ਬਾਗ਼ਬਾਨੀ ਅਤੇ ਜੰਗਲਾਤੀ ਫ਼ਸਲਾਂ ਬੀਜਣ ਵਾਲੇ ਕਿਸਾਨ ਅਪਣਾਉਣ ਸ਼ਹਿਦ ਮੱਖੀ ਪਾਲਣ ਦਾ ਕਿੱਤਾ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਭਾਰਤ ਵਿਚ 500 ਲੱਖ ਹੈਕਟੇਅਰ ਜ਼ਮੀਨ ’ਤੇ ਹੋਣ ਵਾਲੀ ਫ਼ਸਲ ਪਰ-ਪਰਾਗਣ ਲਈ ਸ਼ਹਿਦ ਦੀਆਂ ਮੱਖੀਆਂ ’ਤੇ ਨਿਰਭਰ ਹੈ।

Horticulture and forestry cropping farmers adopt honey beekeeping profession

 

ਬਾਗ਼ਬਾਨੀ ਤੇ ਜੰਗਲਾਤੀ ਫ਼ਸਲਾਂ ਬੀਜਣ ਵਾਲੇ ਕਿਸਾਨ ਸ਼ਹਿਦ ਦੀ ਮੱਖੀ ਪਾਲਣ ਦਾ ਕਿੱਤਾ ਬਹੁਤ ਆਸਾਨੀ ਨਾਲ ਅਪਣਾ ਸਕਦੇ ਹਨ। ਸ਼ਹਿਦ ਦੀਆਂ ਮੱਖੀਆਂ ਦੇ ਬਕਸੇ ਨਾਸ਼ਪਾਤੀ, ਆੜੂ, ਅਲੂਚਾ, ਲੀਚੀ, ਬੇਰ, ਅਮਰੂਦ, ਨਿੰਬੂ ਜਾਤੀ ਦੇ ਬੂਟੇ, ਸ਼ਹਿਦ ਦੀਆਂ ਮੱਖੀਆਂ ਪਾਲਣ ਤੋਂ ਭਾਵ ਮੱਖੀਆਂ ਨੂੰ ਛੱਤਿਆਂ ਵਾਲੇ ਲੱਕੜ ਦੇ ਬਕਸਿਆਂ ’ਚ ਪਾਲਣਾ ਹੈ। ਉਨ੍ਹਾਂ ਪਾਸੋਂ ਸ਼ਹਿਦ ਤੇ ਹੋਰ ਪਦਾਰਥ ਲੈਣੇ ਅਤੇ ਫ਼ਸਲਾਂ ਦੇ ਪਰਪਰਾਗਣ ਲਈ ਉਨ੍ਹਾਂ ਵਾਸਤੇ ਲੋੜੀਂਦੇ ਪ੍ਰਬੰਧ ਕਰਨਾ ਹੈ। ਪੰਜਾਬ ਵਿਚ ਦੂਜੇ ਸੂਬਿਆਂ ਨਾਲੋਂ ਸ਼ਹਿਦ ਦੀਆਂ ਮੱਖੀਆਂ ਦੇ ਕਾਫ਼ੀ ਜ਼ਿਆਦਾ ਕਟੁੰਬ ਪਾਲੇ ਜਾਂਦੇ ਹਨ ਪਰ ਜੇਕਰ ਪੰਜਾਬ ’ਚ ਮਿਲਣ ਵਾਲੇ ਕੁਲ ਫੁੱਲ-ਫੁਲਾਕੇ ’ਤੇ ਝਾਤ ਮਾਰੀ ਜਾਵੇ ਤਾਂ ਇਸ ਉਪਰ ਮੱਖੀਆਂ ਦੇ 12 ਲੱਖ ਕਟੁੰਬ ਪਾਲੇ ਜਾ ਸਕਦੇ ਹਨ ਜੋ ਮੌਜੂਦਾ ਸਮੇਂ ਪਾਲੇ ਜਾ ਰਹੇ ਕਟੁੰਬਾਂ ਨਾਲੋਂ ਕਾਫ਼ੀ ਘੱਟ ਹਨ।

 

