ਸਿਰਫ 2 ਕਿੱਲੇ ਜ਼ਮੀਨ ਨਾਲ ਖੜਾ ਕੀਤਾ "Kissan Junction''

ਏਜੰਸੀ

ਖੇਤੀਬਾੜੀ, ਸਹਾਇਕ ਧੰਦੇ

India ਦੇ ਕੋਨੇ-ਕੋਨੇ 'ਚ ਜਾ ਕੇ Collect ਕੀਤੀ Information

file Photo

ਚੰਡੀਗੜ੍ਹ : ਖੇਤੀ ਵਿਚ ਪਏ ਘਾਟੇ ਕਾਰਨ ਕਿਸਾਨ ਨਿਰਾਸ਼ ਹੋ ਜਾਂਦਾ ਹੈ। ਕਈਂ ਵਾਰੀ ਕਿਸਾਨ ਉਸ ਘਾਟੇ ਨੂੰ ਪੂਰਾ ਕਰਨ ਲਈ ਹਿੰਮਤ ਵੀ ਨਹੀਂ ਜੁਟਾ ਪਾਉਂਦਾ ਪਰ ਕਈ ਕਿਸਾਨ ਅਜਿਹੇ ਵੀ ਨੇ ਜਿਨ੍ਹਾਂ ਨੇ ਇਨ੍ਹਾਂ ਸੱਭ ਚੀਜ਼ਾਂ ਤੋਂ ਉੱਪਰ ਉੱਠ ਕੇ ਕਿਸਾਨੀ ਵਿਚ ਨਵੀਆਂ ਪੈੜਾ ਪਾਈਆਂ ਹਨ। ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ ਅਜਿਹੇ ਹੀ ਕਿਸਾਨ ਬਾਰੇ ਜਿਨ੍ਹਾਂ ਨੇ ਖੇਤੀ ਵਿਚ ਫੂਡ ਪ੍ਰਸੈਸਿੰਗ ਦਾ ਕੰਮ ਸ਼ੁਰੂ ਕਰਕੇ ਨਵੀਆਂ ਬੁਲੰਦੀਆਂ ਛੂਹੀਆਂ ਹਨ। ਉਨ੍ਹਾਂ ਦਾ ਨਾਮ ਅਮਰਜੀਤ ਸਿੰਘ ਹੈ। ਅਮਰਜੀਤ ਸਿੰਘ ਨੇ ਚੰਡੀਗੜ੍ਹ ਲੁਧਿਆਣਾ ਰੋਡ ‘ਤੇ ਕਿਸਾਨ ਜੰਕਸ਼ਨ ਨਾਮ ਦਾ ਰੈਸਟੋਰੈਂਟ ਪਾਇਆ ਹੈ ਜੋ ਕਿ ਆਪਣੀ ਉਗਾਈ ਹੋਈ ਸਬਜ਼ੀ ਇਸ ਰੈਸਟੋਰੈਂਟ ਵਿਚ ਵੇਚਦੇ ਹਨ। ਸਪੋਕਸਮੈਨ ਟੀਵੀ ਨਾਲ ਗੱਲਬਾਤ ਦੌਰਾਨ ਕਿਸਾਨ ਅਮਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਜ਼ਮੀਨ ਕੇਵਲ 2 ਕਿੱਲੇ ਹੋਣ ਕਰਕੇ ਉਹ ਲੀਜ਼ ‘ਤੇ ਜ਼ਮੀਨ ਲੈ ਕੇ 30 ਕਿੱਲਿਆ ਵਿਚ ਖੇਤੀ ਕਰਦੇ ਸਨ ਅਤੇ ਵੱਖ- ਵੱਖ ਤਰ੍ਹਾਂ ਦੀਆਂ ਫ਼ਸਲਾ ਉਗਾਉਂਦੇ ਸਨ। ਉਨ੍ਹਾਂ ਦੱਸਿਆ ਕਿ ਉਸੇ ਦੌਰਾਨ ਸਾਡਾ ‘ਪੰਜਾਬ ਐਗਰੀਕਲਚਰ ਵਿਭਾਗ’ ਨਾਲ ਵਾਹ-ਵਾਸਤਾ ਸੀ ਜਿਸ ਕਰਕੇ ਉਨ੍ਹਾਂ ਪੂਰੇ ਭਾਰਤ ਦੇ ਵੱਖ-ਵੱਖ ਸੂਬਿਆਂ ਵਿਚ ਜਾ ਕੇ ਉੱਥੋ ਦੇ ਕਿਸਾਨਾਂ ਨਾਲ ਰਾਬਤਾ ਕਾਇਮ ਕੀਤਾ ਅਤੇ ਜਾਣਿਆ ਕਿ ਉਹ ਕਿਵੇਂ ਥੋੜੀ-ਥੋੜੀ ਜ਼ਮੀਨ ਵਿਚ ਖੇਤੀ ਕਰ ਸਫ਼ਲ ਹਨ ਅਤੇ ਇਸੇ ਦੌਰਾਨ ਉਨ੍ਹਾਂ ਦੇ ਮਨ ਵਿਚ ਆਇਆ ਕਿ ਅਸੀ ਵੀ ਅਜਿਹਾ ਹੀ ਕੁੱਝ ਕਰੀਏ ।

