ਇਹ ਹੈ Zero Budget ਵਾਲਾ ਡੇਅਰੀ ਫਾਰਮ, 6 ਗਾਵਾਂ ਤੋਂ ਸ਼ੁਰੂ ਕੀਤਾ ਤੇ ਹੁਣ ਪਾਲਦੇ ਹਨ 125 ਗਾਵਾਂ

ਏਜੰਸੀ

ਖੇਤੀਬਾੜੀ, ਸਹਾਇਕ ਧੰਦੇ

ਜਾਣੋ ਕਾਮਯਾਬ ਹੋਣ ਦੀ ਪੂਰੀ ਕਹਾਣੀ

Photo

ਚੰਡੀਗੜ੍ਹ : ਪੰਜਾਬ ਦਾ ਕਿਸਾਨ ਪੂਰੇ ਦੇਸ਼ ਦਾ ਪੇਟ ਭਰਦਾ ਹੈ । ਪਰ ਖੇਤੀ ਵਿਚ ਘਾਟਾ ਪੈਣ ਕਰਕੇ ਉਹ ਸਹਾਇਕ ਧੰਦੇ ਨੂੰ ਵੀ ਸ਼ੁਰੂ ਕਰਨਾ ਚਾਹੁੰਦਾ ਹੈ ਪਰ ਇਸ ਧੰਦੇ ਬਾਰੇ ਜਾਣਕਾਰੀ ਨਾਂ ਹੋਣ ਕਰਕੇ ਉਸ ਦੇ ਇਸ ਕਿੱਤੇ ਵਿਚ ਪੈਰ ਨਹੀਂ ਜੰਮਦੇ। ਅੱਜ ਤੁਹਾਨੂੰ ਦੱਸਾਗੇ ਅਜਿਹੇ ਹੀ ਇਕ ਡੈਅਰੀ ਫਾਰਮਿੰਗ ਵਿਚ ਨਾਮਨਾ ਖਟਣ ਵਾਲੇ ਕਿਸਾਨ ਜਸਪ੍ਰੀਤ ਸਿੰਘ ਬਾਰੇ ਜਿਨ੍ਹਾਂ ਨੇ ਜੀਰੋ ਬਜ਼ਟ ਡੈਅਰੀ ਫਾਰਮ ਦਾ ਉਤਪਾਦਨ ਵਧਾਉਣ ਦੇ ਨਾਲ-ਨਾਲ ਮਾਰਕੀਟਿੰਗ ਵਿਚ ਵੀ ਮੱਲਾ ਮਾਰੀਆ। ਜਸਪ੍ਰੀਤ ਸਿੰਘ ਨੇ ਸਪੋਕਸਮੈਨ ਟੀਵੀ ਨਾਲ ਗੱਲਬਾਤ ਕਰਨ ਦੌਰਾਨ ਦੱਸਿਆ ਕਿ ਉਨ੍ਹਾਂ ਨੇ 2012 ਵਿਚ ਛੇ ਬੱਛੀਆਂ ਦੇ ਨਾਲ ਡੈਅਰੀ ਫਾਰਮ ਦੀ ਸ਼ੁਰੂਆਤ ਕੀਤੀ ਸੀ ਅਤੇ ਅੱਜ ਉਨ੍ਹਾਂ ਕੋਲ 125 ਗਾਵਾਂ ਹਨ। ਜਿਨ੍ਹਾਂ ਦੀ ਨਸਲ ਗਿਰ, ਸਾਹੀਵਾਲ, ਜਰਸੀ ਅਤੇ ਐਚਐਫ ਹੈ।

