ਪ੍ਰਵਾਸੀ ਮਜ਼ਦੂਰਾਂ ਲਈ Finance Minister ਦਾ ਐਲਾਨ, MGNREGA ਵਿਚ ਮਿਲੇਗਾ ਕੰਮ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਸੰਕਟ ਦੌਰਾਨ 20 ਲੱਖ ਕਰੋੜ ਰੁਪਏ ਦੇ ਪੈਕੇਜ ਦਾ ਐਲਾਨ ਕੀਤਾ ਸੀ।
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਸੰਕਟ ਦੌਰਾਨ 20 ਲੱਖ ਕਰੋੜ ਰੁਪਏ ਦੇ ਪੈਕੇਜ ਦਾ ਐਲਾਨ ਕੀਤਾ ਸੀ। ਉਸ ਦੀ ਦੂਜੀ ਕਿਸ਼ਤ ਬਾਰੇ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਵੱਲੋਂ ਜਾਣਕਾਰੀ ਦਿੱਤੀ ਗਈ ਹੈ। ਬੁੱਧਵਾਰ ਨੂੰ MSME ਸੈਕਟਰ ਲਈ ਵੱਡੇ ਐਲਾਨ ਕੀਤੇ ਗਏ ਸੀ, ਜਿਸ ਤੋਂ ਬਾਅਦ ਹੋਰ ਸੈਕਟਰਾਂ ਲਈ ਵੀ ਐਲਾਨ ਕੀਤੇ ਜਾ ਰਹੇ ਹਨ।
ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਅੱਜ ਰਾਹਤ ਪੈਕੇਜ ਦੀ ਦੂਜੀ ਕਿਸ਼ਤ ਬਾਰੇ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ 2 ਮਹੀਨੇ ਤੱਕ ਪ੍ਰਵਾਸੀ ਮਜ਼ਦੂਰਾਂ ਨੂੰ ਅਨਾਜ ਦੀ ਮੁਫਤ ਸਪਲਾਈ ਹੋਵੇਗੀ। ਜਿਨ੍ਹਾਂ ਕੋਲ ਰਾਸ਼ਨ ਕਾਰਡ ਨਹੀਂ ਹਨ , ਉਹਨਾਂ ਨੂੰ ਵੀ 5 ਕਿਲੋ ਕਣਕ-ਚਾਵਲ, ਇਕ ਕਿਲੋ ਛੋਲੇ ਦਿੱਤੇ ਜਾਣਗੇ।
ਇਹਨਾਂ ਲਈ 3500 ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਹੈ। ਇਸ ਦਾ ਫਾਇਦਾ ਕਰੀਬ 8 ਕਰੋੜ ਮਜ਼ਦੂਰਾਂ ਨੂੰ ਮਿਲੇਗਾ। ਇਸ ਯੋਜਨਾ ਨੂੰ ਲਾਗੂ ਕਰਨ ਦੀ ਜ਼ਿੰਮੇਵਾਰੀ ਰਾਜ ਸਰਕਾਰਾਂ ਦੀ ਹੋਵੇਗੀ। ਇਸ ਦੇ ਨਾਲ ਹੀ ਸਾਰੇ ਕਰਮਚਾਰੀਆਂ ਨੂੰ ਘੱਟੋ ਘੱਟ ਵੇਜ ਦਾ ਅਧਿਕਾਰ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ।
ਸਰਕਾਰ ਨੇ ਸਾਰੇ ਕਰਮਚਾਰੀਆਂ ਦੇ ਸਲਾਨਾ ਹੈਲਥ ਚੈੱਕਅਪ ਨੂੰ ਲਾਜ਼ਮੀ ਬਣਾਉਣ ਦੀ ਯੋਜਨਾ 'ਤੇ ਵਿਚਾਰ ਕਰ ਰਹੀ ਹੈ। ਇਸ ਤੋਂ ਇਲਾਵਾ ਰਾਤ ਨੂੰ ਕੰਮ ਕਰਨ ਵਾਲੀਆਂ ਔਰਤਾਂ ਦੀ ਸੁਰੱਖਿਆ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਣਗੇ। ਵਿੱਤ ਮੰਤਰੀ ਨੇ ਕਿਹਾ ਕਿ ਘਰ ਵਾਪਸ ਪਰਤਣ ਵਾਲੇ ਪ੍ਰਵਾਸੀ ਮਜ਼ਦੂਰਾਂ ਨੂੰ ਸਹਾਇਤਾ ਦਿੱਤੀ ਜਾ ਰਹੀ ਹੈ।
ਮਨਰੇਗਾ ਦੇ ਤਹਿਤ ਉਹਨਾਂ ਨੂੰ ਰੁਜ਼ਗਾਰ ਦਿੱਤਾ ਜਾਵੇਗਾ। ਇਸ ਦਾ 2.33 ਕਰੋੜ ਲੋਕਾਂ ਨੂੰ ਫਾਇਦਾ ਹੋਵੇਗਾ। ਘੱਟੋ ਘੱਟ ਮਜ਼ਦੂਰੀ ਪਹਿਲਾਂ ਹੀ 182 ਤੋਂ ਵਧ ਕੇ 202 ਰੁਪਏ ਕੀਤੀ ਜਾ ਚੁੱਕੀ ਹੈ।
ਵਿੱਤ ਮੰਤਰੀ ਨੇ ਐਲਾਨ ਕੀਤਾ ਕਿ ਕਿਸਾਨਾਂ ਨੇ 4.22 ਲੱਖ ਕਰੋੜ ਦਾ ਕਰਜ਼ਾ ਲਿਆ ਹੈ, ਕਿਸਾਨਾਂ ਨੂੰ ਕਰਜ਼ੇ 'ਤੇ ਤਿੰਨ ਮਹੀਨੇ ਦੀ ਛੋਟ ਦਿੱਤੀ ਗਈ ਹੈ। ਇਸ ਦੇ ਨਾਲ ਹੀ 25 ਲੱਖ ਨਵੇਂ ਕਿਸਾਨ ਕ੍ਰੇਡਿਟ ਕਾਰਡ ਜਾਰੀ ਕੀਤੇ ਗਏ ਹਨ। ਇਸ ਤੋਂ ਇਲਾਵਾ ਨਾਬਾਰਡ (NABARD) ਨੇ ਗ੍ਰਾਮੀਣ ਬੈਕਾਂ ਨੂੰ 29,500 ਕਰੋੜ ਦੀ ਮਦਦ ਕੀਤੀ ਹੈ।