ਜਾਣੋ, ਝੋਨੇ ਦੀ ਪਰਾਲੀ ਲਈ ਸਾਭ-ਸੰਭਾਲ ਅਤੇ ਮਸ਼ੀਨਰੀ

ਏਜੰਸੀ

ਖੇਤੀਬਾੜੀ, ਸਹਾਇਕ ਧੰਦੇ

ਕਣਕ ਅਤੇ ਝੋਨਾ ਪੰਜਾਬ ਦੀਆਂ ਮੁੱਖ ਫ਼ਸਲਾਂ ਹਨ ਅਤੇ ਇਨ੍ਹਾਂ ਦੀ ਕਟਾਈ ਜ਼ਿਆਦਾਤਰ ਕੰਬਾਈਨਾਂ ਨਾਲ...

Paddy Parali

ਚੰਡੀਗੜ੍ਹ: ਕਣਕ ਅਤੇ ਝੋਨਾ ਪੰਜਾਬ ਦੀਆਂ ਮੁੱਖ ਫ਼ਸਲਾਂ ਹਨ ਅਤੇ ਇਨ੍ਹਾਂ ਦੀ ਕਟਾਈ ਜ਼ਿਆਦਾਤਰ ਕੰਬਾਈਨਾਂ ਨਾਲ ਕੀਤੀ ਜਾਂਦੀ ਹੈ। ਕਣਕ-ਝੋਨੇ ਦੀ ਪੈਦਾਵਾਰ ਦੇ ਨਾਲ ਨਾਲ ਦੋਵੇਂ ਫ਼ਸਲਾਂ ਤੋਂ ਹਰ ਸਾਲ ਕ੍ਰਮਵਾਰ ਤਕਰੀਬਨ 14 ਅਤੇ 20 ਮਿਲੀਅਨ ਟਨ ਫ਼ਸਲੀ ਰਹਿੰਦ-ਖੂੰਹਦ ਪੈਦਾ ਹੁੰਦੀ ਹੈ। ਕਣਕ ਦੇ ਨਾੜ ਦੀ ਜ਼ਿਆਦਾਤਰ (80-90%) ਸੰਭਾਲ ਥਰੈਸ਼ਰਾਂ ਅਤੇ ਸਟਰਾਅ ਰੀਪਰਾਂ ਦੀ ਮਦਦ ਨਾਲ ਤੂੜੀ ਬਣਾ ਕੇ ਕਰ ਲਈ ਜਾਂਦੀ ਹੈ ਪਰ ਝੋਨੇ ਦੀ ਪਰਾਲੀ ਦੀ ਸੰਭਾਲ ਦੀ ਸਮੱਸਿਆ ਅਜੇ ਬਣੀ ਹੋਈ ਹੈ।

ਪਰਾਲੀ ਨੂੰ ਸਾੜਨ ਦੇ ਨੁਕਸਾਨ: ਕਿਸਾਨ ਅਗਲੀ ਫ਼ਸਲ ਕਣਕ ਦੀ ਬਿਜਾਈ ਲਈ ਪਰਾਲੀ ਨੂੰ ਅੱਗ ਲਾ ਦਿੰਦੇ ਹਨ। ਇਸ ਨਾਲ ਖੇਤ, ਮਨੁਖਤਾ ਅਤੇ ਪਸ਼ੂ ਪੰਛੀਆਂ ਦੀ ਸਿਹਤ ’ਤੇ ਬੁਰਾ ਅਸਰ ਪੈਂਦਾ ਹੈ। ਅੱਗ ਲਾਉਣ ਨਾਲ ਖੇਤੀ ਲਈ ਚੰਗੇ ਖ਼ੁਰਾਕੀ ਤੱਤ ਸੜ ਜਾਂਦੇ ਹਨ ਅਤੇ ਕੁਦਰਤੀ ਸੋਮਿਆਂ ਦਾ ਨੁਕਸਾਨ ਹੁੰਦਾ ਹੈ। ਇਕ ਅੰਦਾਜ਼ੇ ਮੁਤਾਬਕ ਧਰਤੀ ਵਿਚੋਂ ਝੋਨੇ ਦੁਆਰਾ ਲਈ ਗਈ 25 ਪ੍ਰਤੀਸ਼ਤ ਨਾਈਟ੍ਰੋਰੋਜਨ ਅਤੇ ਫਾਸਫੋਰਸ, 50 ਪ੍ਰਤੀਸ਼ਤ ਗੰਧਕ ਅਤੇ 75 ਪ੍ਰਤੀਸ਼ਤ ਪੋਟਾਸ਼ ਪਰਾਲੀ ਵਿੱਚ ਹੀ ਰਹਿ ਜਾਂਦੀ ਹੈ।