ਛੇ ਗਾਵਾਂ ਤੋਂ 125 ਗਾਵਾਂ ਤੱਕ ਦੇ ਸਫ਼ਰ ਵਾਲੇ ਸਵਾਲ 'ਤੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਇਰਾਦਾ ਵੱਡਾ ਫਾਰਮ ਲਗਾਉਣ ਦਾ ਸੀ ਪਰ ਇਹ ਕੰਮ ਜਿੰਦਗੀ ਭਰ ਦਾ ਹੈ ਅਤੇ ਇਸ ਵਿਚ ਅਨੁਭਵ ਦੀ ਵੀ ਲੋੜ ਹੈ। ਜਸਪ੍ਰੀਤ ਮੁਤਾਬਕ ਉਹ ਇਹ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਅਜਿਹੇ ਲੋਕਾਂ ਨੂੰ ਮਿਲੇ ਜਿਹੜੇ ਇਸ ਧੰਦੇ ਵਿਚ ਘਾਟਾ ਖਾ ਚੁੱਕੇ ਹਨ ਅਤੇ ਉਨ੍ਹਾਂ ਤੋਂ ਇਸ ਕੰਮ ਵਿਚ ਘਾਟਾ ਪਾਉਣ ਦਾ ਕਾਰਨ ਜਾਣਿਆ। ਉਨ੍ਹਾਂ ਮੁਤਾਬਕ ਲੋਕ ਬਿਨਾਂ ਜਾਣਕਾਰੀ ਤੋਂ ਅਜਿਹੇ ਧੰਦੇ ਸ਼ੁਰੂ ਕਰਦੇ ਅਤੇ ਫਿਰ ਘਾਟਾ ਪੈਣ ਤੇ ਕਰਜਾਈ ਹੋ ਕੇ ਜ਼ਮੀਨਾਂ ਵੇਚਦੇ ਹਨ। ਕਿਸਾਨ ਅਨੁਸਾਰ ਇਸ ਲਈ ਉਨ੍ਹਾਂ ਨੇ ਛੇ ਮੱਝਾਂ ਨਾਲ ਇਹ ਕੰਮ ਸ਼ੁਰੂ ਕੀਤਾ ਤੇ ਹੋਲੀ-ਹੋਲੀ ਇਸ ਤੋਂ ਸਿੱਖਿਆ ਅਤੇ ਅੱਜ ਵੀ 125 ਗਾਵਾਂ ਤੱਕ ਪਹੁੰਚਣ 'ਤੇ ਸਿੱਖ ਰਹੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਅਗਲਾ ਟੀਚਾ 700 ਪਸ਼ੂਆ ਦੇ ਨਾਲ ਫਾਰਮ ਵਧਾਉਣਾ ਹੈ।

125 ਗਾਵਾਂ ਦੇ ਖਿਆਲ ਰੱਖਣ ਬਾਰੇ ਪੁੱਛੇ ਸਵਾਲ ਤੇ ਉਨ੍ਹਾਂ ਦੱਸਿਆ ਕਿ ਉਹ ਸਵੇਰ ਤੋਂ ਲੈ ਕੇ ਰਾਤ 9 ਵਜੇ ਤੱਕ ਫਾਰਮ ਵਿਚ ਰਹਿੰਦੇ ਹਨ। ਉਨ੍ਹਾਂ ਅਨੁਸਾਰ ਉਨ੍ਹਾਂ ਨੂੰ ਘਰ ਵਿਚ ਆਪਣੇ ਬੱਚੇ ਦੀ ਸਿਹਤ ਦਾ ਇੰਨਾ ਪਤਾ ਨਹੀਂ ਹੁੰਦਾ ਜਿੰਨਾ ਕਿ  ਆਪਣੇ ਪਸ਼ੂਆ ਬਾਰੇ ਪਤਾ ਹੁੰਦਾ ਹੈ ਕਿ ਅੱਜ ਸਾਡਾ ਕੋਈ ਪਸ਼ੂ ਬੀਮਾਰ ਤਾਂ ਨਹੀਂ ਹੈ ਜਾਂ ਉਹ ਸਿਹਤਮੰਦ ਹੈ ਜਦੋਂ ਤੱਕ ਉਨ੍ਹਾਂ ਹਾਂ ਪੱਖੀ ਰਿਪੋਰਟ ਨਹੀਂ ਮਿਲ ਜਾਂਦੀ ਉਦੋਂ ਤੱਕ ਉਹ ਚੈਨ ਦੀ ਨੀਂਦ ਨਹੀਂ ਸੌਦੇ।

