ਆਮਦਨ ਵਿਚ ਵਾਧੇ ਲਈ ਕਿਸਾਨ ਸਹਾਇਕ ਧੰਦੇ ਅਪਣਾਉਣ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਪੰਜਾਬ ਸਰਕਾਰ ਪੰਜਾਬ ਦੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਅਕਸਰ ਸਹਾਇਕ ਧੰਦਿਆਂ...

Got Farm

ਚੰਡੀਗੜ੍ਹ: ਪੰਜਾਬ ਸਰਕਾਰ ਪੰਜਾਬ ਦੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਅਕਸਰ ਸਹਾਇਕ ਧੰਦਿਆਂ ਦਾ ਜ਼ਿਕਰ ਕਰਦੀ ਰਹਿੰਦੀ ਹੈ ਕਿ ਉਹ ਖੇਤੀ ਦੇ ਨਾਲ-ਨਾਲ ਸਹਾਇਕ ਧੰਦੇ ਕਰਨ ਤਾਂ ਜੋ ਉਨ੍ਹਾਂ ਦੀ ਆਮਦਨ ਵਿਚ ਵਾਧਾ ਹੋ ਸਕੇ ਅਤੇ ਦੋ ਫ਼ਸਲਾਂ ਕਣਕ-ਝੋਨੇ ਦੇ ਫਾਰਮੂਲੇ ਤੋਂ ਵੀ ਕਿਸਾਨਾ ਵਰਗ ਦਾ ਖਹਿੜਾ ਛੁੱਟ ਸਕੇ। ਆਖਰ ਕਿਉਂ ਨਹੀਂ ਸਹਾਇਕ ਧੰਦੇ ਕਾਮਯਾਬ ਹੋ ਰਹੇ? ਕੀ ਕਰਾਨ ਹੈ ਕਿ ਇਨ੍ਹਾਂ ਵਿਚ ਮੁਨਾਫ਼ਾ ਨਹੀਂ ਹੋ ਰਿਹਾ? ਅਤੇ ਲੋਕ ਇਹ ਧੰਦੇ ਕਿਉਂ ਨਹੀਂ ਅਪਨਾ ਰਹੇ?

ਬੱਕਰੀਆਂ ਅਤੇ ਭੇਡਾਂ ਪਾਲਣ ਦਾ ਕੰਮ

ਪੰਜਾਬ ਅੰਦਰ ਭੇਡ-ਬੱਕਰੀਆਂ ਪਾਲਣ ਦੇ ਕਾਰੋਬਾਰ ਲਈ ਤੁਹਾਨੂੰ ਘੱਟ ਤੋਂ ਘੱਟ 50 ਤੋਂ 100 ਦੇ ਕਰੀਬ ਇਹ ਜਾਨਵਰ ਚਾਹੀਦੇ ਹਨ। ਇੰਨੇ ਜਾਨਵਰ ਹੋਣ ਉਤੇ ਤਾਂ ਹੀ ਮੁਨਾਫ਼ਾ ਕਮਾਇਆ ਸਕੇਗਾ। ਪੰਜਾਬ ਅੰਦਰ ਜ਼ਿਆਦਾਤਰ ਗ਼ਰੀਬ ਅਤੇ ਦਲਿਤ ਵਰਗ ਹੀ ਭੇਡ-ਬੱਕਰੀਆਂ ਚਾਰਨ ਦਾ ਕੰਮ ਕਰਦਾ ਹੈ। ਜਦਕਿ ਪੰਜਾਬ ਅੰਦਰ ਕਿਤੇ ਵੀ ਚਾਰਗਾਹਾਂ ਨਹੀਂ ਹਨ। ਭੇਡ-ਬੱਕਰੀਆਂ ਚਾਰਨ ਲਈ ਕਿਤੇ ਕੋਈ ਜਗ੍ਹਾ ਨਹੀਂ। ਰਾਜਸਥਾਨ ਵਰਗੇ ਸੂਬਿਆਂ ਵਿਚ ਭੇਡਾਂ ਬੱਕਰੀਆਂ ਚਾਰਨ ਲਈ ਬਹੁਤ ਸਾਰੀ ਜਗ੍ਹਾ ਹੈ। ਪੰਜਾਬ ਅੰਦਰ ਸਾਰੀ ਜ਼ਮੀਨ ਉਪਜਾਊ ਹੈ ਇਸ ਲਈ ਇੱਥੇ ਪਸ਼ੂਆਂ ਨੂੰ ਚਾਰਨ ਲਈ ਕੋਈ ਜਗ੍ਹਾ ਨਹੀਂ ਹੈ ਜਿਸ ਕਰਕੇ ਲੋਕ ਭੇਡਾਂ-ਬੱਕਰੀਆਂ ਪਾਲਣ ਦੇ ਕੰਮ ਤੋਂ ਕਤਰਾ ਰਹੇ ਹਨ। ਇਸ ਦੇ ਨਾਲ ਹੀ ਡਾਕਟਰੀ ਸਹੂਲਤਾਂ ਵੀ ਨਾਮਾਤਰ ਹਨ।

