ਚਮੋਲੀ ਦੀ ਉਚਾਈ 'ਤੇ ਤਿਆਰ ਹੋਵੇਗੀ ਹੈਜਲ ਅਤੇ ਪਿਕਨ ਗਿਰੀ
ਹੈਜਲ ਗਿਰੀ ਦੀ ਪੌਦ ਰਾਮਣੀ ਨਰਸਰੀ ਵਿਚ ਅਤੇ ਪਿਕਨ ਗਿਰੀ ਦੀ ਪੌਦ ਕੋਠਿਆਲਸੈਂਣ ਨਰਸਰੀ ਵਿਚ ਤਿਆਰ ਕੀਤੀ ਜਾਵੇਗੀ।
ਉਤਰਾਖੰਡ, ( ਭਾਸ਼ਾ ) : ਉਚਾਈ ਵਾਲੇ ਜੰਗਲਾਂ ਵਿਚ ਕੁਦਰਤੀ ਤੌਰ 'ਤੇ ਉਗਣ ਵਾਲੀ ਹੈਜਲ ਗਿਰੀ ਅਤੇ ਪਿਕਨ ਗਿਰੀ ਹੁਣ ਨਰਸਰੀ ਵਿਚ ਤਿਆਰ ਕੀਤੀ ਜਾਵੇਗੀ। ਇਸ ਦੀ ਪਹਿਲ ਚਮੋਲੀ ਜਿਲ੍ਹੇ ਤੋਂ ਹੋਣ ਜਾ ਰਹੀ ਹੈ। ਹੈਜਲ ਗਿਰੀ ਦੀ ਪੌਦ ਰਾਮਣੀ ਨਰਸਰੀ ਵਿਚ ਅਤੇ ਪਿਕਨ ਗਿਰੀ ਦੀ ਪੌਦ ਕੋਠਿਆਲਸੈਂਣ ਨਰਸਰੀ ਵਿਚ ਤਿਆਰ ਕੀਤੀ ਜਾਵੇਗੀ। ਪ੍ਰਯੋਗ ਸਫਲ ਰਹਿਣ 'ਤੇ ਕਿਸਾਨਾਂ ਦੀ ਆਮਦਨੀ ਵਿਚ ਵਾਧਾ ਹੋਵੇਗਾ ਅਤੇ ਇਸ ਨੂੰ ਖਾਣ ਵਾਲਿਆਂ ਦੀ ਸਿਹਤ ਅਤੇ ਸਵਾਦ ਵਿਚ ਵੀ ਸੁਧਾਰ ਹੋਵੇਗਾ। ਉਤਰਾਖੰਡ ਦੇ ਚਮੋਲੀ,
ਪਿਥੌਰਾਗੜ੍ਹ ਅਤੇ ਉਤਰਾਕਾਸ਼ੀ ਦੇ ਉਚਾਈ ਵਾਲੇ ਇਲਾਕਿਆਂ ਵਿਚ ਕੁਦਰਤੀ ਤੌਰ 'ਤੇ ਕਪਾਸੀ ਦੇ ਦਰਖ਼ਤ ਹੁੰਦੇ ਹਨ। ਪੁਰਾਣੇ ਸਮੇਂ ਵਿਚ ਜੰਗਲ ਵਿਚ ਲਕੜੀ, ਘਾਹ ਅਤੇ ਜੰਗਲੀ ਉਪਜ ਲੈਣ ਜਾਂਦੇ ਲੋਕ ਕਪਾਸੀ ਵੀ ਘਰ ਲੈ ਆਂਦੇ ਸਨ ਅਤੇ ਇਸ ਨੂੰ ਬੜੇ ਸ਼ੌਂਕ ਨਾਲ ਖਾਂਦੇ ਸਨ। ਕਪਾਸੀ ਜਿਸ ਨੂੰ ਹੈਜਲ ਗਿਰੀ ਵੀ ਕਿਹਾ ਜਾਂਦਾ ਹੈ, ਦਾ ਉਤਪਾਦਨ ਅਮਰੀਕਾ ਅਤੇ ਦੂਜੇ ਦੇਸ਼ਾਂ ਵਿਚ ਵੱਡੀ ਗਿਣਤੀ 'ਤੇ ਹੁੰਦਾ ਹੈ। ਇਸ ਫਸਲ ਦੀ ਵਰਤੋਂ ਉਚੇਚੇ ਤੌਰ 'ਤੇ ਚਾਕਲੇਟ ਬਣਾਉਣ ਵਿਚ ਕੀਤੀ ਜਾਂਦੀ ਹੈ। ਇਸ ਦਾ ਬਜ਼ਾਰ ਵਿਚ ਮੁੱਲ 2500 ਪ੍ਰਤਿ ਕਿਲੋ ਤੋਂ ਵੱਧ ਹੈ। ਕਪਾਸੀ ਦਾ ਬੋਟੋਨਿਕਲ ਨਾਮ ਹੈਜਲ ਗਿਰੀ ਹੈ।