ਬਾਗ਼ਬਾਨੀ ਤੇ ਜੰਗਲਾਤੀ ਫ਼ਸਲਾਂ ਬੀਜਣ ਵਾਲੇ ਕਿਸਾਨ ਸ਼ਹਿਦ ਦੀ ਮੱਖੀ ਪਾਲਣ ਦਾ ਕਿੱਤਾ ਬਹੁਤ ਆਸਾਨੀ ਨਾਲ ਅਪਣਾ ਸਕਦੇ ਹਨ। ਸ਼ਹਿਦ ਦੀਆਂ ਮੱਖੀਆਂ ਦੇ ਬਕਸੇ ਨਾਸ਼ਪਾਤੀ, ਆੜੂ, ਅਲੂਚਾ, ਲੀਚੀ, ਬੇਰ, ਅਮਰੂਦ, ਨਿੰਬੂ ਜਾਤੀ ਦੇ ਬੂਟੇ, ਸੇਬ, ਬਾਦਾਮ, ਟਾਹਲੀ, ਸਫ਼ੈਦਾ ਆਦਿ ਦੇ ਬਾਗ਼ਾਂ ’ਚ ਰੱਖੇ ਜਾ ਸਕਦੇ ਹਨ। ਇਨ੍ਹਾਂ ਫ਼ਸਲਾਂ ਦਾ ਇਕ ਏਕੜ ਦਾ ਫੁੱਲ-ਫੁਲਾਕਾ 2-3 ਬਕਸਿਆਂ ਨੂੰ ਆਸਾਨੀ ਨਾਲ ਪਾਲ ਸਕਦਾ ਹੈ। ਨਾਸ਼ਪਾਤੀ, ਆੜੂ, ਅਲੂਚਾ ਆਦਿ ਦੇ ਬਾਗ਼ਾਂ ਵਿਚ ਬਕਸਿਆਂ ਨੂੰ ਗਰਮੀਆਂ ਵਿਚ ਛਾਵੇਂ ਅਤੇ ਸਰਦੀਆਂ ਵਿਚ ਧੁੱਪੇ ਰੱਖਣ ਦੀ ਲੋੜ ਨਹੀਂ ਪੈਂਦੀ ਕਿਉਂਕਿ ਇਨ੍ਹਾਂ ਬਾਗ਼ਾਂ ਦੇ ਬੂਟੇ ਸਰਦੀਆਂ ’ਚ ਅਪਣੇ ਪੱਤੇ ਝਾੜ ਦਿੰਦੇ ਹਨ ਅਤੇ ਧੁੱਪ ਲਈ ਰੁਕਾਵਟ ਨਹੀਂ ਬਣਦੇ।

 

ਭਾਰਤ ਵਿਚ 500 ਲੱਖ ਹੈਕਟੇਅਰ ਜ਼ਮੀਨ ’ਤੇ ਹੋਣ ਵਾਲੀ ਫ਼ਸਲ ਪਰ-ਪਰਾਗਣ ਲਈ ਸ਼ਹਿਦ ਦੀਆਂ ਮੱਖੀਆਂ ’ਤੇ ਨਿਰਭਰ ਹੈ। ਸੇਬ ਵਿਚ ਪਰ-ਪਰਾਗਣ ਪੂਰੀ ਤਰ੍ਹਾਂ ਸ਼ਹਿਦ ਦੀਆਂ ਮੱਖੀਆਂ ’ਤੇ ਨਿਰਭਰ ਹੈ। ਇਨ੍ਹਾਂ ਦੀ ਗ਼ੈਰ-ਮੌਜੂਦਗੀ ’ਚ ਸੇਬ ਦੇ ਦਰੱਖ਼ਤਾਂ ’ਤੇ ਫੁੱਲ ਤਾਂ ਆਉਣਗੇ ਪਰ ਇਹ ਫਲ ਵਿਚ ਤਬਦੀਲ ਨਹੀਂ ਹੋ ਪਾਉਣਗੇ। ਸ਼ਹਿਦ ਦੀਆਂ ਮੱਖੀਆਂ ਫੁੱਲਾਂ ਤੋਂ ਨੈਕਟਾਰ ਅਤੇ ਪੋਲਨ ਇਕੱਠਾ ਕਰਦੀਆਂ ਹਨ। ਇਸ ਦੇ ਬਦਲੇ ਉਹ ਪਰਾਗਣ ਕਰ ਕੇ ਫੱਲਾਂ ਦੀ ਉਪਜ ’ਚ ਵਾਧਾ ਕਰਦੀਆਂ ਹਨ। ਇਸ ਲਈ ਸ਼ਹਿਦ ਦੀਆਂ ਮੱਖੀਆਂ ਪਾਲਣ ਦੇ ਧੰਦੇ ਦੀ ਕਾਮਯਾਬੀ ਉਸ ਇਲਾਕੇ ਵਿਚ ਮੌਜੂਦ ਫੁੱਲਾਂ ’ਤੇ ਨਿਰਭਰ ਕਰਦੀ ਹੈ। ਖ਼ੁਰਾਕ ਇਕੱਠੀ ਕਰਨ ਲਈ ਸ਼ਹਿਦ ਦੀਆਂ ਮੱਖੀਆਂ ਫਲਦਾਰ ਬੂਟਿਆਂ ਦੀਆਂ 26 ਕਿਸਮਾਂ ਅਤੇ ਜੰਗਲਾਤੀ ਰੁੱਖਾਂ ਦੀਆਂ 9 ਕਿਸਮਾਂ ਦੇ ਫੁੱਲਾਂ ਉਪਰ ਜਾਂਦੀਆਂ ਹਨ।

