ਕਣਕ ਦੀ ਬਿਜਾਈ ਦੇ ਅਧੀਨ ਕਿਸਾਨਾਂ ਨੂੰ ਵੱਡਾ ਝਟਕਾ, ਡੀਏਪੀ ਦੀ ਕੀਮਤ ਵਿਚ ਭਾਰੀ ਵਾਧਾ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਸਰਕਾਰ ਨੇ ਕਿਸਾਨਾਂ ਨੂੰ ਵੱਡਾ ਝਟਕਾ ਦਿੱਤਾ ਹੈ। ਕੇਂਦਰ ਨੇ ਡੀਏਪੀ ਖਾਦ ਦੇ ਥੈਲੇ ਦੀ ਕੀਮਤ ਵਿੱਚ 140 ਰੁਪਏ ਦਾ ਵਾਧਾ ਕੀਤਾ ਗਿਆ...

Wheat

ਚੰਡੀਗੜ੍ਹ (ਪੀਟੀਆਈ) : ਸਰਕਾਰ ਨੇ ਕਿਸਾਨਾਂ ਨੂੰ ਵੱਡਾ ਝਟਕਾ ਦਿੱਤਾ ਹੈ। ਕੇਂਦਰ ਨੇ ਡੀਏਪੀ ਖਾਦ ਦੇ ਥੈਲੇ ਦੀ ਕੀਮਤ ਵਿੱਚ 140 ਰੁਪਏ ਦਾ ਵਾਧਾ ਕੀਤਾ ਗਿਆ ਹੈ। ਹੁਣ ਇਹ 1250 ਰੁਪਏ ਤੋਂ 1390 ਰੁਪਏ ਹੋ ਗਿਆ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਸਿਰਫ਼ ਡੀਏਪੀ ਖਾਦ ਮਹਿੰਗੀ ਕਰਨ ਨਾਲ ਹੀ ਪੰਜਾਬ ਦੇ ਕਿਸਾਨਾਂ 'ਤੇ ਸਵਾ 200 ਕਰੋੜ ਰੁਪਏ ਦਾ ਵਾਧੂ ਵਿੱਤੀ ਬੋਝ ਪਵੇਗਾ। ਹਾੜ੍ਹੀ ਦੀਆਂ ਫਸਲਾਂ ਦੀ ਬਿਜਾਈ ਤੋਂ ਪਹਿਲਾਂ ਡੀਏਪੀ ਖਾਦ ਦੀ ਕੀਮਤ ਵਿੱਚ ਭਾਰੀ ਵਾਧਾ ਕਿਸਾਨਾਂ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਇਸ ਵਾਧੇ ਨਾਲ ਕਿਸਾਨਾਂ ਨੂੰ ਡੀਏਪੀ ਖਾਦ ਦਾ ਥੈਲਾ ਹੁਣ 140 ਰੁਪਏ ਮਹਿੰਗਾ ਮਿਲੇਗਾ।

ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਡਾਇਰੈਕਟਰ ਵੱਲੋਂ ਪੰਜਾਬ ਦੇ ਸਮੂਹ ਜ਼ਿਲ੍ਹਾ ਮੁੱਖ ਖੇਤੀਬਾੜੀ ਅਫਸਰਾਂ ਨੂੰ 3 ਅਕਤੂਬਰ 2018 ਨੂੰ ਕੱਢੇ ਪੱਤਰ ਵਿੱਚ ਦੱਸਿਆ ਗਿਆ ਹੈ ਕਿ 50 ਕਿੱਲੋ ਦੇ ਡੀਏਪੀ ਖਾਦ ਦੇ ਥੈਲੇ ਦਾ ਰੇਟ 1250 ਰੁਪਏ ਤੋਂ ਵਧ ਕੇ 1390 ਰੁਪਏ ਹੋ ਗਿਆ ਹੈ। ਸਰਕਾਰ ਦਾ ਦਾਅਵਾ ਹੈ ਕਿ ਡੀਏਪੀ ਖਾਦ ਵੱਡੀ ਮਾਤਰਾ ਵਿੱਚ ਵਿਦੇਸ਼ ਤੋਂ ਮੰਗਵਾਈ ਜਾਂਦੀ ਹੈ ਅਤੇ ਇਸ ਕਰ ਕੇ ਡਾਲਰ ਦੇ ਮੁਕਾਬਲੇ ਰੁਪਏ ਦੇ ਕਮਜ਼ੋਰ ਹੋਣ ਨੂੰ ਕੀਮਤ ਵਧਣ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਡਾਇਰੈਕਟਰ ਨੇ ਹਦਾਇਤ ਕੀਤੀ ਹੈ ਕਿ ਕਿਸਾਨਾਂ ਨੂੰ ਥੈਲੇ ਉੱਤੇ ਪ੍ਰਿੰਟ ਰੇਟ ਅਨੁਸਾਰ ਖਾਦ ਵੇਚਣੀ ਯਕੀਨੀ ਬਣਾਈ ਜਾਵੇ।

 

ਪੰਜਾਬ ਦੀ ਮੁੱਖ ਫਸਲ ਕਣਕ, ਆਲੂ, ਗੰਨਾ ਅਤੇ ਹੋਰ ਫਸਲਾਂ ਵਿੱਚ ਡੀਏਪੀ ਖਾਦ ਦੀ ਵਰਤੋਂ ਹੁੰਦੀ ਹੈ। ਪੰਜਾਬ ਵਿੱਚ ਲਗਭਗ 8 ਲੱਖ ਟਨ ਡੀਏਪੀ ਖਾਦ ਦੀ ਖ਼ਪਤ ਹੈ। ਇਸ ਤਰ੍ਹਾਂ 140 ਰੁਪਏ ਥੈਲੇ ਦੇ ਵਧੇ ਰੇਟ ਮੁਤਾਬਿਕ ਕਿਸਾਨਾਂ ਉੱਤੇ ਕਰੀਬ 224 ਕਰੋੜ ਰੁਪਏ ਦਾ ਵਾਧੂ ਬੋਝ ਪਵੇਗਾ। ਸੂਤਰਾਂ ਅਨੁਸਾਰ ਸਰਕਾਰ ਦੇ ਨਵੇਂ ਰੇਟ ਮੁਤਾਬਿਕ ਡੀਏਪੀ ਖਾਦ ਦਾ ਥੈਲਾ 1390 ਰੁਪਏ ਵਿੱਚ ਵੇਚਿਆ ਜਾਵੇਗਾ ਪਰ ਇਸ ਤੋਂ ਪਹਿਲਾਂ ਹੀ ਬਾਜ਼ਾਰ ਵਿੱਚ 1250 ਰੁਪਏ ਪ੍ਰਿੰਟ ਰੇਟ ਵਾਲੀ ਖਾਦ ਵੱਡੀ ਮਾਤਰਾ ਵਿੱਚ ਮੌਜੂਦ ਹੈ। ਸਰਕਾਰ ਨੇ ਨਵੇਂ ਫੈਸਲੇ ਨਾਲ ਵਪਾਰੀ ਅਤੇ ਖੇਤੀ ਅਧਿਕਾਰੀ ਹੱਥ ਰੰਗ ਲੈਣਗੇ ਪਰ ਕਰਜ਼ੇ ਦੇ ਬੋਝ ਹੇਠ ਦੱਬਿਆ ਕਿਸਾਨ ਬੁਰੀ ਤਰ੍ਹਾਂ ਫਸਿਆ ਮਹਿਸੂਸ ਕਰੇਗਾ।