ਸਰਕਾਰ ਵਲੋਂ ਗਾਵਾ ਅਸਟੇਟ ਲਈ ਸਵਾ ਕਰੋੜ ਦੀ ਪਹਿਲੀ ਕਿਸ਼ਤ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਪੰਜਾਬ ਦੇ ਕਿਸਾਨਾਂ ਨੂੰ ਕਣਕ ਤੇ ਝੋਨੇ ਦੇ ਰਵਾਇਤੀ ਫ਼ਸਲੀ ਚੱਕਰ ਵਿਚੋਂ ਕੱਢ ਕੇ ਉਹਨਾਂ ਦੀ ਆਮਦਨ ਵਿੱਚ ਚੋਖਾ ਵਾਧਾ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ...

Guava Farming

ਪਟਿਆਲਾ : ਪੰਜਾਬ ਦੇ ਕਿਸਾਨਾਂ ਨੂੰ ਕਣਕ ਤੇ ਝੋਨੇ ਦੇ ਰਵਾਇਤੀ ਫ਼ਸਲੀ ਚੱਕਰ ਵਿਚੋਂ ਕੱਢ ਕੇ ਉਹਨਾਂ ਦੀ ਆਮਦਨ ਵਿੱਚ ਚੋਖਾ ਵਾਧਾ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਹਿਲ ਕਦਮੀ 'ਤੇ ਪੰਜਾਬ ਸਰਕਾਰ ਵਲੋਂ ਪਟਿਆਲਾ ਜ਼ਿਲ੍ਹੇ ਦੇ ਪਿੰਡ ਵਜੀਦਪੁਰ ਵਿਖੇ ਕਰੀਬ 4 ਕਰੋੜ ਰੁਪਏ ਦੀ ਲਾਗਤ ਨਾਲ 25 ਏਕੜ ਰਕਬੇ ਵਿੱਚ ਅਮਰੂਦਾਂ ਦਾ ਖੋਜ ਕੇਂਦਰ ਸਥਾਪਿਤ ਕੀਤਾ ਜਾ ਰਿਹਾ ਹੈ। ਗਾਵਾ ਅਸਟੇਟ ਦੇ ਨਾਮ ਨਾਲ ਜਾਣੇ ਜਾਂਦੇ ਇਸ ਪ੍ਰੋਜੈਕਟ ਲਈ ਸਰਕਾਰ ਵੱਲੋਂ ਸਵਾ ਕਰੋੜ ਰੁਪਏ ਜਾਰੀ ਵੀ ਕਰ ਦਿੱਤੇ ਗਏ ਹਨ।

ਸਰਕਾਰ ਵੱਲੋਂ ਸਥਾਪਿਤ ਕੀਤੇ ਜਾ ਰਹੇ ਇਸ ਅਮਰੂਦ ਖੋਜ ਕੇਂਦਰ ਵਿੱਚ ਚੰਗੀ ਕਿਸਮ ਦੇ ਅਮਰੂਦਾਂ  ਜਿਹਨਾਂ ਵਿੱਚ ਇਲਾਹਾਬਾਦੀ ਸਫੇਦਾ, ਐਲ-49, ਲਖਨਊ-49, ਸਵੇਤਾ, ਪੰਜਾਬ ਸਫੇਦਾ, ਪੰਜਾਬ ਕਿਰਨ, ਪੰਜਾਬ ਆਰਕਾ ਅਮੂਲਿਆ  ਅਤੇ  ਪੰਜਾਬ ਪਿੰਕ ਵਰਗੀਆਂ ਕਿਸਮਾਂ 'ਤੇ ਖੋਜ ਕਰਕੇ ਇਹਨਾਂ ਦੇ ਮਦਰ ਪਲਾਂਟਾਂ ਤੋਂ ਹੋਰ ਬੂਟੇ ਤਿਆਰ ਕੀਤੇ ਜਾਣਗੇ। ਜਿੱਥੇ ਬਾਗ ਲਾਉਣ ਦੇ ਚਾਹਵਾਨ ਕਿਸਾਨਾਂ ਨੂੰ  ਮਿੱਟੀ ਦੀ ਕਿਸਮ ਅਨੁਸਾਰ ਢੁਕਵੀਂ ਵਰਾਇਟੀ ਦੇ ਬੂਟੇ ਉਹਨਾਂ ਨੂੰ ਇਸ ਨਰਸਰੀ 'ਚ ਤਿਆਰ ਕਰਕੇ ਵਾਜਬ ਰੇਟਾਂ 'ਤੇ ਸਪਲਾਈ ਕੀਤੇ ਜਾਣਗੇ।