 

ਬਾਗ਼ਬਾਨੀ ਵਿਚ ਆੜੂ ਉਪਰ ਫ਼ਰਵਰੀ-ਮਾਰਚ ’ਚ, ਨਾਸ਼ਪਤੀ ਉਪਰ ਮਾਰਚ ਮਹੀਨੇ, ਅਲੂਚੇ ਦੇ ਬੂਟਿਆਂ ਉਪਰ ਮਾਰਚ ਵਿਚ, ਕਿੰਨੂ ’ਤੇ ਮਾਰਚ, ਲੀਚੀ ਉਪਰ ਮਾਰਚ-ਅਪ੍ਰੈਲ ਅਤੇ ਅਮਰੂਦ ਦੇ ਬੂਟਿਆਂ ਉੱਪਰ ਮਈ-ਜੂਨ ਅਤੇ ਸਤੰਬਰ-ਅਕਤੂਬਰ ਵਿਚ ਫੁਲ ਲਗਦੇ ਹਨ। ਇਸੇ ਤਰ੍ਹਾਂ ਟਾਹਲੀ ਦੇ ਰੁੱਖ ਉਪਰ ਅਪ੍ਰੈਲ ’ਚ ਅਤੇ ਸਫ਼ੈਦੇ ਦੇ ਰੁੱਖਾਂ ਉਪਰ ਨਵੰਬਰ ਅਤੇ ਅਪੈ੍ਰਲ ਵਿਚ ਫੁੱਲ ਲਗਦੇ ਹਨ। ਇਸ ਤੋਂ ਜ਼ਾਹਰ ਹੈ ਕਿ ਬਸੰਤ ਰੁੱਤ ਵਿਚ ਸੱਭ ਤੋਂ ਵੱਧ ਤਰ੍ਹਾਂ ਦਾ ਫੁੱਲ-ਫੁਲਾਕਾ ਪ੍ਰਾਪਤ ਹੁੰਦਾ ਹੈ।

 

