ਪੰਜਾਬ ਦੀ ਕਿਸਾਨੀ ਨੂੰ ਖ਼ੁਸ਼ਹਾਲ ਕਰ ਰਹੀ ਹੈ ਪੁਦੀਨੇ ਦੀ ਕਾਸ਼ਤ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਕਣਕ ਝੋਨੇ ਦੇ ਸਥਿਰ ਹੋ ਚੁੱਕੇ ਰਵਾਇਤੀ ਫ਼ਸਲੀ ਚੱਕਰ ਦਾ ਪੱਲਾ ਛੱਡ ਵਪਾਰਕ ਫ਼ਸਲ ਪੁਦੀਨੇ (ਮੈਂਥਾ) ਦੀ ਖੇਤੀ ਅਪਨਾਉਣ ਵਾਲੇ ਜ਼ਿਲ੍ਹਾ ਮੋਗਾ ਦੇ ਕਰੀਬ ਇਕ ਹਜ਼ਾਰ ...

Farmers Showing Mint Crops

ਮੋਗਾ,  ਕਣਕ ਝੋਨੇ ਦੇ ਸਥਿਰ ਹੋ ਚੁੱਕੇ ਰਵਾਇਤੀ ਫ਼ਸਲੀ ਚੱਕਰ ਦਾ ਪੱਲਾ ਛੱਡ ਵਪਾਰਕ ਫ਼ਸਲ ਪੁਦੀਨੇ (ਮੈਂਥਾ) ਦੀ ਖੇਤੀ ਅਪਨਾਉਣ ਵਾਲੇ ਜ਼ਿਲ੍ਹਾ ਮੋਗਾ ਦੇ ਕਰੀਬ ਇਕ ਹਜ਼ਾਰ ਕਿਸਾਨ ਪਰਵਾਰ ਲਗਾਤਾਰ ਖ਼ੁਸ਼ਹਾਲੀ ਵਲ ਵਧ ਰਹੇ ਹਨ। ਕਿਸਾਨ ਇਸ ਬਹੁ ਫ਼ਸਲੀ ਖੇਤੀ ਚੱਕਰ ਨੂੰ ਅਪਣਾ ਕੇ ਇਕ ਹੀ ਖੇਤ ਵਿਚੋਂ ਸਾਲ ਵਿਚ ਤਿੰਨ ਫ਼ਸਲਾਂ ਲੈ ਕੇ ਵਧੇਰੇ ਆਮਦਨ ਪ੍ਰਾਪਤ ਕਰ ਰਹੇ ਹਨ ਅਤੇ ਪਾਣੀ ਵਰਗੇ ਅਨਮੋਲ ਕੁਦਰਤੀ ਸੋਮੇ ਦੀ ਬੱਚਤ ਦੇ ਨਾਲ-ਨਾਲ ਫ਼ਸਲ ਦੀ ਰਹਿੰਦ ਖੂਹਿੰਦ ਨੂੰ ਬਾਲਣ ਵਜੋਂ ਵਰਤ ਕੇ ਵਾਤਾਵਰਣ ਨੂੰ ਵੀ ਪਲੀਤ ਹੋਣੋ ਬਚਾਅ ਰਹੇ ਹਨ। 

ਪੁਦੀਨੇ ਦੀ ਕਾਸ਼ਤਕਾਰੀ ਨਾਲ ਜੁੜੇ ਇਨ੍ਹਾਂ ਕਿਸਾਨ ਪਰਵਾਰਾਂ ਦੀ ਖ਼ੁਸ਼ਹਾਲੀ ਦਾ ਮੁੱਢ ਉਸ ਸਮੇਂ ਬੱਝਾ ਜਦੋਂ ਪਰਮਜੀਤ ਸਿੰਘ ਡਾਲਾ ਨੇ ਇਲਾਕੇ ਦੇ ਕਿਸਾਨਾਂ ਦੀ ਖ਼ੁਸ਼ਹਾਲੀ ਦਾ ਤੋਹਫ਼ਾ ਲਿਆਉਂਦਿਆਂ ਜ਼ਿਲ੍ਹੇ ਦੇ ਪਿੰਡ ਡਾਲਾ ਵਿਖੇ ਮੈਂਥਾ ਤੇਲ ਪਲਾਂਟ ਸਥਾਪਤ ਕਰ ਕੇ ਪਿੰਡ ਦੇ ਕਿਸਾਨਾਂ ਨੂੰ ਪੁਦੀਨੇ ਦੀ ਖੇਤੀ ਨਾਲ ਜੋੜਨਾ ਸ਼ੁਰੂ ਕੀਤਾ। ਅੱਜ ਕਰੀਬ 400 ਕਿਸਾਨ ਪਰਵਾਰਾਂ ਤੋਂ ਇਲਾਵਾ ਜ਼ਿਲ੍ਹੇ ਦੇ ਕਰੀਬ 1000 ਕਿਸਾਨ ਤੇ ਮਜ਼ਦੂਰ ਪਰਵਾਰ ਪੁਦੀਨੇ ਦੀ ਕਾਸ਼ਤ ਤੋਂ ਚੋਖੀ ਕਮਾਈ ਕਰ ਰਹੇ ਹਨ।

