ਕਮਲ ਚੌਲ : ਠੰਡੇ ਪਾਣੀ 'ਚ ਅੱਧੇ ਘੰਟੇ ਰੱਖਣ ਨਾਲ ਹੀ ਹੋ ਜਾਂਦਾ ਹੈ ਤਿਆਰ 

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਸੱਭ ਤੋਂ ਵਧੀਆ ਗੱਲ ਇਹ ਹੈ ਕਿ ਕਮਲ ਚੌਲ ਦੀ ਪੈਦਾਵਾਰ ਵਿਚ ਸਿਰਫ ਜੈਵਿਕ ਖਾਦ ਦੀ ਵਰਤੋਂ ਕੀਤੀ ਜਾਂਦੀ ਹੈ।

Kamal Rice

ਆਸਨਸੋਲ : ਕਮਲ ਚੌਲ ਦੂਜੇ ਚੌਲਾਂ ਤੋਂ ਇਸ ਤਰ੍ਹਾਂ ਵੱਖ ਹਨ ਕਿ ਇਹਨਾਂ ਨੂੰ ਪਕਾਉਣ ਲਈ ਗਰਮ ਪਾਣੀ ਦੀ ਲੋੜ ਨਹੀਂ ਹੁੰਦੀ। ਇਹਨਾਂ ਨੂੰ ਠੰਡੇ ਪਾਣੀ ਵਿਚ ਹੀ ਅੱਧਾ ਘੰਟਾ ਰੱਖ ਦਿਤਾ ਜਾਵੇ ਤਾਂ ਇਹ ਪਕ ਕੇ ਤਿਆਰ ਹੋ ਜਾਂਦੇ ਹਨ। ਬੰਗਾਲ ਦੇ ਵਰਧਮਾਨ ਅਤੇ ਨਦੀਆ ਸਮੇਤ ਕਈ ਜ਼ਿਲ੍ਹਿਆਂ ਵਿਚ ਇਸ ਖਾਸ ਕਿਸਮ ਦੇ ਚੌਲਾਂ ਦੀ ਖੇਤੀ ਸ਼ੁਰੂ ਕੀਤੀ ਗਈ ਹੈ। ਕਮਲ ਚੌਲ ਦੀ ਪੈਦਾਵਾਰ ਮੂਲ ਤੌਰ 'ਤੇ ਬ੍ਰਹਮਪੁੱਤਰ ਨਦੀ ਕੰਢੇ ਮਾਜੂਲੀ ਟਾਪੂ 'ਤੇ ਹੁੰਦੀ ਹੈ।

ਪੱਛਮੀ ਬੰਗਾਲ ਦੇ ਕੁਝ ਕਿਸਾਨ ਉਥੋਂ ਇਸ ਚੌਲ ਦੇ ਬੀਜ ਲੈ ਕੇ ਆਏ ਅਤੇ ਇਥੇ ਇਸ ਦੀ ਖੇਤੀ ਸ਼ੁਰੂ ਕੀਤੀ ਤਾਂ ਇਸ ਦੀ ਵਧੀਆ ਪੈਦਾਵਾਰ ਹੋਣ ਲਗੀ। ਇਸ ਚੌਲ ਦੇ ਗੁਣਾਂ ਦਾ ਪਤਾ ਲਗਣ ਤੋਂ ਬਾਅਦ ਪੱਛਮ ਬੰਗਾਲ ਸਰਕਾਰ ਨੇ ਇਸ ਦੀ ਵਪਾਰਕ ਪੈਦਾਵਾਰ ਨੂੰ ਹੋਰ ਉਤਸ਼ਾਹਤ ਕਰਨ ਦਾ ਐਲਾਨ ਕੀਤਾ ਹੈ। ਸੱਭ ਤੋਂ ਵਧੀਆ ਗੱਲ ਇਹ ਹੈ ਕਿ ਕਮਲ ਚੌਲ ਦੀ ਪੈਦਾਵਾਰ ਵਿਚ ਸਿਰਫ ਜੈਵਿਕ ਖਾਦ ਦੀ ਵਰਤੋਂ ਕੀਤੀ ਜਾਂਦੀ ਹੈ। ਪ੍ਰਤਿ ਹੈਕਟੇਅਰ ਇਸ ਦੀ ਪੈਦਾਵਾਰ  3.4 ਤੋਂ 3.6 ਟਨ ਤੱਕ ਹੁੰਦੀ ਹੈ। ਰਾਜ ਦੇ ਖੇਤੀ ਮੰਤਰੀ ਆਸ਼ੀਸ਼ ਬੈਨਰਜੀ ਵਰਧਮਾਨ ਨੇ ਕਿਹਾ ਹੈ