ਦੇਖਿਆ ਗਿਆ ਹੈ ਕਿ 10 ਕੁਇੰਟਲ ਪਰਾਲੀ ਸਾੜਨ ਨਾਲ 400 ਕਿਲੋ ਜੈਵਿਕ ਕਾਰਬਨ ਤੋਂ ਇਲਾਵਾ 5.5 ਕਿਲੋ ਨਾਈਟ੍ਰੋਜਨ, 2.3 ਕਿਲੋ ਫਾਸਫੋਰਸ, 25 ਕਿਲੋ ਪੋਟਾਸ਼ੀਅਮ ਅਤੇ 1.2 ਕਿਲੋ ਗੰਧਕ ਦਾ ਨੁਕਸਾਨ ਹੁੰਦਾ ਹੈ। ਅਜਿਹੇ ਤੱਤ ਨਸ਼ਟ ਹੋਣ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਵੱਡੀ ਢਾਹ ਲੱਗਦੀ ਹੈ। ਤਜਰਬਿਆਂ ਵਿੱਚ ਦੇਖਿਆ ਗਿਆ ਹੈ ਕਿ ਪਰਾਲੀ ਲਗਾਤਾਰ ਜ਼ਮੀਨ ਵਿੱਚ ਵਾਹੁਣ ਨਾਲ ਫ਼ਸਲਾਂ ਦੀ ਉਤਪਾਦਕਤਾ ਵਧਦੀ ਹੈ ਅਤੇ ਨਾਲ ਹੀ ਜ਼ਮੀਨ ਦੀ ਸਿਹਤ ਵਿੱਚ ਵੀ ਸੁਧਾਰ ਹੁੰਦਾ ਹੈ।

ਪਰਾਲੀ ਵਿੱਚੋਂ ਨਿਕਲਦੀਆਂ ਗੈਸਾਂ ਵਿੱਚ 70% ਕਾਰਬਨ ਡਾਇਆਕਸਾਈਡ, 7% ਕਾਰਬਨ ਮੋਨੋਆਕਸਾਈਡ, 0.66% ਮੀਥੇਨ ਅਤੇ 2.09% ਨਾਇਟ੍ਰਿਕ ਆਕਸਾਈਡ ਵਰਗੀਆਂ ਗੈਸਾਂ ਹਨ, ਇਹ ਗੈਸਾਂ ਵਾਤਾਵਰਨ ਦੇ ਬਦਲਾਅ ਦਾ ਕਾਰਨ ਬਣਦੀਆਂ ਹਨ। ਪਰਾਲੀ ਨੂੰ ਸਾੜਨ ਨਾਲ ਧੂੰਏਂ ਦਾ ਗੁਬਾਰ ਜਿੱਥੇ ਵਾਤਾਵਰਨ ਨੂੰ ਪਲੀਤ ਕਰਦਾ ਹੈ, ਉਥੇ ਵਸੋਂ ਅਤੇ ਪਸ਼ੂਆਂ ਦੀ ਸਿਹਤ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ। ਪਰਾਲੀ ਦੇ ਜਲਣ ਨਾਲ ਜੋ ਗਰਮੀ ਪੈਦਾ ਹੁੰਦੀ ਹੈ ਉਸ ਨਾਲ ਭੂਮੀ ਵਿਚਲੇ ਲਾਭਦਾਇਕ ਸੂਖਮ ਜੀਵ ਨਸ਼ਟ ਹੋ ਜਾਂਦੇ ਹਨ ਅਤੇ ਭੂਮੀ ਦੀ ਸਿਹਤ ’ਤੇ ਮਾੜਾ ਅਸਰ ਪੈਂਦਾ ਹੈ।

ਸੜਕਾਂ ਤੇ ਖੇਤਾਂ ਦੁਆਲੇ ਲੱਗੇ ਰੁੱਖਾਂ ਦਾ ਨੁਕਸਾਨ ਹੁੰਦਾ ਹੈ ਅਤੇ ਸੜਕ ਹਾਦਸੇ ਵਾਪਰਦੇ ਹਨ। ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਹਮੇਸ਼ਾਂ ਯਤਨਸ਼ੀਨ ਰਹੀ ਹੈ। ਪਰਾਲੀ ਸਾੜਨ ਦੀ ਸਮੱਸਿਆ ਦਾ ਹੱਲ ਕਰਨ ਲਈ ਯੂਨੀਵਰਸਿਟੀ ਵੱਲੋਂ ਵੱਖ-ਵੱਖ ਮਸ਼ੀਨਾਂ ਅਤੇ ਤਰੀਕਿਆਂ ਦੀ ਸਿਫ਼ਾਰਸ਼ ਕੀਤੀ ਗਈ ਹੈ। ਪਰਾਲੀ ਦੀ ਸੰਭਾਲ ਦੇ ਦੋ ਮੁੱਖ ਤਰੀਕੇ ਹਨ। ਪਹਿਲਾ ਪਰਾਲੀ ਦੀ ਖੇਤ ਵਿੱਚ ਸੰਭਾਲ ਅਤੇ ਦੂਜਾ ਖੇਤ ਵਿੱਚੋਂ ਬਾਹਰ ਕੱਢ ਕੇ ਇਸ ਦੀ ਹੋਰ ਕੰਮਾਂ ਲਈ ਸੁਚੱਜੀ ਵਰਤੋਂ ਸ਼ਾਮਲ ਹਨ।