ਕਿਸਾਨ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਫਾਰਮ ਪੰਜਾਬ ਦਾ ਪਹਿਲਾ ਜੈਵਿਕ ਡੈਅਰੀ ਫਾਰਮ ਰਜਿਸਟਰ ਹੈ। ਜਦੋਂ ਉਨ੍ਹਾਂ ਜੈਵਿਕ ਦੇ ਵਿਚ ਰਜਿਸਟਰਡ ਕਰਿਆ ਤਾਂ ਉਹ ਅੰਗ੍ਰੇਜੀ ਦਵਾਈਆਂ ਤੋਂ ਪਿੱਛੇ ਹੱਟੇ ਇਹ ਦਵਾਈਆਂ ਲੰਬੇ ਸਮੇਂ ਲਈ ਨੁਕਸਾਨਦਾਇਕ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਆਪਣੇ ਪਸ਼ੂਆਂ ਨੂੰ ਰਵਾਇਤੀ ਤਰੀਕੇ ਨਾਲ ਫੀਡ ਪਾਉਂਦੇ ਹਨ ਭਾਵ ਜੈਵਿਕ ਖੁਰਾਕ ਦਾ ਇਸਤਮਾਲ ਕਰਦੇ ਹਨ ਜੋ ਕਿ ਪੁਰਾਣੇ ਬਜ਼ੁਰਗ ਕਰਿਆ ਕਰਦੇ ਸਨ ਇਸ ਨਾਲ ਪਸ਼ੂ ਕਦੇ ਬਿਮਾਰ ਹੁੰਦਾ ਹੀ ਨਹੀਂ ਜੇਕਰ ਹੁੰਦਾ ਵੀ ਹੈ ਤਾਂ ਇਲਾਜ ਲਈ ਰਵਾਇਤੀ ਤਰੀਕੇ ਵਰਤਦੇ ਹਨ। ਕਿਸਾਨ ਅਨੁਸਾਰ ਉਹ ਖੇਤਾਂ ਵਿਚ ਆਪਣੇ ਪਸ਼ੂਆਂ ਲਈ ਹਲਦੀ ਉਗਾਉਂਦੇ ਹਨ ਜੋ ਕਿ ਪਸ਼ੂਆਂ ਨੂੰ ਪਾਉਂਦੇ ਹਨ ਜਿਸ ਨਾਲ ਪਸ਼ੂਆਂ ਨੂੰ ਲੱਗਣ ਵਾਲੀ ਹਰ ਬੀਮਾਰੀ ਤੋਂ ਬਚਾਅ ਹੁੰਦਾ ਹੈ।