ਮੱਛੀ ਪਾਲਣ ਦਾ ਧੰਦਾ

ਮੱਛੀ ਪਾਲਣ ਦਾ ਧੰਦਾ ਜ਼ਿਆਦਾਤਰ ਕਿਸਾਨ ਵੀਰ ਹੀ ਕਰ ਸਕਦੇ ਹਨ ਕਿਉਂਕਿ ਇਸ ਲਈ ਤਿੰਨ ਤੋਂ ਚਾਰ ਏਕੜ ਜ਼ਮੀਨ ਦੀ ਲੋੜ ਹੁੰਦੀ ਹੈ ਜੋ ਕਿ ਆਮ ਕਿਸਾਨਾ ਪਰਵਾਰਾਂ ਕੋਲ ਹੀ ਹੁੰਦੀ ਹੈ। ਪੰਜਾਬ ਅੰਦਰ ਮੱਛੀ ਦੀ ਲਾਗਤ ਜ਼ਿਆਦਾ ਨਹੀਂ ਹੈ ਪਰ ਫਿਰ ਵੀ ਮੱਛੀ ਪਾਲਣ ਦਾ ਧੰਦਾ ਵੀ ਲਾਹੇਵੰਦ ਸਾਬਤ ਨਹੀਂ ਹੋ ਸਕਿਆ ਕਿਉਂਕਿ ਨਾ ਤਾਂ ਪੰਜਾਬ ਅੰਦਰ ਮੱਛੀ ਦੀ ਜ਼ਿਆਦਾ ਖ਼ਪਤ ਹੈ ਤੇ ਨਾ ਹੀ ਜ਼ਿਆਦਾ ਖਰੀਦਦਾਰ ਹਨ।

ਪੋਲਟਰੀ ਫਾਰਮ ਅਤੇ ਮੁਰਗੀ ਪਾਲਣ

ਮੁਰਗੀ ਪਾਲਣ ਦਾ ਧੰਦਾ ਪੰਜਾਬ ਅੰਦਰ ਕੁੱਲ ਮਿਲਾ ਕੇ ਵਧੀਆ ਚੱਲ ਰਿਹਾ ਹੈ ਪਰ ਇਸ ਵਿਚ ਵੀ ਕੁਝ ਮੁੱਠੀ ਭਰ ਲੋਕਾਂ ਨੇ ਹੀ ਕਬਜ਼ਾ ਜਮਾਇਆ ਹੋਇਆ ਹੈ। ਪੰਜਾਬ ਵਿਚ ਪਿੰਡ ਪੱਧਰ ‘ਤੇ ਛੋਟੇ ਵਪਾਰੀਆਂ ਵੱਲੋਂ ਮੁਰਗੀ ਫਾਰਮ ਬਣਾਏ ਗਏ ਸਨ ਜੋ ਬਹੁਤੇ ਕਾਮਯਾਬ ਨਹੀਂ ਹੋ ਸਕੇ ਕਿਉਂਕਿ ਉਨ੍ਹਾਂ ਨੂੰ ਇਸ ਧੰਦੇ ਬਾਰੇ ਜਾਣਕਾਰੀ ਬਹੁਤ ਘੱਟ ਸੀ ਮੁਰਗੀਆਂ ਦੀ ਡਾਕਟਰੀ ਸਹਾਇਤਾ ਤੇ ਜਾਂਚ ਸਬੰਧੀ ਜਾਣਕਾਰੀ ਨਾ ਹੋਣ ਕਾਰਨ ਅਤੇ ਮੁਰਗੀਆਂ ਵਿਚ ਫੈਲਣ ਵਾਲੀਆਂ ਬਿਮਾਰੀਆਂ ਕਾਰਨ ਜਦੋਂ ਵੱਡੀ ਗਿਣਤੀ ਵਿਚ ਮੁਰਗੀਆਂ ਮਰ ਜਾਂਦੀਆਂ ਹਨ ਤਾਂ ਮੁਰਗੀ ਪਾਲਕਾਂ ਵਿਚ ਨਿਰਾਸ਼ਾ ਛਾ ਜਾਂਦੀ ਹੈ ਤੇ ਅਤੇ ਉਹ ਮੁਰਗੀ ਪਾਲਣ ਦਾ ਕੰਮ ਛੱਡਣ ਲਈ ਮਜਬੂਰ ਹੋ ਜਾਂਦੇ ਹਨ।