ਕੈਪਟਨ ਸਰਕਾਰ ਵੱਲੋਂ ਕਿਸਾਨਾਂ ਦੇ ਫ਼ਸਲੀ ਨੁਕਸਾਨ ਦੀ ਜਲਦ ਹੋਵੇਗੀ ਭਰਪਾਈ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਲਈ ਰਾਹਤ ਦਾ ਐਲਾਨ ਕੀਤਾ ਹੈ...
ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਲਈ ਰਾਹਤ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਜੇ ਬੇਮੌਸਮੀ ਬਾਰਿਸ਼ ਨਾਲ ਖਰਾਬ ਹੋਈ ਕਣਕ ਦੀ ਕੀਮਤ ਚ ਕੇਂਦਰ ਨੇ ਕਟੌਤੀ ਨਾ ਕਰਨ ਦੀ ਉਹਨਾਂ ਦੀ ਮੰਗ ਨਾ ਮੰਨੀ ਤਾਂ ਸੂਬਾ ਸਰਕਾਰ ਕਿਸਾਨਾਂ ਨੂੰ ਹੋਣ ਵਾਲੇ ਨੁਕਸਾਨ ਦੀ ਭਰਪਾਈ ਕਰੇਗੀ। ਜ਼ਿਕਰਯੋਗ ਹੈ ਕਿ ਇਸ ਵੇਲੇ ਬੇਮੌਸਮੀ ਬਾਰਿਸ਼ ਨਾਲ ਖਰਾਬ ਹੋਈ ਕਣਕ ਘੱਟੋ ਘੱਟ ਸਮਰਥਨ ਮੁੱਲ ਤੋਂ ਵੀ ਘੱਟ ਕੀਮਤ ਤੇ ਖਰੀਦੀ ਜਾ ਰਹੀ ਹੈ। ਜਿਸ ਤੇ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੇ ਅਪੀਲ ਕੀਤੀ ਸੀ ਕਿ ਕਣਕ ਦੇ ਘੱਟੋ ਘੱਟ ਖਰੀਦ ਮੁੱਲ ਚ ਵੈਲਿਉ ਕੱਟ ਨਾ ਲਾਇਆ ਜਾਵੇ।
ਪਰ ਅਜੇ ਤੱਕ ਕੇਂਦਰ ਸਰਕਾਰ ਵੱਲੋਂ ਕੋਈ ਫੈਸਲਾ ਨਹੀਂ ਲਿਆ ਗਿਆ। ਕਣਕ ਪੂਰੀ ਤਰ੍ਹਾਂ ਪੱਕੀ ਹੋਣ ਕਰਕੇ ਕਿਸਾਨਾਂ ਨੂੰ ਹਮੇਸ਼ਾ ਹੀ ਡਰ ਸਤਾਈ ਜਾਂਦਾ ਹੈ ਕਿ ਕਿਤੇ ਮੀਂਹ ਨਾ ਆ ਜਾਵੇ, ਕੀਤੇ ਅੱਗ ਨਾ ਲੱਗ ਜਾਵੇ। ਹਮੇਸ਼ਾ ਹੀ ਕਿਸਾਨਾਂ ਦੀ ਜਾਨ ਕੜੱਕੀ ‘ਚ ਫਸੀ ਰਹਿੰਦੀ ਹੈ। ਕਈ ਵਾਰ ਕਿਸਾਨਾਂ ਦੀ ਪੱਕੀ ਹੋਈ ਖੜੀ ਫ਼ਸਲ ਨੂੰ ਖੇਤਾਂ ਵਿਚ ਬਿਜਲੀ ਦੀਆਂ ਤਾਰਾਂ ਦੇ ਸ਼ਾਰਟ ਸਰਕਟ ਹੋਣ ਨਾਲ ਅੱਗ ਵੀ ਲੱਗ ਜਾਂਦੀ ਜਿਸ ਕਾਰਨ ਕਾਫ਼ੀ ਵੱਡਾ ਨੁਕਸਾਨ ਹੋ ਜਾਂਦਾ ਹੈ। ਬੇਮੌਸਮੀ ਬਾਰਿਸ਼ ਕਾਰਨ ਸੈਂਕੜੇ ਏਕੜ ਪੱਕੀ ਹੋਈ ਕਣਕ ਦੀ ਫ਼ਸਲ ਨੂੰ ਜਮੀਨ ‘ਤੇ ਵਿੱਛਾ ਦਿੱਤਾ ਸੀ।
ਕਿਸਾਨ ਆੜਤੀਆਂ ਅਤੇ ਬੈਂਕਾ ਤੋਂ ਕਰਜ਼ਾ ਲੈ ਕੇ ਫ਼ਸਲ ਨੂੰ ਆਪਣੇ ਪੁੱਤਾਂ ਵਾਂਗ ਪਾਲਦੇ ਹਨ ਪਰ ਜਦੋਂ ਫ਼ਸਲ ‘ਤੇ ਕੋਈ ਕੁਦਰਤੀ ਕਰੋਪੀ ਪੈਂਦੀ ਹੈ ਤਾਂ ਕਿਸਾਨਾਂ ਦੀਆਂ ਉਮੀਦਾਂ ‘ਤੇ ਗੜੇਮਾਰੀ ਹੋ ਜਾਂਦੀ ਹੈ। ਬਾਰਿਸ਼ ਅਤੇ ਤੇਜ ਹਵਾਵਾਂ ਕਾਰਨ ਕਿਸਾਨਾਂ ਦੀ ਕਣਕ ਦੀ ਫ਼ਸਲ ਜ਼ਮੀਨ ‘ਤੇ ਚਾਦਰ ਦੀ ਤਰ੍ਹਾਂ ਵਿੱਛ ਗਈ ਹੈ। ਕਈ ਕਿਸਾਨਾਂ ਦੀ ਕੱਟੀ ਹੋਈ ਕਣਕ ਦੀ ਫ਼ਸਲ ਬਾਰਿਸ਼ ‘ਚ ਡੁੱਬਦ ਕਾਰਨ ਖ਼ਰਾਬ ਹੋ ਗਈ ਹੈ। ਜਿਸ ਦਾ ਕਿਸਾਨਾਂ ਨੂੰ ਬਹੁਤ ਵੱਡਾ ਨੁਕਸਾਨ ਝੱਲਣਾ ਪੈਂਦਾ ਹੈ ਕਿਉਂਕਿ ਕਿਸਾਨ ਆਪਣੀ ਫ਼ਸਲ ਦੇ ਸਿਰ ‘ਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਹੈ।
ਕਿਸਾਨ ਇਸ ਫ਼ਸਲ ਦੇ ਨਾਲ ਹੀ ਆੜਤੀਆਂ ਅਤੇ ਬੈਂਕਾ ਤੋਂ ਲਿਆ ਕਰਜ਼ਾ ਉਤਾਰਨ ਲਈ ਵੱਡੇ -ਵੱਡੇ ਸੁਪਨੇ ਦੇਖਦਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਕੈਪਟਨ ਸਰਕਾਰ ਕਿਸਾਨਾਂ ਲਈ ਹੋਏ ਫ਼ਸਲਾਂ ਦੇ ਵੱਡੇ ਨੁਕਸਾਨ ਦਾ ਕੀ ਮੁਆਵਜ਼ਾ ਦਿੰਦੀ ਹੈ।