ਫ਼ਰਵਰੀ ਤੋਂ ਸ਼ੁਰੂ ਹੋ ਕੇ ਸ਼ਹਿਦ ਦੀਆਂ ਮੱਖੀਆਂ ਸਫ਼ੈਦਾ, ਆੜੂ, ਨਾਸ਼ਪਤੀ ਆਦਿ ਦੇ ਫੁੱਲਾਂ ਤੋਂ ਖ਼ੁਰਾਕ ਇਕੱਠੀ ਕਰਦੀਆਂ ਹਨ। ਇਹ ਸੋਮੇ ਮੱਖੀਆਂ ਲਈ ਬਰੂਡ ਪਾਉਣ ’ਚ ਸਹਾਈ ਹੁੰਦੇ ਹਨ। ਬਾਅਦ ਵਿਚ ਮੱਖੀਆਂ ਬਰਸੀਮ ਤੋਂ ਸ਼ਹਿਦ ਇਕੱਠਾ ਕਰਦੀਆਂ ਹਨ। ਮਾਰਚ ਮਹੀਨੇ ਵਿਚ ਸਫ਼ੈਦੇ ਤੋਂ ਇਕੱਠਾ ਕੀਤਾ ਸ਼ਹਿਦ ਵੀ ਕਟੁੰਬਾਂ ਵਿਚੋਂ ਕਢਿਆ ਜਾ ਸਕਦਾ ਹੈ। ਸ਼ਿਵਾਲਿਕ ਦੀਆਂ ਪਹਾੜੀਆਂ ਟਾਹਲੀ, ਸਫ਼ੈਦਾ, ਕੜੀ ਪੱਤਾ, ਬਸੂਟੀ ਆਦਿ ਤੋਂ ਵੀ ਵਾਧੂ ਸ਼ਹਿਦ ਕਢਿਆ ਜਾ ਸਕਦਾ ਹੈ। ਉਹ ਥਾਂ, ਜਿਥੇ ਸਾਰਾ ਸਾਲ ਫੁੱਲ-ਫੁਲਾਕਾ, ਤਾਜ਼ਾ ਪਾਣੀ, ਘੱਟ ਤੋਂ ਘੱਟ ਖੜਕਾ ਅਤੇ ਟ੍ਰੈਕਟਰ ਟਰਾਲੀ ਆਦਿ ਪਹੁੰਚਣ ਦੀ ਸੌਖ ਹੋਵੇ, ਸ਼ਹਿਦ ਦੀਆਂ ਮੱਖੀਆਂ ਪਾਲਣ ਲਈ ਬੇਹੱਦ ਢੁਕਵੀਂ ਹੈ। ਥਾਂ ਪੱਧਰੀ, ਸਾਫ਼ ਹੋਵੇ ਅਤੇ ਬਰਸਾਤ ਰੁੱਤੇ ਉੱਚੀ ਤੇ ਹਵਾਦਾਰ ਹੋਵੇ ਤਾਕਿ ਕਟੁੰਬਾਂ ਨੂੰ ਬਰਸਾਤ ਦੇ ਪਾਣੀ ਅਤੇ ਵਧੇਰੇ ਨਮੀ ਤੋਂ ਬਚਾਇਆ ਜਾ ਸਕੇ। ਬਕਸੇ ਗਰਮੀਆਂ ਵਿਚ ਛਾਵੇਂ ਤੇ ਸਰਦੀਆਂ ਵਿਚ ਧੁੱਪੇ ਰੱਖੋ। ਬਕਸਿਆਂ ਦੇ ਦਰਵਾਜ਼ੇ ਦੱਖਣ-ਪੂਰਬੀ ਦਿਸ਼ਾ ’ਚ ਰੱਖੇ ਜਾਣ। ਇਸ ਤਰ੍ਹਾਂ ਮੱਖੀਆਂ ਸਵੇਰੇ ਕੰਮ ਲਈ ਜਲਦੀ ਨਿਕਲ ਜਾਂਦੀਆਂ ਹਨ ਅਤੇ ਦੇਰ ਤਕ ਕੰਮ ਕਰਦੀਆਂ ਹਨ।

ਪੰਜਾਬ ਵਿਚ ਸ਼ਹਿਦ ਦੀਆਂ ਮੱਖੀਆਂ ਪਾਲਣ ਦੀ ਸ਼ੁਰੂਆਤ ਲਈ ਦੋ ਢੁਕਵੇ ਸਮੇਂ ਫ਼ਰਵਰੀ-ਮਾਰਚ ਅਤੇ ਅਕਤੂਬਰ-ਨਵੰਬਰ ਹਨ। ਫ਼ਰਵਰੀ-ਮਾਰਚ ਜ਼ਿਆਦਾ ਢੁਕਵਾਂ ਹੈ ਕਿਉਂਕਿ ਇਸ ਸਮੇਂ ਫੁੱਲ-ਫੁਲਾਕਾ ਕਾਫ਼ੀ ਹੁੰਦਾ ਹੈ ਅਤੇ ਮੌਸਮ ਵੀ ਸੁਖਾਵਾਂ ਹੁੰਦਾ ਹੈ। ਸ਼ਹਿਦ ਦੀਆਂ ਮੱਖੀਆਂ ਦੇ ਕਟੁੰਬ ਕਿਸੇ ਰਜਿਸਟਰਡ ਸ਼ਹਿਦ ਮੱਖੀ ਪਾਲਕ ਕੋਲੋਂ ਹੀ ਖ਼ਰੀਦੋ। ਖ਼ਿਆਲ ਰੱਖੋ ਕਿ ਪੂਰੇ ਭਰੇ ਹੋਏ ਚਾਰ ਫ਼ਰੇਮਾਂ ਤੋਂ ਘੱਟ ਮੱਖੀਆਂ ਨਾ ਹੋਣ। ਰਾਣੀ ਮੱਖੀ ਗਰਭਵਤੀ ਹੋਵੇ। ਲੋੜੀਂਦੀ ਮਾਤਰਾ ’ਚ ਸ਼ਹਿਦ ਅਤੇ ਪੌਲਨ ਹੋਣਾ ਲਾਜ਼ਮੀ ਹੈ। ਆਂਡੇ ਸਹੀ, ਸੈੱਲਾਂ ਦੇ ਹੇਠਾਂ, ਵਿਚਕਾਰ ਅਤੇ ਹਰ ਸੈੱਲ ਵਿਚ ਇਕ-ਦੋ ਜ਼ਰੂਰ ਹੋਣ। ਠੀਕ ਥਾਂ ਤੇ ਲਿਜਾ ਕੇ ਬਕਸਿਆਂ ਨੂੰ ਘੱਟੋ ਘੱਟ 8 ਫੁੱਟ ਦੂਰੀ ਦੀਆਂ ਕਤਾਰਾਂ ਵਿਚ ਬਕਸੇ ਤੋਂ ਬਕਸੇ ਦੀ ਦੂਰੀ 6 ਫੁੱਟ ਰੱਖ ਕੇ ਟਿਕਾਉ। ਜੇ ਬਕਸਿਆਂ ਨੂੰ ਦੋ ਜਾਂ ਇਸ ਤੋਂ ਵੱਧ ਕਤਾਰਾਂ ’ਚ ਰਖਣਾ ਪਵੇ ਤਾਂ ਦੂਸਰੀ ਕਤਾਰ ਦੇ ਬਕਸੇ ਇਸ ਤਰ੍ਹਾਂ ਰੱਖੋ ਕਿ ਇਹ ਪਹਿਲੀ ਕਤਾਰ ’ਚ ਰੱਖੇ ਬਕਸਿਆਂ ਦੇ ਵਿਚਕਾਰ ਆ ਜਾਣ।