ਡਾਲਾ ਦੇ ਮੈਂਥਾ ਤੇਲ ਪਲਾਂਟ ਤੇ ਇਲਾਕੇ ਵਿਚ ਪੁਦੀਨੇ ਦੀ ਖੇਤੀ ਬਾਰੇ ਜਾਣਕਾਰੀ ਦਿੰਦਿਆਂ ਪਲਾਂਟ ਦੇ ਸੰਚਾਲਕ ਪਰਮਜੀਤ ਸਿੰਘ ਨੇ ਦਸਿਆ ਕਿ ਕਰੀਬ 15 ਸਾਲ ਪਹਿਲਾਂ ਉਨ੍ਹਾਂ ਨੇ ਡਾਲਾ ਵਿਖੇ ਪੁਦੀਨੇ ਦਾ ਤੇਲ ਕਸੀਦਣ ਵਾਲੇ ਪਲਾਂਟ ਦੀ ਸਥਾਪਨਾ ਕਰ ਕੇ ਪਿੰਡ ਦੇ ਕਿਸਾਨਾਂ ਨੂੰ ਪੁਦੀਨੇ ਦੀ ਕਾਸ਼ਤਕਾਰੀ ਨਾਲ ਜੋੜਨ ਦੇ ਯਤਨ ਆਰੰਭੇ ਸਨ। ਉਨ੍ਹਾਂ ਦੀਆਂ ਕੀਤੀਆਂ ਕੋਸ਼ਿਸ਼ਾਂ ਤੇ ਪਲਾਂਟ ਨਾਲ ਜੁੜੇ ਕਿਸਾਨਾਂ ਦੀ ਖ਼ੁਸ਼ਹਾਲੀ ਸਦਕਾ ਹੌਲੀ-ਹੌਲੀ ਵੱਡੀ ਗਿਣਤੀ ਕਿਸਾਨ ਪੁਦੀਨੇ ਦੀ ਖੇਤੀ ਵਲ ਆਕਰਸ਼ਤ ਹੋਣ ਲੱਗੇ।

ਉਨ੍ਹਾਂ ਦਸਿਆ ਕਿ ਪੁਦੀਨੇ ਦੀਆਂ 6 ਨਵੀਆਂ ਕਿਸਮਾਂ ਇਜਾਦ ਹੋਈਆਂ ਹਨ ਜਿਨ੍ਹਾਂ ਵਿਚੋਂ ਤਿੰਨ ਦੀ ਕਾਸ਼ਤ ਪੰਜਾਬ ਵਿਚ ਕੀਤੀ ਜਾ ਰਹੀ ਹੈ ਜਿਨ੍ਹਾਂ ਦੀ ਬਿਜਾਈ ਜਨਵਰੀ ਤੇ ਕਟਾਈ ਜੂਨ ਵਿਚ ਕੀਤੀ ਜਾਂਦੀ ਹੈ। ਉਪਰੰਤ ਬਾਸਮਤੀ ਦੀ ਕਾਸ਼ਤ ਕੀਤੀ ਜਾ ਸਕਦੀ ਹੈ। ਪੁਦੀਨੇ ਦੀ ਕਾਸ਼ਤਕਾਰੀ ਸਬੰਧੀ ਜਦੋਂ ਖੇਤੀਬਾੜੀ ਵਿਕਾਸ ਅਫ਼ਸਰ ਡਾ. ਜਸਵਿੰਦਰ ਸਿੰਘ ਬਰਾੜ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਇਸ ਨੂੰ ਕਿਸਾਨੀ ਲਈ ਲਾਹੇਵੰਦ ਕਰਾਰ ਦਿੰਦਿਆਂ ਦਸਿਆ ਕਿ ਜ਼ਿਲ੍ਹੇ  ਵਿਚ ਕਿਸਾਨਾਂ ਨੇ ਮੈਂਥੇ ਦੀ ਕਾਸ਼ਤਕਾਰੀ ਨੂੰ ਵੱਡੇ ਪੱਧਰ 'ਤੇ ਅਪਣਾਇਆ ਹੈ ਤੇ ਕਰੀਬ 10 ਹਜ਼ਾਰ ਏਕੜ ਵਿਚ ਪੁਦੀਨੇ ਦੀ ਕਾਸ਼ਤ ਕੀਤੀ ਗਈ ਹੈ

ਜਦਕਿ ਸਾਰੇ ਸੂਬੇ ਵਿਚ ਸਿਰਫ਼ ਕਰੀਬ 40 ਹਜ਼ਾਰ ਏਕੜ ਰਕਬਾ ਪੁਦੀਨੇ ਦੀ ਕਾਸ਼ਤ ਅਧੀਨ ਆਇਆ ਹੈ। ਡਾ.ਬਰਾੜ ਨੇ ਦਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਸੂਬੇ ਵਿਚ ਪੁਦੀਨੇ ਦੀਆਂ ਤਿੰਨ ਕਿਸਮਾਂ ਦੀ ਖੇਤੀ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ ਜਿਨ੍ਹਾਂ ਵਿਚੋਂ ਕਿਸਾਨਾਂ ਵਲੋਂ ਕੋਸੀ ਕਿਸਮ ਨੂੰ ਤਰਜੀਹ ਦਿਤੀ ਜਾਂਦੀ ਹੈ ਜੋ ਕਾਫ਼ੀ ਲਾਹੇਵੰਦ ਕਿਸਮ ਹੈ।