ਮਿਰਚ ਦੀ ਖੇਤੀ
ਇਹ ਭਾਰਤ ਦੀ ਇਕ ਮੱਹਤਵਪੂਰਨ ਫ਼ਸਲ ਹੈ। ਮਿਰਚ ਨੂੰ ਕੜ੍ਹੀ, ਆਚਾਰ, ਚੱਟਨੀ ਅਤੇ ਹੋਰ ਸਬਜ਼ੀਆਂ ਵਿਚ ਮੁੱਖ ਤੌਰ ਤੇ ਵਰਤਿਆ ਜਾਂਦਾ ਹੈ। ਮਿਰਚ ਵਿਚ ਕੌੜਾ-ਪਣ ਕੈਪਸੇਸਿਨ ...
ਇਹ ਭਾਰਤ ਦੀ ਇਕ ਮੱਹਤਵਪੂਰਨ ਫ਼ਸਲ ਹੈ। ਮਿਰਚ ਨੂੰ ਕੜ੍ਹੀ, ਆਚਾਰ, ਚੱਟਨੀ ਅਤੇ ਹੋਰ ਸਬਜ਼ੀਆਂ ਵਿਚ ਮੁੱਖ ਤੌਰ ਤੇ ਵਰਤਿਆ ਜਾਂਦਾ ਹੈ। ਮਿਰਚ ਵਿਚ ਕੌੜਾ-ਪਣ ਕੈਪਸੇਸਿਨ ਨਾਮ ਦੇ ਇਕ ਤੱਤ ਕਰਕੇ ਹੁੰਦਾ ਹੈ, ਜਿਸ ਨੂੰ ਦਵਾਈਆਂ ਦੇ ਤੌਰ ਤੇ ਵਰਤਿਆ ਜਾ ਸਕਦਾ ਹੈ। ਮਿਰਚ ਦਾ ਮੂਲ ਸਥਾਨ ਮੈਕਸਿਕੋ ਅਤੇ ਦੂਜੇ ਦਰਜੇ ਤੇ ਗੁਆਟੇਮਾਲਾ ਮੰਨਿਆ ਜਾਂਦਾ ਹੈ। ਕੈਪਸੇਸਿਨ ਵਿਚ ਬਹੁਤ ਸਾਰੀਆਂ ਦਵਾਈਆਂ ਬਣਾਉਣ ਵਾਲੇ ਤੱਤ ਪਾਏ ਜਾਂਦੇ ਹਨ। ਖਾਸ ਤੌਰ ਤੇ ਜਿਵੇਂ ਕੈਂਸਰ ਰੋਧੀ ਅਤੇ ਤੁਰੰਤ ਦਰਦ ਦੂਰ ਕਰਨ ਵਾਲੇ ਤੱਤ ਪਾਏ ਜਾਂਦੇ ਹਨ।
ਇਹ ਖੂਨ ਨੂੰ ਪਤਲਾ ਕਰਨ ਅਤੇ ਦਿਲ ਦੀਆਂ ਬਿਮਾਰੀਆਂ ਰੋਕਣ ਵਿਚ ਵੀ ਮਦਦ ਕਰਦਾ ਹੈ। ਮਿਰਚਾਂ ਉਗਾਉਣ ਵਾਲੇ ਏਸ਼ੀਆ ਦੇ ਮੁੱਖ ਦੇਸ਼ ਭਾਰਤ, ਚੀਨ, ਪਾਕਿਸਤਾਨ, ਇੰਡੋਨੇਸ਼ੀਆ, ਕੋਰੀਆ, ਤੁਰਕੀ, ਸ਼੍ਰੀਲੰਕਾ ਆਦਿ ਹਨ। ਅਫਰੀਕਾ ਵਿਚ ਨਾਈਜੀਰੀਆ, ਘਾਨਾ, ਟੁਨਿਸ਼ੀਆ ਅਤੇ ਮਿਸਰ ਆਦਿ। ਉੱਤਰੀ ਅਤੇ ਕੇਂਦਰੀ ਅਮਰੀਕਾ ਵਿਚ ਮੈਕਸਿਕੋ, ਸੰਯੁਕਤ ਰਾਜ ਅਮਰੀਕਾ ਆਦਿ। ਯੂਰਪ ਵਿੱਚ ਯੂਗੋਸਲਾਵੀਆ, ਸਪੇਨ, ਰੋਮਾਨੀਆ, ਬੁਲਗਾਰੀਆ, ਇਟਲੀ, ਹੰਗਰੀ ਆਦਿ।
