ਕਿਸਾਨਾਂ ਲਈ ਪੈਡੀ ਟ੍ਰਾਂਸਪਲਾਂਟਰ 'ਤੇ ਸਰਕਾਰ ਵਲੋਂ 40-50 ਪ੍ਰਤੀਸ਼ਤ ਸਬਸਿਡੀ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਝੋਨੇ ਦੀ ਲਵਾਈ ਪੰਜਾਬ ਸਰਕਾਰ ਕਿਸਾਨਾਂ ਨੂੰ ਅੱਧ ਮੁੱਲ 'ਤੇ ਝੋਨਾ ਲਾਉਣ ਵਾਲੀਆਂ ਮਸ਼ੀਨਾਂ ਵੇਚ ਰਹੀ ਹੈ। ਪੰਜਾਬ ਖੇਤੀਬਾੜੀ ਸਕੱਤਰ ਕਾਹਨ ਸਿੰਘ ਪੰਨੂ ਨੇ ਦੱਸਿਆ...

Paddy

ਚੰਡੀਗੜ੍ਹ : ਝੋਨੇ ਦੀ ਲਵਾਈ ਪੰਜਾਬ ਸਰਕਾਰ ਕਿਸਾਨਾਂ ਨੂੰ ਅੱਧ ਮੁੱਲ 'ਤੇ ਝੋਨਾ ਲਾਉਣ ਵਾਲੀਆਂ ਮਸ਼ੀਨਾਂ ਵੇਚ ਰਹੀ ਹੈ। ਪੰਜਾਬ ਖੇਤੀਬਾੜੀ ਸਕੱਤਰ ਕਾਹਨ ਸਿੰਘ ਪੰਨੂ ਨੇ ਦੱਸਿਆ ਕਿ ਜੂਨ ਤੇ ਜੁਲਾਈ ਦੌਰਾਨ ਝੋਨੇ ਦੀ ਹੱਥੀਂ ਲਵਾਈ ਦੌਰਾਨ ਮਜ਼ਦੂਰਾਂ ਦੀ ਕਿੱਲਤ ਦੂਰ ਕਰਨ ਲਈ ਕਿਸਾਨਾਂ ਨੂੰ ਸਬਸਿਡੀ ਦੇ ਨਾਲ ਪੈਡੀ ਟ੍ਰਾਂਸਪਲਾਂਟਰ ਦਿੱਤੇ ਜਾ ਰਹੇ ਹਨ। ਝੋਨਾ ਬੀਜਣ ਵਾਲੀਆਂ ਮਸ਼ੀਨਾਂ ਜ਼ਿਆਦਾਤਰ ਕੋਰੀਅਨ ਜਾਂ ਜਪਾਨੀ ਕੰਪਨੀਆਂ ਵੱਲੋਂ ਤਿਆਰ ਕੀਤੀਆਂ ਗਈਆਂ ਹਨ ਤੇ ਪੰਜਾਬ ਸਰਕਾਰ ਇਨ੍ਹਾਂ 'ਤੇ 40-50% ਸਬਸਿਡੀ ਦੇ ਰਹੀ ਹੈ।

ਇਸ ਸਬਸਿਡੀ ਦਾ ਲਾਭ ਲੈਣ ਦੇ ਇੱਛੁਕ ਕਿਸਾਨਾਂ ਨੂੰ ਸਰਕਾਰ ਕੋਲ 20 ਜਨਵਰੀ ਤੋਂ ਪਹਿਲਾਂ ਪਹਿਲਾਂ ਬਿਨੈ ਕਰਨਾ ਪਵੇਗਾ। ਇਸ ਸਬੰਧੀ ਖੇਤੀਬਾੜੀ ਡਾਇਰੈਕਟਰ ਨੂੰ 20 ਜਨਵਰੀ ਤਕ ਅਰਜ਼ੀਆਂ ਭੇਜੀਆਂ ਜਾ ਸਕਦੀਆਂ ਹਨ। ਪੰਨੂੰ ਮੁਤਾਬਕ ਛੇ ਕਤਾਰਾਂ ‘ਚ ਝੋਨੇ ਦੀ ਬਿਜਾਈ ਕਰਨ ਵਾਲੀ ਮਸ਼ੀਨ ਦੀ ਕੀਮਤ ਤਕਰੀਬਨ ਸਾਢੇ ਤਿੰਨ ਲੱਖ ਹੈ, ਜੋ ਰੋਜ਼ਾਨਾ ਪੰਜ ਤੋਂ ਛੇ ਏਕੜ ਝੋਨਾ ਬੀਜ ਸਕਦੀ ਹੈ। ਇਸ ਤੋਂ ਵੱਡੀਆਂ ਮਸ਼ੀਨਾਂ ਦੀ ਕੀਮਤ 10-15 ਲੱਖ ਹੈ, ਜੋ ਹਰ ਰੋਜ਼ 10-12 ਏਕੜ ਝੋਨਾ ਲਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਪਿਛਲੇ ਦੋ ਸਾਲਾਂ ਤੋਂ ਪੂਰੇ ਸੂਬੇ ਵਿੱਚ 350 ਪੈਡੀ ਟ੍ਰਾਂਸਪਲਾਂਟਰ ਦਾ ਪ੍ਰੀਖਣ ਜਾਰੀ ਹੈ,

ਜਿਸ ਦੀ ਸਫਲਤਾ ਨੂੰ ਵੇਖਦਿਆਂ ਇਨ੍ਹਾਂ ਦਾ ਫਾਇਦਾ ਵੱਧ ਤੋਂ ਵੱਧ ਕਿਸਾਨਾਂ ਤਕ ਪਹੁੰਚਾਉਣ ਲਈ ਸਰਕਾਰ ਸਬਸਿਡੀ ਦੇ ਰਹੀ ਹੈ। ਦਰਅਸਲ ਝੋਨੇ ਦੀ ਲਵਾਈ ਦੌਰਾਨ ਕਿਸਾਨਾਂ ਦੀਆਂ ਮੁਸ਼ਕਲਾਂ ‘ਚੋਂ ਸਭ ਤੋਂ ਵੱਡੀ ਮੁਸ਼ਕਿਲ ਹੁੰਦੀ ਹੈ ਝੋਨਾਂ ਲਾਉਣ ਵਾਲਿਆਂ ਦੀ ਕਮੀ, ਜਿਸ ਨੂੰ ਦੂਰ ਕਰਨ ਸਰਕਾਰ ਵਲੋਂ ਇਹ ਜੁਗਤ ਅਪਣਾਈ ਜਾ ਰਹੀ ਹੈ।