ਜਸਪ੍ਰੀਤ ਸਿੰਘ ਮੁਤਾਬਕ ਉਹ ਗਾਵਾਂ ਨੂੰ ਪ੍ਰੈਗਨੇਟ ਹੋਣ ਵੇਲੇ ਉਨ੍ਹਾਂ ਲਈ ਬਣਾਏ ਕੱਚੇ ਏਰੀਏ ਵਿਚ ਛੱਡ ਦਿੰਦੇ ਹਨ ਤਾਂ ਕਿ ਉਹ ਇਕ ਦੂਜੇ ਦੇ ਸੱਟ ਨਾ ਮਾਰਨ। ਅਤੇ ਪ੍ਰੈਗਨੇਟ ਹੋਣ 'ਤੇ ਢਾਈ ਮਹੀਨੇਂ ਪਹਿਲਾ ਉਸ ਦਾ ਦੁੱਧ ਛੱਡਣਾ ਪੈਦਾ ਹੈ। ਉਨ੍ਹਾਂ ਮੁਤਾਬਕ ਜਦੋਂ ਗਾਂ ਸੂਅ ਜਾਂਦੀ ਹੈ ਤਾਂ ਉਸ ਨੂੰ ਜਵੈਨ, ਮੇਥੀ, ਸੂੰਹ ਦੇ ਕਾੜੇ ਬਣਾ ਕੇ ਦਿੰਦੇ ਹਨ। ਜਿਸ ਨਾਲ 15 ਦਿਨਾਂ ਵਿਚ ਗਾਂ ਪੂਰੀ ਤਰ੍ਹਾਂ ਰਿਕਵਰੀ ਕਰਨੀ ਸ਼ੁਰੂ ਕਰਦੀ ਹੈ। ਕਿਸਾਨ ਨੇ ਦੱਸਿਆ ਕਿ ਉਨ੍ਹਾਂ ਦਾ ਫਾਰਮ ਬਿਲਕੁੱਲ ਜੈਵਿਕ ਹੈ ਅਤੇ ਖੇਤਾ ਵਿਚ ਉਗਾਈ ਝਰੀ, ਬਾਜਰਾਂ ਆਦਿ ਪਸ਼ੂਆਂ ਨੂੰ ਪਾਉਂਦੇ ਹਨ ਭਾਵ ਹਰ ਤਰ੍ਹਾਂ ਦਾ ਜੈਵਿਕ ਚੀਜ ਪਸ਼ੂਆਂ ਨੂੰ ਪਾਈ ਜਾਂਦੀ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਪਸ਼ੂਆਂ ਦੇ ਦੁੱਧ ਨਾਲ ਉਹ ਸ਼ੁੱਧ ਦਹੀ,ਲੱਸੀ ਪਨੀਰ ਅਤੇ ਮਠਿਆਈਆਂ ਬਣਾਉਦੇ ਹਨ।

ਡੈਅਰੀ ਕਿਸਾਨ ਦੇ ਦੱਸਿਆ ਕਿ ਪਸ਼ੂਆਂ ਦੇ ਗੋਬਰ ਅਤੇ ਪਿਸ਼ਾਬ ਲਈ ਸ਼ਿਵਰੇਜ ਸਿਸਟਮ ਬਣਾਇਆ ਹੋਇਆ ਹੈ ਜਿਸ ਨਾਲ ਗੈਸ ਵੀ ਬਣਦੀ ਹੈ ਅਤੇ ਜਦੋਂ ਉਹ ਗੋਹਾ ਚਾਲੀ ਦਿਨ ਬਾਅਦ ਬਾਹਰ ਨਿਕਲਦਾ ਹੈ ਤਾਂ ਉਹ ਖੇਤਾਂ ਵਿਚ ਵਰਤ ਲਿਆ ਜਾਂਦਾ ਹੈ। ਇਸ ਲਈ ਉਨ੍ਹਾਂ ਦਾ ਜੀਰੋ ਬਜਟ ਫਾਰਮ ਹੈ ਅਤੇ ਉਹ ਕੁੱਝ ਵੀ ਵੇਸਟ ਨਹੀਂ ਜਾਂਣ ਦਿੰਦੇ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਪਨੀਰ ਦਾ ਪਾਣੀ ਵੀ ਆਪਣੇ ਪਸ਼ੂਆਂ ਲਈ ਵਰਤਦੇ ਹਨ ਜੋ ਕਿ ਹਾਈਪ੍ਰੋਟੀਨ ਹੁੰਦਾ ਹੈ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਤੁਸੀ ਆਪਣੇ ਗ੍ਰਾਹਕ ਨੂੰ ਵਿਸ਼ਵਾਸ਼ ਕਿਵੇਂ ਦਵਾਉਂਦੇ ਹੋ ਕਿ ਤੁਹਾਡਾ ਦੁੱਧ ਪੂਰੀ ਤਰ੍ਹਾਂ ਜੈਵਿਕ ਹੈ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਇਸ ਦੇ ਲਈ ਸਰਟੀਫਿਕੇਸ਼ਨ ਕਰਵਾਇਆ ਹੋਇਆ ਹੈ। ਅਤੇ ਉਨ੍ਹਾਂ ਦਾ ਆਪਣਾ ਆਊਟਲੈਟ ਹੈ 'ਤੇ ਹੋਲ ਨਾਈਨ ਔਰਗੈਨੀਕ ਦੇ ਨਾਮ 'ਤੇ ਉਨ੍ਹਾਂ ਦਾ ਦੁੱਧ ਆਉਂਦਾ ਹੈ ਜੋ ਕਿ ਟ੍ਰਾਈਸਿਟੀ ਵਿਚ ਵਿੱਕਦਾ ਹੈ।