ਪੱਕਿਆ ਹੋਇਆ, ਸੀਲ ਬੰਦ ਸ਼ਹਿਦ ਹੀ ਫ਼ਰੇਮਾਂ ਵਿਚੋਂ ਕੱਢੋ। ਪੱਕੇ ਹੋਏ ਸ਼ਹਿਦ ’ਚ ਪਾਣੀ ਦੀ ਮਾਤਰਾ 17 ਫ਼ੀ ਸਦੀ ਹੁੰਦੀ ਹੈ। ਪੱਕਾ ਸ਼ਹਿਦ ਜਲਦੀ ਖ਼ਰਾਬ ਨਹੀ ਹੁੰਦਾ। ਫ਼ਰੇਮ ਵਿਚੋਂ ਸ਼ਹਿਦ ਕੱਢਣ ਲਈ ਸੈੱਲਾਂ ਦੀਆਂ ਟੋਪੀਆਂ ਚਾਕੂ ਨਾਲ ਤੋੜੋ ਤੇ ਸ਼ਹਿਦ ਕੱਢਣ ਵਾਲੀ ਮਸ਼ੀਨ ਦੀ ਵਰਤੋਂ ਕਰੋ। ਇਸ ਨਾਲ ਫ਼ਰੇਮ ਟੁਟਦੇ ਨਹੀਂ ਅਤੇ ਦੁਬਾਰਾ ਵਰਤੇ ਜਾ ਸਕਦੇ ਹਨ। ਸ਼ਹਿਦ ਦੀਆਂ ਮੱਖੀਆਂ ਦੇ ਕਟੁੰਬਾਂ ਤੋਂ ਸ਼ਹਿਦ ਦੇ ਇਲਾਵਾ ਮੋਮ, ਰਾਇਲ ਜੈਲੀ, ਪ੍ਰਪੋਲਿਸ, ਪਰਾਗ ਅਤੇ ਸ਼ਹਿਦ ਦੀ ਮੱਖੀ ਦਾ ਜ਼ਹਿਰ ਵੀ ਮਿਲਦਾ ਹੈ। ਰਾਇਲ ਜੈਲੀ ਤੇ ਮੱਖੀਆਂ ਦੇ ਜ਼ਹਿਰ ਦੀ ਅੰਤਰਰਾਸ਼ਟਰੀ ਮੰਡੀ ’ਚ ਭਾਰੀ ਮੰਗ ਹੋਣ ਕਾਰਨ ਵੱਧ ਕੀਮਤ ’ਤੇ ਵਿਕਦੇ ਹਨ। ਮੱਖੀਆਂ ਦੇ ਕਟੁੰਬ ਦੀ ਕੀਮਤ 4 ਹਜ਼ਾਰ ਰੁਪਏ ਪ੍ਰਤੀ ਕਟੁੰਬ ਹੈ। ਇਸ ਤਰ੍ਹਾਂ ਮੱਖੀਆਂ ਦੇ ਕਟੁੰਬ ਵੇਚ ਕੇ ਵੀ ਆਮਦਨ ’ਚ ਵਾਧਾ ਕੀਤਾ ਜਾ ਸਕਦਾ ਹੈ।