ਉਨ੍ਹਾਂ ਨੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਉਹ ਬੈਗਲੁਰੂ ਦੇ ਇਕ ਇੰਸਟੀਚਿਊਟ ਦੀ ਨਰਸਰੀ ਵਿਚ ਟ੍ਰੇਨਿੰਗ ਕਰਕੇ ਆਏ ਅਤੇ ਵੇਖਿਆ ਕਿ ਉੱਥੇ ਇਕ ਛੋਟਾ ਜਿਹਾ ਕਿਸਾਨ ਅੱਧੇ ਕਿੱਲੇ ਵਿਚ 1500 ਫੁੱਟ ਡੂੰਘੀ ਮੋਟਰ ਦੇ ਨਾਲ ਉਹ ਡੇਢ ਇੰਚ ਪਾਣੀ ਲੈ ਰਿਹਾ ਹੈ ਜਿਸ ਨਾਲ ਉਹ ਫੁੱਲਾਂ ਦੀ ਨਰਸਰੀ ਤਿਆਰ ਕਰਦਾ ਹੈ ਅਤੇ ਉਸ ਦੀ ਸਾਲ ਦੀ 5 ਕਰੋੜ ਟਰਨ ਓਵਰ ਹੈ। ਉਨ੍ਹਾਂ ਕਿਹਾ ਕਿ ਫਿਰ ਸਾਨੂੰ ਵੀ ਲੱਗਿਆ ਕਿ ਅਸੀ ਅਜਿਹਾ ਹੀ ਕੁੱਝ ਕਰੀਏ ।

ਕਿਸਾਨ ਅਮਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਸ਼ੁਗਰ ਮਿੱਲ ਮੋਰਿੰਡੇ ਵਾਲੇ ਯਮੁਨਾਨਗਰ ਲੈ ਕੇ ਗਏ ਜਿੱਥੇ ਉਨ੍ਹਾਂ ਨੇ ਵੇਖਿਆ ਕਿ ਗੰਨੇ ਦੇ ਵਿਚ ਆਲੂ, ਕਣਕ ਅਤੇ ਲਸਣ ਲਗਾਇਆ ਹੋਇਆ ਸੀ ਅਤੇ ਇੱਥੇ ਵਾਪਸ ਆ ਕੇ ਉਨ੍ਹਾਂ ਦੇ ਕਿਸਾਨਾਂ ਵਾਲੇ ਇਕ ਗਰੁੱਪ ਨੇ ਇਸ ਵਿਸ਼ੇ ‘ਤੇ ਚਰਚਾ ਕੀਤੀ ਅਤੇ ਇਹੀ ਤਰੀਕਾ ਅਪਣਾਇਆ। ਉਨ੍ਹਾਂ ਦੱਸਿਆ ਕਿ ਫਿਰ ਅਸੀ ਅੱਧਾ-ਅੱਧਾ ਕਿੱਲਾ ਗੰਨਾ ਬੀਜ ਕੇ ਉਸ ਵਿਚ ਲਸਣ ਲਗਾਇਆ। ਜਿਸ ਨਾਲ ਉਨ੍ਹਾਂ ਨੂੰ ਚੰਗੀ ਆਮਦਨ ਆਉਣ ਲੱਗੀ ਅਤੇ ਗੰਨੇ ਅਤੇ ਲਸਣ ਦਾ ਝਾੜ ਵੀ ਚੰਗਾ ਆਉਣ ਲੱਗਿਆ। ਅਮਰਜੀਤ ਸਿੰਘ ਨੇ ਦੱਸਿਆ ਕਿ ਇਸ ਤੋਂ ਬਾਅਦ ਉਨ੍ਹਾਂ ਨੇ ਦੋ ਤੋਂ ਤਿਨ ਕਿੱਲੇ ਲਸਣ ਅਤੇ ਗੰਨੇ ਦੇ ਲਗਾਏ ਅਤੇ ਵਿਚ ਹੀ ਮਟਰ ਹਲਦੀ ਅਤੇ ਆਲੂ ਬੀਜਣੇ ਸ਼ੁਰੂ ਕੀਤੇ।