ਇਹ ਅਪਣੇ ਪੋਸ਼ਕ ਤੱਤਾਂ ਦੇ ਮਾਮਲੇ ਵਿਚ ਅਖਰੋਟ ਅਤੇ ਬਦਾਮ ਤੋਂ ਕਿਤੇ ਵੱਧ ਕੇ ਹੁੰਦੀ ਹੈ। ਰਾਜ ਵਿਚ ਪਹਿਲੀ ਵਾਰ ਕੌਮੀ ਬਾਗਬਾਨੀ ਮਿਸ਼ਨ ਤੋਂ 15 ਲੱਖ ਰੁਪਏ ਦੀ ਗ੍ਰਾਂਟ ਵੀ ਮਿਲ ਚੁੱਕੀ ਹੈ। ਇਸ ਗ੍ਰਾਂਟ ਨਾਲ ਰਾਮਣੀ ਨਰਸਰੀ ਦੇ 1 ਹੈਕਟੇਅਰ ਵਿਚ ਹੈਜਲ ਗਿਰੀ ਦੀ ਪੌਦ ਤਿਆਰ ਕੀਤੀ ਜਾਵੇਗੀ। ਰਾਮਣੀ ਫਾਰਮ ਵਿਖੇ ਹੈਜਲ ਗਿਰੀ ਦੇ ਬੀਜ ਸਿਰਫ ਜੰਗਲਾਤ ਵਿਭਾਗ ਦੇ ਕੋਲ ਪਹਿਲਾਂ ਤੋਂ ਹੀ ਉਪਲਬਧ ਹਨ। ਮੁਖ ਬਾਗਬਾਨੀ ਅਧਿਕਾਰੀ ਨਰਿੰਦਰ ਯਾਦਵ ਨੇ ਦੱਸਿਆ ਕਿ ਰਾਮਣੀ ਵਿਖੇ ਹੈਜਲ ਗਿਰੀ ਦੀ ਖੇਤੀ ਲਈ ਕਿਸਾਨਾਂ ਨੂੰ ਉਤਸ਼ਾਹਤ ਕੀਤਾ ਜਾ ਰਿਹਾ ਹੈ।
ਇਸ ਤੋਂ ਇਲਾਵਾ ਪਿਕਨ ਗਿਰੀ ਦੀ ਨਰਸਰੀ ਵੀ ਤਿਆਰ ਕੀਤੀ ਜਾਵੇਗੀ। ਕੋਠਿਆਲਸੈਂਣ ਵਿਖੇ 2,743 ਹੈਕਟੇਅਰ ਵਿਚ ਵਿਲੱਖਣ ਕਿਸਮ ਦੇ ਦਰਖ਼ਤ ਹਨ। ਇਸ ਵਿਚ ਪਿਕਨ ਗਿਰੀ, ਅਮਰੂਦ ਅਤੇ ਲਾਲ ਅਮਰੂਦ ਦੇ ਦਰਖ਼ਤ ਹਨ। ਨਰਿੰਦਰ ਯਾਦਵ ਦੱਸਦੇ ਹਨ ਕਿ ਮੁਖ ਵਿਕਾਸ ਅਧਿਕਾਰੀ ਹੰਸਾ ਦੱਤ ਪਾਂਡੇ ਦੀ ਪਹਿਲ 'ਤੇ ਇਸ ਨਰਸਰੀ ਵਿਚ ਪਿਕਨ ਗਿਰੀ ਸਮੇਤ ਹੋਰ ਸਾਰੇ ਫਲਾਂ ਦੇ ਦਰਖ਼ਤਾਂ ਦੀ ਨਿਗਰਾਨੀ ਵੱਲ ਵਿਸ਼ੇਸ਼ ਧਿਆਨ ਦਿਤਾ ਜਾਂਦਾ ਹੈ। ਬਾਜ਼ਾਰ ਵਿਚ ਇਸ ਦੀ ਕੀਮਤ 3000 ਰੁਪਏ ਪ੍ਰਤਿ ਕਿਲੋ ਹੈ।