ਇਸ ਖੋਜ ਕੇਂਦਰ ਰਾਹੀਂ ਜਿੱਥੇ ਕਿਸਾਨਾਂ ਨੂੰ ਅਮਰੂਦਾਂ ਦੀ ਚੰਗੀ ਕਿਸਮ ਦੇ ਤੰਦਰੁਸਤ ਬੂਟੇ ਬਹੁਤ ਹੀ ਵਾਜਬ ਮੁੱਲ 'ਤੇ ਮੁਹੱਈਆ ਕਰਵਾਏ ਜਾਣਗੇ ਉੱਥੇ ਹੀ ਉਹਨਾਂ ਨੂੰ ਬਾਗ ਲਗਾਉਣ ਸਬੰਧੀ ਤਕਨੀਕੀ ਸਿਖਲਾਈ ਵੀ ਮੁਹੱਈਆ ਕਰਵਾਈ ਜਾਵੇਗੀ। ਬਾਗਬਾਨੀ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ: ਸਵਰਨ ਸਿੰਘ ਮਾਨ ਨੇ ਦੱਸਿਆ ਕਿ ਕੌਮੀ ਬਾਗਬਾਨੀ ਮਿਸ਼ਨ ਅਧੀਨ ਪੰਜਾਬ ਸਰਕਾਰ ਵੱਲੋਂ ਸਰਕਾਰੀ ਬਾਗ ਤੇ ਫਰੂਟ ਨਰਸਰੀ ਵਜੀਦਪੁਰ ਵਿਖੇ ਬਣਾਈ ਜਾ ਰਹੀ ਅਮਰੂਦਾਂ ਦੀ ਅਸਟੇਟ ਦਾ ਮਕਸਦ ਅਮਰੂਦਾਂ ਦੇ ਪ੍ਰਤੀ ਏਕੜ ਝਾੜ ਵਿੱਚ ਵਾਧਾ ਕਰਨਾ, ਪ੍ਰਤੀ ਯੂਨਿਟ ਰਕਬੇ ਦੇ ਲਾਭ ਵਿੱਚ ਵਾਧਾ ਕਰਨਾ, ਵਧੀਆ ਕੁਆਲਟੀ ਦਾ ਪਲਾਂਟਿੰਗ ਮਟੀਰੀਅਲ ਤਿਆਰ ਕਰਨਾ, ਅਮਰੂਦ ਫ਼ਸਲ ਦੇ ਰਕਬੇ ਵਿੱਚ ਵਾਧਾ ਕਰਨਾ, ਦੂਰ ਦੀਆਂ ਮੰਡੀਆਂ ਵਿੱਚ ਮਾਰਕੀਟਿੰਗ ਕਰਨ ਲਈ ਸਹੂਲਤਾਂ ਦੇਣਾ ਅਤੇ ਇਸ ਦੇ ਫਲ ਦੀ ਪ੍ਰੋਸੈਸਿੰਗ ਕਰਨ ਸਬੰਧੀ ਉਦਯੋਗਾਂ ਵਿੱਚ ਵਾਧਾ ਕਰਨਾ ਸ਼ਾਮਿਲ ਹੈ।

ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਸ ਖੋਜ ਕੇਂਦਰ ਨੂੰ ਸਫ਼ਲਤਾਪੂਰਵਕ ਚਲਾਉਣ ਲਈ ਡਿਪਟੀ ਡਾਇਰੈਕਟਰ ਬਾਗਬਾਨੀ, ਬਾਗਬਾਨੀ ਵਿਕਾਸ ਅਫ਼ਸਰ, ਲੀਡ ਬੈਂਕ, ਪੈਗਰੈਕਸੋ, ਪੰਜਾਬ ਮੰਡੀ ਬੋਰਡ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦਾ ਨੁਮਾਇੰਦਾ ਅਤੇ 10 ਸਫ਼ਲ ਕਿਸਾਨ ਪ੍ਰਬੰਧਕੀ ਕਮੇਟੀ ਵਿੱਚ ਸ਼ਮਿਲ ਕੀਤੇ ਗਏ ਹਨ। ਇਸ ਪ੍ਰਬੰਧਕੀ ਕਮੇਟੀ ਨੂੰ ਸਰਕਾਰ ਵੱਲੋਂ ਛੇਤੀ ਹੀ ਪ੍ਰਵਾਨਗੀ ਦੇ ਦਿੱਤੀ ਜਾਵੇਗੀ।