ਉਨ੍ਹਾਂ ਮੁਤਾਬਕ ਇਸ ਤਰੀਕੇ ਨਾਲ ਉਨ੍ਹਾਂ ਚੰਗੀ ਆਮਦਨ ਹੋਈ ਜਿਸ ਨਾਲ ਉਨ੍ਹਾਂ ਨੇ ਆਪਣੇ ਬੱਚੇ ਚੰਗੇ ਸੰਸਥਾਨਾ ਵਿਚ ਪੜਾਏ ਅਤੇ ਜਿੰਦਗੀ ਵਿਚ ਜ਼ਰੂਰਤ ਦੀ ਹਰ ਚੀਜ਼ ਖਰੀਦੀ। ਕਿਸਾਨ ਅਮਰਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿਚ ਡਾਂ ਰਮਨਦੀਪ ਸਿੰਘ ਜੋ ਕਿ ਕਿਸਾਨਾਂ ਨੂੰ ਬਿਜਨੈਸ ਕਰਨਾ ਸਿਖਉਂਦੇ ਹਨ ਉਨ੍ਹਾਂ ਨੇ ਡਾਕਟਰ ਰਮਨਦੀਪ ਨਾਲ ਰਾਬਤਾ ਕਾਇਮ ਕੀਤਾ ਜਿੱਥੇ ਡਾਕਟਰ ਰਮਨਦੀਪ ਸਿੰਘ ਨੇ ਉਨ੍ਹਾਂ ਨੂੰ ਔਨ ਫਾਰਮ ਮਾਰਕੀਟਿੰਗ ਦਾ ਕਾਨਸੈਪਟ ਦਿੱਤਾ ਭਾਵ ਕਿ ਜਿਸ ਵਿਚ ਕਿਸਾਨ ਖੇਤਾਂ ਵਿਚ ਸਬਜ਼ੀ, ਫਲ ਅਤੇ ਹਲਦੀ ਲਗਾਉਂਦਾ ਹੈ ਅਤੇ ਨਾਲ ਹੀ ਇਸ ਦੀ ਮਾਰਕੀਟਿੰਗ ਕਰਦਾ ਹੈ ਜਿਸ ਨਾਲ ਗ੍ਰਾਹਕ ਨੂੰ ਸ਼ੁੱਧ ਪ੍ਰੋਡਕਟ ਮਿਲਦੀ ਹੈ ਅਤੇ ਕਿਸਾਨ ਨੂੰ ਚੰਗਾ ਮੁਨਾਫ਼ਾ ਹੁੰਦਾ ਹੈ। ਇਸ ਤੋਂ ਬਾਅਦ ਅਸੀ ਕਿਸਾਨ ਜੰਕਸ਼ਨ ਬਣਾਇਆ।

ਅਮਰਜੀਤ ਅਨੁਸਾਰ ਉਹ ਮਠਿਆਈ ਦੇ ਤੌਰ ‘ਤੇ ਆਪਣੇ ਸ਼ੁੱਧ ਦੁੱਧ ਨਾਲ ਪਨੀਰ,ਦਹੀ ਅਤੇ ਖੋਹਾ ਕੱਢਦੇ ਹਨ ਤੇ ਖੋਏ ਨਾਲ ਬਰਫੀ ਬਣਾਉਂਦੇ ਹਨ ਜਿਸ ਵਿਚ ਖੰਡ ਦੀ ਥਾਂ ਗੁੜ ਪਾਇਆ ਜਾਂਦਾ ਹੈ। ਇਸੇ ਤਰ੍ਹਾਂ ਬੇਸਨ ਦੀ ਦੇਸੀ ਘਿਓ ਵਿਚ ਬੂੰਦੀ ਬਣਾ ਕੇ ਤੇ ਗੁੜ ਪਾ ਕੇ ਬਰਫੀ ਅਤੇ ਲੱਡੂ ਵੱਟਦੇ ਹਨ। ਜਿਸ ਨੂੰ ਲੋਕਾਂ ਨੇ ਕਾਫ਼ੀ ਪਸੰਦ ਕੀਤਾ ਹੈ। ਕਿਸਾਨ ਅਮਰਜੀਤ ਨੇ ਦੱਸਿਆ ਕਿ ਉਹ ਆਪਣੀ ਕਣਕ ਦਾ ਆਟਾ, ਹਲਦੀ, ਮਿਰਚਾ ਅਤੇ ਦੇਸੀ ਘੀ ਜੋ ਕਿ ਆਪਣੇ ਘਰ ਦੇ ਦੁੱਧ ਦਾ ਹੁੰਦਾ ਹੈ ਉਸ ਨੂੰ ਵੇਚਦੇ ਹਨ। ਉਨ੍ਹਾਂ ਮੁਤਾਬਕ ਗ੍ਰਾਹਕ ਨੂੰ ਸ਼ੁੱਧ ਪ੍ਰੋਡਕਟ ਦੇਣਾ ਉਨ੍ਹਾਂ ਦਾ ਮਿਸ਼ਨ ਹੈ। ਅਮਰਜੀਤ ਸਿੰਘ ਅਨੁਸਾਰ ਉਨ੍ਹਾਂ ਦਾ ਲੱਡੂ ਜੋ ਕਿ ਬਿਲਕੁੱਲ ਸ਼ੁੱਧ ਹੁੰਦਾ ਹੈ ਮਠਿਆਈ ਦੇ ਤੌਰ ਤੇ ਸੱਭ ਤੋਂ ਜ਼ਿਆਦਾ ਵਿੱਕਦਾ ਹੈ।

