁਰ ਅੱਗੇ ਲੱਗੇ ਜੇਲ ਭਰੋ ਮੋਰਚੇ ਦੇ ਤੀਜੇ ਦਿਨ ਹਜ਼ਾਰਾਂ ਕਿਸਾਨਾਂ ਮਜ਼ਦੂਰਾਂ ਤੇ ਬੀਬੀਆਂ ਵਲੋਂ ਪੂਰੇ ਗੁੱਸੇ ਨਾਲ ਸ਼ਮੂਲੀਅਤ ਕੀਤੀ ਗਈ।

ਅੱਜ ਮੁੱਖ ਰੇਲ ਮਾਰਗ ਜਾਮ ਕਰਨ ਦੇ ਕੀਤੇ ਐਲਾਨ ਤੇ ਦਬਾਅ ਹੇਠ ਝੁਕ ਕੇ ਕੈਪਟਨ ਸਰਕਾਰ ਵਲੋਂ ਕਿਸਾਨ ਆਗੂਆਂ ਨਾਲ 12 ਘੰਟੇ ਦੇਰ ਰਾਤ ਤਕ ਲੰਮੀ ਗੱਲਬਾਤ ਚਲਾਈ ਗਈ ਤੇ 14 ਮੰਨੀਆਂ ਹੋਈਆਂ ਮੰਗਾਂ ਮੰਨਣ ਦਾ ਲਿਖਤੀ ਸਮਝੌਤਾ ਮੁੱਖ ਸਕੱਤਰ ਕਰਨਅਵਤਾਰ ਸਿੰਘ ਦੇ ਦਸਤਖ਼ਤਾਂ ਹੇਠ ਚਿੱਠੀ ਜਾਰੀ ਕਰ ਕੇ ਕੀਤਾ ਗਿਆ। ਅੰਮ੍ਰਿਤਸਰ ਡਿਪਟੀ ਕਮਿਸ਼ਨਰ ਦਫਤਰ ਵਿਖੇ ਲੱਗੇ ਧਰਨੇ ਵਿਚ ਰਾਤ 12 ਵਜੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਤੇ ਆਈ.ਜੀ. ਬਾਰਡਰ ਰੇਂਜ ਸੁਰਿੰਦਰਪਾਲ ਸਿੰਘ ਪਰਮਾਰ ਨੇ ਪਹੁੰਚ ਕੇ ਲਿਖਤੀ ਸਮਝੌਤਾ ਪੜ੍ਹ ਕੇ ਵਿਸ਼ਵਾਸ ਦਿਵਾਇਆ ਤੇ ਸਮਝੌਤੇ ਦੀ ਇਕ ਕਾਪੀ ਕਿਸਾਨ ਆਗੂਆਂ ਨੂੰ ਦਿਤੀ।

ਇਸ ਮਗਰੋਂ ਅੰਦੋਲਨਕਾਰੀ ਕਿਸਾਨਾਂ ਵਲੋਂ ਅੰਮ੍ਰਿਤਸਰ ਸਮੇਤ ਬਾਕੀ 4 ਥਾਵਾਂ ਉੱਤੇ ਚੱਲ ਰਹੇ ਜੇਲ ਭਰੋ ਮੋਰਚੇ ਮੁਲਤਵੀ ਕਰ ਦਿਤੇ ਗਏ । ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ, ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਦਸਿਆ ਕਿ ਪੰਜਾਬ ਸਰਕਾਰ ਨੇ ਉਨ੍ਹਾਂ ਦੀਆਂ 14 ਮੰਗਾਂ ਮੰਨ ਲਈਆਂ ਹਨ ਤੇ ਕਿਸਾਨਾਂ ਤੇ ਮਜ਼ਦੂਰਾਂ ਵਲੋਂ ਰੇਲ ਰੋਕੋ ਅੰਦੋਲਨ ਵੀ ਮੁਲਤਵੀ ਕਰ ਦਿਤਾ ਗਿਆ ਹੈ। ਉਨ੍ਹਾਂ ਦਸਿਆ ਕਿ  4 ਅਪ੍ਰੈਲ ਨੂੰ ਕੋਰ ਕਮੇਟੀ ਦੀ ਮੀਟਿੰਗ ਸੱਦ ਲਈ ਗਈ ਹੈ ਜਿਸ ਵਿਚ ਸੰਘਰਸ਼ ਦੇ ਅਗਲੇ ਪੜਾਅ ਦਾ ਐਲਾਨ ਕੀਤਾ ਜਾਵੇਗਾ।