ਉਨ੍ਹਾਂ ਨੇ ਲੋਕਾਂ ਦੇ ਡੈਅਰੀ ਫਾਰਮ ਜਲਦੀ ਬੰਦ ਹੋ ਜਾਣ ਦਾ ਕਾਰਨ ਅਧੂਰੀ ਜਾਣਕਾਰੀ ਨੂੰ ਦੱਸਿਆ ਅਤੇ ਇਹ ਵੀ ਸਲਾਹ ਦਿੱਤੀ ਕਿ ਜੇਕਰ ਕਿਸੇ ਨੂੰ ਇਹ ਕੰਮ ਸ਼ੁਰੂ ਕਰਨਾ ਹੈ ਤਾਂ ਉਹ ਛੋਟੇ ਪੱਧਰ ਤੋਂ ਸ਼ੁਰੂ ਕਰੇ। ਉਨ੍ਹਾਂ ਨੇ ਆਪਣੇ 700 ਗਾਵਾਂ ਦੇ ਅਗਲੇ ਟੀਚੇ ਬਾਰੇ ਗੱਲ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਦਾ ਇਕ ਮੈਗਾਵਾਟ ਬਿਜਲੀ ਲਗਾਉਣ ਦਾ ਪਲਾਨ ਹੈ ਅਤੇ ਗੋਹੇ ਅਤੇ ਪਿਸ਼ਾਬ ਨਾਲ ਬਣਨ ਵਾਲੀ ਗੈਸ ਨਾਲ ਹੀ ਬਿਜਲੀ ਪੈਦਾ ਕੀਤੀ ਜਾਵੇਗੀ। ਜਸਪ੍ਰੀਤ ਸਿੰਘ ਨੇ ਦੱਸਿਆ ਉਨ੍ਹਾਂ ਕੋਲ ਰੋਜ਼ ਦਾ 800 ਤੋਂ 900 ਲੀਟਰ ਦੁੱਧ ਦਾ ਉਤਪਾਦਨ ਹੈ ਜੋ ਕਿ ਪੂਰੀ ਤਰ੍ਹਾਂ ਸ਼ੁੱਧ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਡੈਅਰੀ ਵਿਚ ਸੱਭ ਤੋਂ ਵੱਡਾ ਰਿਸਕ ਮਿਲਾਵਟੀ ਕੰਮ ਹੈ ਕਿਉਂਕਿ ਬਜ਼ਾਰ ਵਿਚ ਮਿਲਾਵਟ ਜਿਆਦਾ ਵੱਧ ਗਈ ਹੈ ਉਨ੍ਹਾਂ ਨੇ ਕਿਹਾ ਕਿ ਸਰਕਾਰ ਨੂੰ ਇਸ ਚੀਜ ਤੇ ਨਕੇਲ ਕਸਨ ਦੀ ਲੋੜ ਤਾਂ ਜੋਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੋਣਾ ਬੰਦ ਹੋ ਜਾਵੇ। ਜਸਪ੍ਰੀਤ ਨੇ ਦੱਸਿਆ ਕਿ ਜੇਕਰ ਮਿਲਾਵਟੀ ਕੰਮ ਬੰਦ ਹੋ ਜਾਵੇਗਾ ਤਾਂ ਫਾਰਮ ਆਪਣੇ-ਆਪ ਕਾਮਯਾਬ ਹੋ ਜਾਣਗੇ।