ਉਨ੍ਹਾਂ ਦਾ ਕਹਿਣਾ ਸੀ ਕਿ ਇਸ ਕੰਮ ਵਿਚ ਮਿਹਨਤ ਵੀ ਬਹੁਤ ਹੈ ਪਰ ਗ੍ਰਾਹਕ ਜਦੋਂ ਕੁੱਝ ਵੀ ਖਾਂਦਾ ਹੈ ਤਾਂ ਉਨ੍ਹਾਂ ਨੂੰ ਬਹੁਤ ਚੰਗਾ ਫੀਡਬੈਕ ਦਿੰਦਾ ਹੈ ਅਤੇ ਕਹਿੰਦਾ ਹੈ ਕਿ ਅਜਿਹਾ ਖਾਣਾ ਉਨ੍ਹਾਂ ਨੂੰ ਕਦੇ ਘਰ ਵਿਚ ਵੀ ਨਹੀਂ ਮਿਲਿਆ ਜਿਸ ਨਾਲ ਉਨ੍ਹਾਂ ਦੇ ਮਨ ਨੂੰ ਸੰਤੁਸ਼ਟੀ ਮਿਲਦੀ ਹੈ। ਅਮਰਜੀਤ ਸਿੰਘ ਨੇ ਦੱਸਿਆ ਕਿ ਇਸ ਕੰਮ ਨੂੰ ਸ਼ੁਰੂ ਕਰਨ ਲਈ ਉਨ੍ਹਾਂ ਨੂੰ ਲੋਨ ਤਾਂ ਨਹੀਂ ਮਿਲ ਸਕਦਾ ਸੀ ਕਿਉਂਕਿ ਜ਼ਮੀਨ ਉਨ੍ਹਾਂ ਦੇ ਪਿਤਾ ਦੇ ਨਾਮ ਸੀ ਪਰ ਸ੍ਰੀ ਧੰਨਾ ਭਗਤ ਫਾਰਮ ਕਲੱਬ ਦੇ ਮੈਂਬਰਾ ਨੇ ਉਨ੍ਹਾਂ ਨੂੰ ਇਸ ਕੰਮ ਲਈ ਪੈਸਾ ਉਧਾਰ ਦਿੱਤਾ ਅਤੇ ਇਹ ਕੰਮ ਸ਼ੁਰੂ ਕਰਨ ਤੋਂ ਬਾਅਦ ਲੇਬਰ ਵੀ ਉਸਦੀ ਪਤਨੀ ਅਤੇ ਬੱਚੇ ਸਨ ਜੋ ਕਿ ਲਸਣ ਨੂੰ ਖੁਦ ਪੁੱਟਦੇ ਸਨ ਅਤੇ ਉਹ ਅਗਲੇ ਦਿਨ ਮੰਡੀ ਵਿਚ ਵੇਚਦੇ ਸਨ। ਉਨ੍ਹਾਂ ਮੁਤਾਬਕ ਉਹ ਇਕ ਸਾਲ ਦੇ ਖਰਚੇ ਦੀ ਪਹਿਲਾਂ ਹੀ ਪੈਲਨਿੰਗ ਕਰਕੇ ਚੱਲਦੇ ਸਨ। ਤੇ ਹੁਣ ਉਹ ਆਪਣੀ ਜਿੰਦਗੀ ਵਿਚ ਕਾਫ਼ੀ ਸੰਤੁਸ਼ਟ ਹਨ।