ਉਹਨਾਂ ਦੱਸਿਆ ਕਿ ਇਸ ਸਮੇਂ ਪਟਿਆਲਾ ਜ਼ਿਲ੍ਹੇ ਵਿੱਚ 960 ਹੈਕਟੇਅਰ ਰਕਬੇ ਵਿੱਚ ਅਮਰੂਦਾਂ ਦੀ ਕਾਸ਼ਤ ਹੋ ਰਹੀ ਹੈ ਜਿੱਥੇ ਸਫ਼ਲ ਕਿਸਾਨਾਂ ਵੱਲੋਂ 22 ਹਜ਼ਾਰ 70 ਮੀਟਰਿਕ ਟਨ ਅਮਰੂਦ ਦੀ ਪੈਦਾਵਾਰ ਕਰਕੇ ਪੰਜਾਬ ਸਮੇਤ ਦੇਸ਼ ਦੀਆਂ ਕਈ ਵੱਡੀਆਂ ਮੰਡੀਆਂ ਵਿੱਚ ਅਮਰੂਦ ਭੇਜਿਆ ਜਾ ਰਿਹਾ ਹੈ। ਜਿਸ ਨਾਲ ਕਿਸਾਨਾਂ ਦੀ ਆਮਦਨ ਵਿੱਚ ਭਾਰੀ ਵਾਧਾ ਹੋ ਰਿਹਾ ਹੈ।

ਡਿਪਟੀ ਡਾਇਰੈਕਟਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਵਜੀਦਪੁਰ ਵਿਖੇ ਸ਼ੁਰੂ ਕੀਤੇ ਜਾ ਰਹੇ ਇਸ ਪ੍ਰੋਜੈਕਟ ਵਿੱਚ ਬਾਗਬਾਨੀ ਦੇ ਸੰਦ ਜਿਵੇਂ ਕਿ ਮਕੈਨੀਕਲ ਸਪਰੇ ਪੰਪ, ਰੋਟਾਵੇਟਰ, ਡਿੱਗਰ, ਚੋਪਰ, ਲੇਜ਼ਰ ਲੈਵਲਰ ਅਤੇ ਕੀੜੇਮਾਰ ਦਵਾਈਆਂ ਆਦਿ ਵਾਜ਼ਿਬ ਕੀਮਤਾਂ 'ਤੇ ਕਿਸਾਨਾਂ ਨੂੰ ਮੁਹੱਈਆ ਕੀਤੇ ਜਾਣਗੇ। ਇਸ ਪ੍ਰੋਜੈਕਟ ਦਾ ਵੱਖਰਾ ਟੈਕਨੀਕਲ ਸਟਾਫ ਹੋਵੇਗਾ ਜੋ ਕਿ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਇਸ ਸਬੰਧੀ ਜਾਣਕਾਰੀ ਦੇਵੇਗਾ।

ਇਸ ਪ੍ਰੋਜੈਕਟ ਵਿੱਚ ਮਿੱਟੀ ਅਤੇ ਪੱਤੇ ਟੈਸਟ ਕਰਨ ਸਬੰਧੀ ਲੈਬਾਰਟਰੀ ਅਤੇ ਇੱਕ ਪੋਲੀ ਕਲੀਨਿੰਗ ਲੈਬ ਹੋਵੇਗੀ, ਜਿੱਥੇ ਵੱਖ-ਵੱਖ ਪ੍ਰਕਾਰ ਦੇ ਕੀੜੇ ਮਕੌੜਿਆਂ ਅਤੇ ਬਿਮਾਰੀਆਂ ਦੇ ਇਲਾਜ਼ ਸਬੰਧੀ ਤਕਨੀਕੀ ਜਾਣਕਾਰੀ ਦਿੱਤੀ ਜਾਵੇਗੀ। ਡਾ: ਮਾਨ ਨੇ ਦੱਸਿਆ ਕਿ ਅਮਰੂਦਾਂ ਦਾ ਇਹ ਖੋਜ ਕੇਂਦਰ ਪਟਿਆਲਾ ਜ਼ਿਲ੍ਹੇ ਦੇ ਨਾਲ-ਨਾਲ ਪੰਜਾਬ ਭਰ ਦੇ ਕਿਸਾਨਾਂ ਲਈ ਵਰਦਾਨ ਸਾਬਿਤ ਹੋਵੇਗਾ।