ਕਿ ਪੱਛਮ ਬੰਗਾਲ ਸਰਕਾਰ ਇਸ ਦੀ ਵਪਾਰਕ ਪੈਦਾਵਾਰ 'ਤੇ ਜ਼ੋਰ ਦੇ ਰਹੀ  ਹੈ। ਨਦੀਆ ਜਿਲ਼੍ਹੇ ਵਿਚ ਕਮਲ ਚੌਲ ਦੀ ਖੇਤੀ ਨੂੰ ਉਤਸ਼ਾਹਤ ਕਰ ਰਹੇ ਸਹਾਇਕ ਖੇਤੀ ਨਿਰਦੇਸ਼ਕ ਅਨੁਪਮ ਪਾਲ ਨੇ ਦੱਸਿਆ ਕਿ ਨਦੀਆ ਵਿਚ 10 ਹੈਕਟੇਅਰ ਵਿਚ ਪ੍ਰਯੋਗ ਦੇ ਤੌਰ 'ਤੇ ਇਸ ਦੀ ਖੇਤੀ ਕੀਤੀ ਗਈ ਹੈ ਜਿਸ ਦੇ ਵਧੀਆ ਸਿੱਟੇ ਮਿਲੇ ਹਨ। ਕਿਸਾਨਾਂ ਨੇ ਦੱਸਿਆ ਕਿ ਇਸ ਚੌਲ ਦੀ ਵਰਤੋਂ ਹਜ਼ਾਰਾਂ ਸਾਲ ਪਹਿਲਾਂ ਫ਼ੌਜੀ ਕਰਦੇ ਸਨ।

ਕਿਉਂਕਿ ਯੁੱਧ ਦੌਰਾਨ ਫ਼ੌਜੀ ਭੋਜਨ ਪਕਾਉਣ ਤੋਂ ਬਚਣਾ ਚਾਹੁੰਦੇ ਸਨ। ਪਿਆਜ, ਲੂਣ ਅਤੇ ਮਿਰਚ ਨਾਲ ਉਹ ਇਸ ਚੌਲ ਨੂੰ ਤਿਆਰ ਕਰ ਲੈਂਦੇ ਸਨ। ਸਹਾਇਕ ਨਿਰਦੇਸ਼ਕ ਅਨੁਪਮ ਪਾਲ ਦਾ ਕਹਿਣਾ ਹੈ ਕਿ ਗੁਣਾਂ ਪੱਖੋਂ ਕਮਲ ਚੌਲ ਕਾਰਬੋਹਾਈਡ੍ਰੇਟਸ ਅਤੇ ਪ੍ਰੋਟੀਨ ਸਮੇਤ ਕਈ ਪੌਸ਼ਟਿਕ ਤੱਤਾਂ ਨਾਲ ਭਰਭੂਰ ਹਨ। ਬਜ਼ਾਰ ਵਿਚ ਇਸ ਦੀ ਕੀਮਤ 60 ਰੁਪਏ ਤੋਂ 80 ਰੁਪਏ ਕਿਲੋ ਤੱਕ ਹੈ।