ਦੱਖਣੀ ਅਮਰੀਕਾ ਵਿਚ ਅਰਜਨਟੀਨਾ, ਪੇਰੂ, ਬ੍ਰਾਜ਼ੀਲ ਆਦਿ। ਭਾਰਤ ਸੰਸਾਰ ਵਿਚ ਮਿਰਚ ਪੈਦਾ ਕਰਨ ਵਾਲੇ ਦੇਸ਼ਾਂ ਵਿਚੋਂ ਮੁਖੀ ਦੇਸ਼ ਹੈ। ਇਸ ਤੋਂ ਬਾਅਦ ਚੀਨ ਅਤੇ ਪਾਕਿਸਤਾਨ ਦਾ ਨਾਮ ਆਉਂਦਾ ਹੈ। ਆਂਧਰਾ ਪ੍ਰਦੇਸ਼, ਮਹਾਰਾਸ਼ਟਰ, ਕਰਨਾਟਕ, ਉੜੀਸਾ, ਤਾਮਿਲਨਾਡੂ, ਬਿਹਾਰ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਮਿਰਚ ਪੈਦਾ ਕਰਨ ਵਾਲੇ ਭਾਰਤ ਦੇ ਮੁੱਖ ਰਾਜ ਹਨ।
ਮਿਰਚ ਹਲਕੀ ਤੋਂ ਭਾਰੀ ਹਰ ਤਰ੍ਹਾਂ ਦੀ ਮਿੱਟੀ ਵਿਚ ਉਗਾਈ ਜਾ ਸਕਦੀ ਹੈ। ਚੰਗੇ ਵਿਕਾਸ ਲਈ ਹਲਕੀ ਉਪਜਾਊ ਅਤੇ ਪਾਣੀ ਦੇ ਵਧੀਆ ਨਿਕਾਸ ਵਾਲੀ ਜ਼ਮੀਨ ਜਿਸ ਵਿਚ ਨਮੀਂ ਹੋਵੇ, ਇਸ ਲਈ ਢੁੱਕਵੀਂ ਹੁੰਦੀ ਹੈ। ਹਲਕੀਆਂ ਜ਼ਮੀਨਾਂ ਭਾਰੀਆਂ ਜ਼ਮੀਨਾਂ ਦੇ ਮੁਕਾਬਲੇ ਵਧੀਆ ਕੁਆਲਿਟੀ ਦੀ ਪੈਦਾਵਾਰ ਦਿੰਦੀਆਂ ਹਨ। ਮਿਰਚ ਦੇ ਚੰਗੇ ਵਿਕਾਸ ਲਈ ਜ਼ਮੀਨ ਦੀ pH 6–7 ਢੁੱਕਵੀਂ ਹੈ।
ਖੇਤ ਨੂੰ ਤਿਆਰ ਕਰਨ ਲਈ 2-3 ਵਾਰ ਵਾਹੋ ਅਤੇ ਹਰੇਕ ਵਾਹੀ ਤੋਂ ਬਾਅਦ ਡਲ਼ਿਆਂ ਨੂੰ ਤੋੜੋ। ਬਿਜਾਈ ਤੋਂ 15-20 ਦਿਨ ਪਹਿਲਾਂ ਰੂੜੀ ਦੀ ਖਾਦ 150-200 ਕੁਇੰਟਲ ਪ੍ਰਤੀ ਏਕੜ ਪਾ ਕੇ ਮਿੱਟੀ ਵਿਚ ਚੰਗੀ ਤਰ੍ਹਾਂ ਮਿਲਾ ਦਿਓ। ਖੇਤ ਵਿਚ 60 ਸੈ.ਮੀ. ਦੇ ਫਾਸਲੇ ਤੇ ਵੱਟਾਂ ਅਤੇ ਖਾਲ਼ੀਆਂ ਬਣਾਓ। ਅਜ਼ੋਸਪੀਰੀਲਮ 800 ਗ੍ਰਾਮ ਪ੍ਰਤੀ ਏਕੜ ਅਤੇ ਫਾਸਫੋਬੈਕਟੀਰੀਆ 800 ਗ੍ਰਾਮ ਪ੍ਰਤੀ ਏਕੜ ਨੂੰ ਰੂੜੀ ਦੀ ਖਾਦ ਵਿਚ ਮਿਲਾ ਕੇ ਖੇਤ ਵਿਚ ਪਾਓ।
ਨਰਸਰੀ ਲਗਾਉਣ ਦਾ ਉੱਚਿਤ ਸਮਾਂ ਅਕਤੂਬਰ ਦੇ ਅਖੀਰ ਤੋਂ ਅੱਧ-ਨਵੰਬਰ ਤੱਕ ਹੁੰਦਾ ਹੈ। ਨਰਸਰੀ ਨੂੰ 50% ਛਾਂ ਵਾਲੇ ਜਾਲ ਨਾਲ ਢੱਕ ਦਿਓ ਅਤੇ ਪਾਸਿਆਂ ਤੇ ਕੀਟ-ਪਤੰਗੇ ਰੋਕਣ ਵਾਲਾ 40/50 ਮੈੱਸ਼ ਨਾਈਲੋਨ ਦਾ ਜਾਲ ਲਗਾਓ। ਪਨੀਰੀ ਵਾਲੇ ਪੌਦੇ 30-40 ਦਿਨਾਂ ਵਿਚ (ਆਮ ਤੌਰ ਤੇ ਫਰਵਰੀ-ਮਾਰਚ) ਤਿਆਰ ਹੋ ਜਾਂਦੇ ਹਨ।